ਅੱਠ ਵਜਦਿਆਂ ਹੀ ਘੁੱਪ ਹਨੇਰੇ ’ਚ ਡੁੱਬਿਆ ਸੰਗਰੂਰ
ਅੱਠ ਵਜਦਿਆਂ ਹੀ ਘੁੱਪ ਹਨੇਰੇ ’ਚ ਡੁੱਬਿਆ ਸੰਗਰੂਰ
Publish Date: Fri, 24 Apr 2026 08:48 PM (IST)
Updated Date: Sat, 25 Apr 2026 04:13 AM (IST)

15 ਮਿੰਟਾਂ ਦੇ ਕੱਟ ਦੌਰਾਨ ਖ਼ਤਰੇ ਦਾ ਘੁੱਗੂ ਕਈ ਵਾਰ ਵਜਿਆ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ ਸ਼ੁੱਕਰਵਾਰ ਰਾਤ 8 ਵਜਦਿਆਂ ਹੀ ਬਲੈਕਆਉਟ ਡ੍ਰਿਲ ਦੌਰਾਨ ਸਾਰਾ ਸ਼ਹਿਰ ਘੁੱਪ ਹਨੇਰੇ ਵਿੱਚ ਡੁੱਬ ਗਿਆ। ਹਾਲਾਂਕਿ, ਬਾਜ਼ਾਰ ’ਚ ਲਾਈਟਾਂ ਜਗਦੇ ਵਾਹਨਾਂ ਦੀ ਆਵਾਜਾਈ ਜਾਰੀ ਰਹੀ, ਪ੍ਰੰਤੂ ਬਿਜਲੀ ਦੇ 15 ਮਿੰਟ ਕੱਟ ਨੇ ਪੂਰੇ ਸ਼ਹਿਰ ਨੂੰ ਹਨੇਰੇ ਵਿੱਚ ਧੱਕ ਦਿੱਤਾ। ਪ੍ਰਸ਼ਾਸਨ ਪਾਸਿਓ ਐੱਸਡੀਐੱਮ ਸੰਗਰੂਰ ਸਤੀਸ਼ ਚੰਦਰ ਬਰਨਾਲਾ ਕੈਂਚੀਆਂ ’ਤੇ ਲੱਗੇ ਨਾਕੇ ’ਤੇ ਮੌਜੂਦ ਰਹੇ ਤੇ 15 ਮਿੰਟਾਂ ਦੌਰਾਨ ਖਤਰੇ ਦਾ ਘੁੱਗੂ ਕਈ ਵਾਰ ਵਜਿਆ, ਜੋ ਖਤਰੇ ਦੀ ਘੰਟੀ ਨੂੰ ਬਿਆਨ ਕਰਦਾ ਰਿਹਾ। ਡੀਸੀ ਰਾਹੁਲ ਚਾਬਾ ਨੇ ਰਾਤ 8 ਵਜੇ ਸੰਗਰੂਰ ਸ਼ਹਿਰ ਵਿਚ ਪਹਿਲੇ ਸਿਵਲ ਡਿਫੈਂਸ ਏਅਰ ਰੇਡ ਤੇ ਬਲੈਕ ਆਊਟ ਮੌਕ ਅਭਿਆਸ ਦੌਰਾਨ ਆਰਮੀ ਏਰੀਆ ਵਿਖੇ ਨਾਗਰਿਕ ਸੁਰੱਖਿਆ ਦੀ ਕਰਵਾਈ ਗਈ ਮੌਕ ਡ੍ਰਿਲ ਦੌਰਾਨ ਸਹਿਯੋਗ ਦੇਣ ਲਈ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਥਾਨਕ ਫੌ਼ਜ, ਪੁਲਿਸ, ਹੋਮ ਗਾਰਡਜ-ਸਿਵਲ ਡਿਫੈਂਸ, ਸਿਹਤ ਵਿਭਾਗ, ਐੱਨਸੀਸੀ ਕੈਡੇਟਸ ਤੇ ਬਿਜਲੀ ਨਿਗਮ ਸਮੇਤ ਹੋਰ ਸਬੰਧਤ ਵਿਭਾਗਾਂ ਨੇ ਆਰਮੀ ਏਰੀਆ ਵਿਖੇ ਮੌਕ ਅਭਿਆਸ ਨੂੰ ਆਪਸੀ ਤਾਲਮੇਲ ਨਾਲ ਨੇਪਰੇ ਚੜ੍ਹਾਇਆ। ਇਸ ਦੌਰਾਨ ਬਰਨਾਲਾ ਕੈਂਚੀਆਂ ’ਚ ਪੁਲਿਸ ਦੇ ਨਾਲ ਬਲੈਕ ਆਊਟ ਦੀ ਨਿਗਰਾਨੀ ਲਈ ਐੱਸਡੀਐੱਮ ਸੰਗਰੂਰ ਸਤੀਸ਼ ਚੰਦਰ ਨੇ ਕਿਹਾ ਕਿ ਇਸ ਅਭਿਆਸ ਦੌਰਾਨ ਵੱਖ-ਵੱਖ ਐਮਰਜੈਂਸੀ ਕਾਰਜਾਂ, ਜਿਵੇਂ ਫਾਇਰ ਰਿਸਪਾਂਸ ਆਪ੍ਰੇਸ਼ਨ, ਖੋਜ ਤੇ ਬਚਾਅ ਕਾਰਜ, ਜਖ਼ਮੀਆਂ ਦੀ ਮੁਢਲੀ ਸਹਾਇਤਾ ਤੇ ਡਾਕਟਰੀ ਮਦਦ, ਜ਼ਖ਼ਮੀਆਂ ਨੂੰ ਸੁਰੱਖਿਅਤ ਕੱਢਣ ਦੇ ਨਾਲ ਸੰਗਰੂਰ ਪੁਲਿਸ ਵੱਲੋਂ ਨਾਕਾਬੰਦੀ ਕਰਕੇ ਟ੍ਰੈਫਿਕ ਤੇ ਭੀੜ ਕੰਟਰੋਲ ਉਪਾਅ ਸ਼ਾਮਲ ਕੀਤੇ ਗਏ ਸਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਭਵਿੱਖ ’ਚ ਅਜਿਹੇ ਅਭਿਆਸ ਤੇ ਬਲੈਕ ਆਊਟ ਦੀ ਸਥਿਤੀ ’ਚ ਸਾਰੀਆਂ ਲਾਈਟਾਂ ਬੰਦ ਰੱਖੀਆਂ ਜਾਣ ਤੇ ਖਾਸ ਕਰਕੇ ਸੀਸੀਟੀਵੀ ਕੈਮਰਿਆਂ ਦੀਆਂ ਲਾਇਟਾਂ ਤੇ ਸੋਲਰ ਲਾਇਟਾਂ ਵੀ ਬੰਦ ਕੀਤੀਆਂ ਜਾਣ। ਉਨ੍ਹਾਂ ਦੱਸਿਆ ਕਿ ਬਲੈਕ ਆਊਟ ਤੇ ਸਿਵਲ ਡਿਫੈਂਸ ਮੌਕ ਡ੍ਰਿਲ, ਹਵਾਈ ਹਮਲਿਆਂ ਦੀ ਚਿਤਾਵਨੀ ਵਾਲੇ ਸਾਇਰਨ ਵੱਜਣ ਦੀ ਸੂਰਤ ’ਚ ਸੁਰੱਖਿਆ ਬਲਾਂ ਤੇ ਆਮ ਲੋਕਾਂ ਦੀ ਭੂਮਿਕਾ ਤੇ ਜਿੰਮੇਵਾਰੀਆਂ ਨੂੰ ਸਮਝਣ ਵਿਚ ਮਦਦ ਕਰਦੀ ਹੈ। ਇਸ ਲਈ ਭਵਿੱਖ ਵਿੱਚ ਅਜਿਹਾ ਹੋਣ ਦੀ ਸੂਰਤ ’ਚ ਲੋਕ ਸਾਵਧਾਨੀਆਂ ਵਰਤਣ ਤੇ ਸੋਸ਼ਲ ਮੀਡੀਆ ਉਪਰ ਅਫ਼ਵਾਹਾਂ ਫੈਲਾਉਣ ਤੋਂ ਵੀ ਗੁਰੇਜ਼ ਕਰਨ ਤੇ ਨਾ ਹੀ ਅਜਿਹੀਆਂ ਅਫ਼ਵਾਹਾਂ ਉਪਰ ਯਕੀਨ ਕਰਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਅਜਿਹੀਆਂ ਡਰਿੱਲਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਕਿਉਂਕਿ ਇਹ ਤੁਹਾਨੂੰ ਅਸਲ ਐਮਰਜੈਂਸੀ ਲਈ ਤਿਆਰ ਕਰਦਾ ਹੈ। ਉਨ੍ਹਾਂ ਕਿਹਾ ਕਿ ਪੁਲਿਸ, ਫੌ਼ਜ ਜਾਂ ਹੋਰ ਸੁਰੱਖਿਆ ਫੋਰਸਾਂ ਦੀਆਂ ਗਤੀਵਿਧੀਆਂ ’ਚ ਦਖਲ ਨਾ ਦਿਓ ਜਾਂ ਪਾਬੰਦੀਸ਼ੁਦਾ ਖੇਤਰਾਂ ਵਿੱਚ ਦਾਖਲ ਨਾ ਹੋਵੋ, ਇਸ ਤੋਂ ਬਿਨ੍ਹਾਂ ਡ੍ਰਿਲ ਬਾਰੇ ਫੋਟੋਆਂ ਖਿੱਚਣ ਜਾਂ ਪੋਸਟ ਕਰਨ ਤੋਂ ਵੀ ਬਚਿਆ ਜਾਵੇ।