ਹੋਲੀ ਏਂਜਲਜ਼ ਸਕੂਲ ਵਿਖੇ ਟਰੈਫਿਕ ਪੁਲਿਸ ਰਾਜਪੁਰਾ ਜਾਗਰੂਕਤਾ ਸੈਮੀਨਾਰ
ਹੋਲੀ ਏਂਜਲਜ਼ ਸਕੂਲ ਵਿਖੇ ਟਰੈਫਿਕ ਪੁਲਿਸ ਰਾਜਪੁਰਾ ਜਾਗਰੂਕਤਾ ਸੈਮੀਨਾਰ ਦਾ ਆਯੋਜਨ
Publish Date: Sun, 26 Apr 2026 06:07 PM (IST)
Updated Date: Sun, 26 Apr 2026 06:10 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਰਾਜਪੁਰਾ ਵਿਖੇ ਆਈਸੀਐਸਈ ਬੋਰਡ ਨਾਲ ਸੰਬੰਧਿਤ ਹੋਲੀ ਏਂਜਲਜ਼ ਸਕੂਲ ਵਿਖੇ ਡਾਇਰੈਕਟਰ ਸੈਬੀ ਥੋਮਸ ਤੇ ਪ੍ਰਿੰਸੀਪਲ ਪੀਐਮ ਫਿਲਿਪ ਦੀ ਦੇਖਰੇਖ ਹੇਠ ਟਰੈਫਿਕ ਪੁਲਿਸ ਰਾਜਪੁਰਾ ਦੇ ਇੰਚਾਰਜ ਥਾਣੇਦਾਰ ਗੁਰਬਚਨ ਸਿੰਘ ਦੀ ਅਗਵਾਈ ’ਚ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਪੇਰੈਂਟਸ ਟੀਚਰ ਮੀਟਿੰਗ ’ਚ ਪਹੁੰਚੇ ਬੱਚਿਆਂ ਦੇ ਮਾਪਿਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਹੋਇਆਂ ਟਰੈਫਿਕ ਇੰਚਾਰਜ ਥਾਣੇਦਾਰ ਗੁਰਬਚਨ ਸਿੰਘ ਨੇ ਦੱਸਿਆ ਕਿ ਟਰੈਫਿਕ ਨਿਯਮਾਂ ਦੀ ਪਾਲਨਾ ਕਰਨਾ ਸਾਡਾ ਸਾਰਿਆਂ ਦਾ ਫਰਜ਼ ਹੈ, ਜੇਕਰ ਅਸੀਂ ਟਰੈਫਿਕ ਨਿਯਮਾਂ ਦੀ ਪਾਲਣ ਕਰਾਂਗੇ ਤਾਂ ਸੜਕ ’ਤੇ ਹੋਣ ਵਾਲੇ ਹਾਦਸਿਆਂ ਨੂੰ ਟਾਲਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਹੋਲੀ ਏਂਜਲਜ਼ ਸਕੂਲ ਦੀ ਟਰਾਂਸਪੋਰਟ ਸਿਸਟਮ ’ਚ ਕਾਫੀ ਕਮੀਆਂ ਪਾਈਆਂ ਗਈਆਂ ਹਨ। ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਜਿਹੜੀ ਵੀ ਸਕੂਲ ਬੱਸ, ਵੈਨ ਜਾਂ ਹੋਰ ਵਾਹਨ ਦੇ ਰਾਹੀਂ ਸਕੂਲ ਭੇਜ ਰਹੇ ਹਨ, ਸਬੰਧੀ ਵਾਹਨਾਂ ਦੇ ਕਾਗਜ਼ਾਤ ਪੂਰੇ ਹੋਣੇ ਚਾਹੀਦੇ ਹਨ। ਇਸ ਤੋਂ ਇਲਾਵਾ ਬੱਸ ਦੇ ਵਿਚ ਬੱਚਿਆਂ ਨੂੰ ਚੜ੍ਹਾਉਣ ਤੇ ਉਤਾਰਨ ਦੇ ਲਈ ਹੈਲਪਰ ਦਾ ਹੋਣਾ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਸਮੇਂ ਸਮੇਂ ’ਤੇ ਚੈਕਿੰਗ ਦੌਰਾਨ ਜੇਕਰ ਸਕੂਲੀ ਬੱਚਿਆਂ ਨੂੰ ਲਿਆਉਣ ਤੇ ਛੱਡਣ ਦਾ ਕੰਮ ਕਰ ਰਹੇ ਵਾਹਨਾਂ ਦੀ ਚੈਕਿੰਗ ਦੌਰਾਨ ਜੇਕਰ ਵਾਹਨਾਂ ਦੇ ਫਿਟਨੈਸ ਸਰਟੀਫਿਕੇਟ, ਬੱਸ ਦੇ ਪਿੱਛੇ ਡਰਾਈਵਰ ਦਾ ਮੋਬਾਈਲ ਨੰਬਰ, ਰਜਿਸਟ੍ਰੇਸ਼ਨ ਕਾਪੀ, ਡਰਾਈਵਿੰਗ ਲਾਇਸੈਂਸ, ਫਾਸਟ ਏਡ ਕਿੱਟ, ਬੱਸ ਦਾ ਰੂਟ ਨੰਬਰ, ਬੱਚਿਆਂ ਦੀ ਗਿਣਤੀ ਸਮਰੱਥਾ ਤੋਂ ਵੱਧ ਹੋਣ ਸਬੰਧੀ ਜੇਕਰ ਕੋਈ ਵੀ ਕਮੀਆਂ ਪਾਈਆਂ ਗਈਆਂ ਤਾਂ ਵਾਹਨ ਚਾਲਕਾਂ ਅਤੇ ਵਾਹਨ ਦੇ ਮਾਲਕਾਂ ਦੇ ਖ਼ਿਲਾਫ਼ ਟਰੈਫਿਕ ਨਿਯਮਾਂ ਦੇ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ। ਥਾਣੇਦਾਰ ਗੁਰਬਚਨ ਸਿੰਘ ਦੇ ਵਿਦਿਆਰਥੀਆਂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੀ ਸੁਰੱਖਿਆ ਲਈ ਅਜਿਹੀਆਂ ਚੀਜ਼ਾਂ ਦਾ ਧਿਆਨ ਰੱਖਣ। ਇਸ ਮੌਕੇ ਸਕੂਲ ਦੇ ਡਾਇਰੈਕਟਰ ਸੈਬੀ ਥੋਮਸ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਟਰੈਫਿਕ ਨਿਯਮਾਂ ਦੇ ਸਬੰਧ ’ਚ ਸਮੇਂ ਸਮੇਂ ਸਿਰ ਉਹਨਾਂ ਦੇ ਵੱਲੋਂ ਵੀ ਚੈਕਿੰਗ ਪ੍ਰਕਿਰਿਆ ਆਰੰਭੀ ਜਾਵੇਗੀ। ਇਸ ਦੌਰਾਨ ਟਰੈਫਿਕ ਪੁਲਿਸ ਦੇ ਹੋਲਦਾਰ ਨਰਿੰਦਰ ਪਾਲ ਸਿੰਘ ਸਮੇਤ ਸਕੂਲ ਦਾ ਸਟਾਫ ਹਾਜ਼ਰ ਸੀ।