ਬੱਸ ਪਾਸ ਨਾ ਬਣਨ ਕਾਰਨ ਵਿਦਿਆਰਥੀਆਂ ਘੇਰਿਆ ਪੀਆਰਟੀਸੀ ਦਾ ਮੁੱਖ ਦਫਤਰ
ਬੱਸ ਪਾਸ ਨਾ ਬਣਨ ਕਾਰਨ ਵਿਦਿਆਰਥੀਆਂ ਘੇਰਿਆ ਪੀਆਰਟੀਸੀ ਦੀ ਮੁੱਖ ਦਫਤਰ
Publish Date: Thu, 16 Oct 2025 05:18 PM (IST)
Updated Date: Thu, 16 Oct 2025 05:20 PM (IST)

ਪੱਤਰ ਪ੍ਰੇਰਕ,• ਪੰਜਾਬੀ ਜਾਗਰਣ•, ਪਟਿਆਲਾ : ਵਿੱਦਿਅਕ ਸੈਸ਼ਨ 2025-26 ਨੂੰ ਸ਼ੁਰੂ ਹੋਏ ਤਿੰਨ ਮਹੀਨੇ ਹੋ ਚੁੱਕੇ ਹਨ ਪਰ ਪੰਜਾਬ ਸਰਕਾਰ ਨੇ ਪੰਜਾਬ ਦੀਆਂ ਆਈ.ਟੀ.ਆਈ ਦੇ ਵਿਦਿਆਰਥੀਆਂ ਦੇ ਬੱਸ ਪਾਸ ਨਾ ਬਣਨ ਖਿਲਾਫ ਭੜਕੇ ਵਿਦਿਆਰਥੀਆਂ ਨੇ ਪੀਆਰਟੀਸੀ ਦੇ ਮੁੱਖ ਦਫਤਰ ਸਾਹਮਣੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਵਿੱਚ ਵਿਦਿਆਰਥੀ ਆਈਟੀਆਈ ਪਟਿਆਲਾ ’ਚ ਇਕੱਤਰ ਹੋ ਕੇ ਪੀਆਰਟੀਸੀ ਦੇ ਮੁੱਖ ਦਫ਼ਤਰ ਤੱਕ ਰੋਸ ਮੁਜ਼ਾਹਰਾ ਕਰਕੇ ਪਹੁੰਚੇ ਤੇ ਉਥੇ ਧਰਨਾ ਲਗਾ ਕੇ ਪੰਜਾਬ ਸਰਕਾਰ ਖਿਲਾਫ ਜਮ ਕੇ ਨਾਰੇਬਾਜੀ ਕੀਤੀ। ਇਸ ਦੌਰਾਨ ਪੀਐਸਯੂ ਦੇ ਜ਼ਿਲ੍ਹਾ ਪ੍ਰਧਾਨ ਗੁਰਦਾਸ ਸਿੰਘ ਅਤੇ ਜ਼ਿਲ੍ਹਾ ਆਗੂ ਵਕਸ਼ਿਤ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਦੱਸਿਆ ਕਿ ਤਿੰਨ ਮਹੀਨੇ ਬੀਤਣ ਉਪਰੰਤ ਵੀ ਆਈਟੀਆਈ ਦੇ ਵਿਦਿਆਰਥੀਆਂ ਦੇ ਬੱਸ ਪਾਸ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਵੀ ਨਹੀਂ ਕੀਤੀ ਹੈ, ਜਿਸ ਕਾਰਨ ਵਿਦਿਆਰਥੀ ਹਰ ਰੋਜ਼ ਦੇ ਕਿਰਾਏ ਦਾ ਆਰਥਿਕ ਬੋਝ ਨਹੀਂ ਚੱਲ ਸਕਦੇ, ਜਿਸ ਕਾਰਨ ਵਿਦਿਆਰਥੀ ਵਿਦਿਅਕ ਅਦਾਰਿਆਂ ਵਿੱਚ ਨਹੀਂ ਪਹੁੰਚ ਪਾ ਰਹੇ। ਇਸ ਮੌਕੇ ਅਧਿਕਾਰੀਆਂ ਨੇ ਮੰਗ ਪੱਤਰ ਲੈਣ ਤੋਂ ਇਨਕਾਰ ਕਰ ਦਿੱਤਾ ਜਿਸਦੇ ਰੋਸ ਵਜੋਂ ਵਿਦਿਆਰਥੀਆਂ ਨੇ ਪਟਿਆਲਾ ਨਾਭਾ ਰੋਡ ਨੂੰ ਜਾਮ ਕਰ ਦਿੱਤਾ, ਜਿਸਦੇ ਦਬਾਅ ਸਦਕਾ ਪੀਆਰਟੀਸੀ ਦੇ ਅਧਿਕਾਰੀ ਪਹੁੰਚੇ ਅਤੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਆਈਟੀਆਈਆਂ ਦਾ ਵੇਰਵਾ ਅਜੇ ਤੱਕ ਪੀਆਰਟੀਸੀ ਨੂੰ ਨਹੀਂ ਭੇਜਿਆ ਹੈ, ਜਿਸ ਕਾਰਨ ਬੱਸ ਪਾਸ ਨਹੀਂ ਬਣ ਰਹੇ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦਾ ਇਹ ਮੰਗ ਪੱਤਰ ਪੰਜਾਬ ਸਰਕਾਰ ਤੱਕ ਪਹੁੰਚਦਾ ਕੀਤਾ ਜਾਵੇਗਾ। ਇਸ ਭਰੋਸੇ ਉੱਪਰ ਵਿਦਿਆਰਥੀਆਂ ਨੇ ਆਪਣਾ ਧਰਨਾ ਸਮਾਪਤ ਕੀਤਾ। ਪੀਐਸਯੂ ਦੇ ਆਗੂ ਗੁਰਦਾਸ ਸਿੰਘ ਨੇ ਕਿਹਾ ਕਿ ਬੱਸ ਪਾਸ ਦੀ ਸਹੂਲਤ ਵਿਦਿਆਰਥੀਆਂ ਨੇ ਇੱਕ ਲੰਬੇ ਸੰਘਰਸ਼ ਕਰਨ ਤੋਂ ਬਾਅਦ ਹਾਸਿਲ ਕੀਤੀ ਹੈ ਅਤੇ ਇਹ ਵਿਦਿਆਰਥੀਆਂ ਦਾ ਮੁੱਢਲਾ ਹੱਕ ਹੈ। ਉਨ੍ਹਾਂ ਕਿਹਾ ਕਿ ਇਹ ਸਮੱਸਿਆ ਹੱਲ ਹੋਣ ਤੱਕ ਬੱਸ ਪਾਸ ਦਾ ਘੋਲ ਨਿਰੰਤਰ ਜਾਰੀ ਰਹੇਗਾ।