ਟੈਗੋਰ ਇੰਟਰਨੈਸ਼ਨਲ ਸਕੂਲ ’ਚ ਮਨਾਇਆ ਟੈਗੋਰ ਜੈਅੰਤੀ ਦਿਵਸ
ਟੈਗੋਰ ਇੰਟਰਨੈਸ਼ਨਲ ਸਕੂਲ ਅਕਬਰਪੁਰ ਵਿਖੇ ਮਨਾਇਆ ਗਿਆ ਟੈਗੋਰ ਜੈਯੰਤੀ ਦਿਵਸ
Publish Date: Fri, 08 May 2026 05:16 PM (IST)
Updated Date: Fri, 08 May 2026 05:17 PM (IST)

ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਟੈਗੋਰ ਇੰਟਰਨੈਸ਼ਨਲ ਸਕੂਲ ਅਕਬਰਪੁਰ ਅਫਗਾਨਾਂ ਵਿਖੇ ਮਹਾਨ ਕਵੀ, ਦਰਸ਼ਨਿਕ, ਸਾਹਿਤਕਾਰ ਅਤੇ ਨੋਬਲ ਪੁਰਸਕਾਰ ਜੇਤੂ ਰਬਿੰਦਰ ਨਾਥ ਟੈਗੋਰ ਜੀ ਦੀ ਜੈਅੰਤੀ ਬਡ਼ੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ। ਇਸ ਵਿਸ਼ੇਸ਼ ਮੌਕੇ ਤੇ ਸਕੂਲ ਵਿੱਚ ਵਿਦਿਆਰਥੀਆਂ ਵੱਲੋਂ ਕਵਿਤਾ ਉਚਾਰਨ, ਭਾਸ਼ਣ ਅਤੇ ਸੱਭਿਆਚਾਰਕ ਗਤੀਵਿਧੀਆਂ ਪੇਸ਼ ਕੀਤੀਆਂ ਗਈਆਂ। ਵਿਦਿਆਰਥੀਆਂ ਨੇ ਟੈਗੋਰ ਜੀ ਦੇ ਜੀਵਨ, ਉਨ੍ਹਾਂ ਦੀਆਂ ਰਚਨਾਵਾਂ ਤੇ ਮਨੁੱਖਤਾ ਪ੍ਰਤੀ ਉਨ੍ਹਾਂ ਦੇ ਅਮੂਲ ਯੋਗਦਾਨ ਬਾਰੇ ਜਾਣਕਾਰੀ ਸਾਂਝੀ ਕੀਤੀ। ਸਮਾਗਮ ਦੌਰਾਨ ਵਿਦਿਆਰਥੀਆਂ ਨੇ ਟੈਗੋਰ ਜੀ ਦੀਆਂ ਪ੍ਰਸਿੱਧ ਕਵਿਤਾਵਾਂ ਦਾ ਸੁੰਦਰ ਉਚਾਰਨ ਕਰਦੇ ਹੋਏ ਸਭ ਨੂੰ ਮੰਤਰਮੁਗਧ ਕਰ ਦਿੱਤਾ। ਬੱਚਿਆਂ ਨੇ “ਜਿੱਥੇ ਮਨ ਡਰ ਤੋਂ ਮੁਕਤ ਹੋਵੇ” ਵਰਗੇ ਉੱਚ ਆਦਰਸ਼ਾਂ ਨੂੰ ਆਪਣੇ ਸ਼ਬਦਾਂ ਰਾਹੀਂ ਬਡ਼ੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ। ਸਕੂਲ ਦਾ ਮਾਹੌਲ ਸਾਹਿਤਕ ਅਤੇ ਆਧਿਆਤਮਿਕ ਰੰਗ ਵਿੱਚ ਰੰਗਿਆ ਹੋਇਆ ਨਜ਼ਰ ਆਇਆ। ਇਸ ਮੌਕੇ ਸਕੂਲ ਡਾਇਰੈਕਟਰ ਗੌਰਵ ਗੁਲਾਟੀ, ਪ੍ਰੈਜ਼ੀਡੈਂਟ ਸਲੋਨੀ ਗੁਲਾਟੀ, ਮੈਨੇਜਰ ਸੁਸ਼ੀਲ ਮਿਸ਼ਰਾ ਅਤੇ ਪ੍ਰਿੰਸੀਪਲ ਡਾ. ਮੀਨਾਕਸ਼ੀ ਸੂਦ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਬਿੰਦਰ ਨਾਥ ਟੈਗੋਰ ਜੀ ਦੀਆਂ ਰਚਨਾਵਾਂ ਸਾਨੂੰ ਸੱਚਾਈ, ਮਨੁੱਖਤਾ ਅਤੇ ਸਿੱਖਿਆ ਦੇ ਅਸਲ ਮਕਸਦ ਨਾਲ ਜੋਡ਼ਦੀਆਂ ਹਨ। ਉਨ੍ਹਾਂ ਨੇ ਬੱਚਿਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਸਾਹਿਤ ਅਤੇ ਸੰਸਕਾਰਾਂ ਨਾਲ ਜੁਡ਼ ਕੇ ਆਪਣੇ ਜੀਵਨ ਨੂੰ ਉੱਚ ਆਦਰਸ਼ਾਂ ਵੱਲ ਲੈ ਕੇ ਜਾਣ। ਸਮਾਗਮ ਦੇ ਅੰਤ ਵਿੱਚ ਸਕੂਲ ਪ੍ਰਬੰਧਕਾਂ ਨੇ ਵਿਦਿਆਰਥੀਆਂ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਦੀ ਪ੍ਰਸ਼ੰਸਾ ਕੀਤੀ ਅਤੇ ਅਜਿਹੇ ਸਮਾਗਮਾਂ ਨੂੰ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਮਹੱਤਵਪੂਰਨ ਦੱਸਿਆ।