ਸਹਿਕਾਰੀ ਸਭਾਵਾਂ ਦੇ ਸਕੱਤਰ ਜਗਜੀਵਨ ਸਿੰਘ ਗੱਗੀ ਨਾਲ ਹੋਈ ਵਿਸ਼ੇਸ਼ ਮੀਟਿੰਗ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸਹਿਕਾਰ ਭਾਰਤੀ ਪੰਜਾਬ ਦੇ ਸਕੱਤਰ ਜਗਜੀਵਨ ਸਿੰਘ ਗੱਗੀ ਤੇ ਸਹਿਕਾਰ ਭਾਰਤੀ ਜ਼ਿਲ੍ਹਾ ਕਾਰਜਕਾਰੀ ਮੈਂਬਰ ਪਟਿਆਲਾ ਸੁਖਚੈਨ ਸਿੰਘ ਵੱਲੋਂ ਦੇਵੀਗੜ੍ਹ, ਪਟਿਆਲਾ ਖੇਤਰ ਦੇ ਪਿੰਡ ਮਸੀਗਨ, ਮੁਖਮੇਲਪੁਰ, ਮਗਰਸਾਬ, ਤਫ਼ਜ਼ਲਪੁਰ ਅਤੇ ਫਰੀਦਪੁਰ (ਸਨੌਰ-ਦੇਵੀਗੜ੍ਹ, ਪਟਿਆਲਾ) ਸਥਿਤ ਪੈਕਸ (ਪੀਏਸੀਐਸ) ਸਹਿਕਾਰੀ ਸਭਾਵਾਂ ਦੇ ਸਕੱਤਰਾਂ, ਪ੍ਰਧਾਨਾਂ ਅਤੇ ਮੈਂਬਰ ਸਾਹਿਬਾਨ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ ਤੇ ਸਹਿਕਾਰ ਭਾਰਤੀ ਵੱਲੋਂ ਰਾਜ ਪੱਧਰੀ ਪੈਕਸ ਸਮਾਗਮ ਵਿਚ ਭਾਗੀਦਾਰੀ ਨਿਭਾਉਣ ਵਾਲੀਆਂ ਸਭਾਵਾਂ ਨੂੰ ਸਨਮਾਨਿਤ ਕੀਤਾ ਗਿਆ। ਮੀਟਿੰਗ ਪਿੰਡ ਮਸੀਗਨ (ਬਲਾਕ ਸਨੌਰ, ਦੇਵੀਗੜ੍ਹ, ਪਟਿਆਲਾ) ਵਿੱਚ ਕਰਵਾਈ ਗਈ, ਜਿਸ ਵਿਚ ਵੱਖ-ਵੱਖ ਪੈਕਸ ਸਹਿਕਾਰੀ ਸਭਾਵਾਂ ਦੇ ਪ੍ਰਧਾਨਾਂ, ਮੈਂਬਰਾਂ ਤੇ ਸਕੱਤਰਾਂ ਨੇ ਹਿੱਸਾ ਲਿਆ। ਇਨ੍ਹਾਂ ਸਭਾਵਾਂ ਦੇ ਅਧੀਨ ਲਗਭਗ 2108 ਮੈਂਬਰ ਤੇ 21 ਪਿੰਡ ਜੁੜੇ ਹੋਏ ਹਨ। ਮੀਟਿੰਗ ਦੌਰਾਨ ਸਹਿਕਾਰ ਭਾਰਤੀ ਵੱਲੋਂ ਸਹਿਕਾਰੀ ਸਭਾਵਾਂ ਦੇ ਬਿਹਤਰ ਪ੍ਰਬੰਧਨ, ਆਰਥਿਕ ਮਜ਼ਬੂਤੀ ਅਤੇ ਘਾਟੇ ਤੋਂ ਬਾਹਰ ਕੱਢਣ ਲਈ ਵਿਸਥਾਰ ਨਾਲ ਚਰਚਾ ਕੀਤੀ ਗਈ ਅਤੇ ਮੈਂਬਰਾਂ ਤੋਂ ਸੁਝਾਅ ਵੀ ਲਏ ਗਏ। ਸਹਿਕਾਰ ਭਾਰਤੀ ਪੰਜਾਬ ਦੇ ਸਕੱਤਰ ਜਗਜੀਵਨ ਸਿੰਘ ਗੱਗੀ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਖੇਤੀਬਾੜੀ ਮਸ਼ੀਨਰੀ ਅਤੇ ਖੇਤੀ ਸਾਜ਼ੋ-ਸਾਮਾਨ ’ਤੇ 50 ਫੀਸਦੀ ਤੋਂ 80 ਫੀਸਦੀ ਤੱਕ ਸਬਸਿਡੀ ਦਿੱਤੀ ਜਾ ਰਹੀ ਹੈ, ਜਿਸ ਦਾ ਵੱਧ ਤੋਂ ਵੱਧ ਲਾਭ ਸਹਿਕਾਰੀ ਸਭਾਵਾਂ ਤੇ ਕਿਸਾਨਾਂ ਨੂੰ ਲੈਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਰਾਜ ਸਰਕਾਰ ਵੱਲੋਂ ਸਹਿਕਾਰੀ ਸਭਾਵਾਂ ਦੀ ਰਜਿਸਟ੍ਰੇਸ਼ਨ ਫੀਸ, ਜੋ ਪਹਿਲਾਂ 1 ਲੱਖ ਤੋਂ 20 ਲੱਖ ਰੁਪਏ ਤੱਕ ਵਧਾ ਦਿੱਤੀ ਗਈ ਸੀ, ਸਹਿਕਾਰ ਭਾਰਤੀ ਪੰਜਾਬ ਦੇ ਲਗਾਤਾਰ ਯਤਨਾਂ ਸਦਕਾ ਹੁਣ ਘਟਾ ਕੇ 10,000 ਰੁਪਏ ਕਰ ਦਿੱਤੀ ਗਈ ਹੈ। ਜਦਕਿ ਖੇਤੀਬਾੜੀ, ਦੁੱਧ ਉਤਪਾਦਨ ਅਤੇ ਮੱਛੀ ਪਾਲਣ ਸਭਾਵਾਂ ਦੀ ਰਜਿਸਟ੍ਰੇਸ਼ਨ ਫੀਸ ਕੇਵਲ 1000 ਰੁਪਏ ਨਿਰਧਾਰਤ ਕੀਤੀ ਗਈ ਹੈ। ਮੀਟਿੰਗ ਵਿਚ ਹਾਜ਼ਰ ਪ੍ਰਧਾਨਾਂ ਅਤੇ ਮੈਂਬਰਾਂ ਨੇ ਯੂਰੀਆ ਅਤੇ ਖਾਦ ਦੀ ਉਪਲਬਧਤਾ ਨਾਲ ਸਬੰਧਤ ਸਮੱਸਿਆਵਾਂ ’ਤੇ ਚਰਚਾ ਕਰਦਿਆਂ ਸੁਝਾਅ ਦਿੱਤੇ ਕਿ ਕਿਸਾਨਾਂ ਨੂੰ ਬਾਹਰੋਂ ਖਾਦ ਖਰੀਦਣ ਦੀ ਲੋੜ ਨਾ ਪਵੇ ਅਤੇ ਸਭਾਵਾਂ ਰਾਹੀਂ ਹੀ ਖਾਦ ਅਤੇ ਯੂਰੀਆ ਉਪਲੱਬਧ ਕਰਵਾਇਆ ਜਾਵੇ। ਨਾਲ ਹੀ ਐਨਓਸੀ ਪ੍ਰਣਾਲੀ ਲਾਗੂ ਕਰਕੇ ਸਭਾਵਾਂ ਨੂੰ ਮਜ਼ਬੂਤ ਕਰਨ, ਨਵੇਂ ਮੈਂਬਰਾਂ ਦੀ ਗਿਣਤੀ ਵਧਾਉਣ ਅਤੇ ਸਭਾਵਾਂ ਦੀ ਆਮਦਨ ਵਿਚ ਵਾਧਾ ਕਰਨ ਦੇ ਉਪਾਵਾਂ ’ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਸੁਸਾਇਟੀ ਸਕੱਤਰ ਹਰਦੀਪ ਸਿੰਘ, ਜਗਦੀਪ ਸਿੰਘ, ਗੁਰਬੰਤ ਸਿੰਘ, ਪ੍ਰਧਾਨ ਸੂਚਾ ਸਿੰਘ, ਰਮਨਦੀਪ ਕੌਰ, ਗਿਆਨ ਸਿੰਘ, ਮੇਜਰ ਸਿੰਘ, ਸੁਖਚੈਨ ਸਿੰਘ, ਗੁਰਦੀਪ ਸਿੰਘ ਸਮੇਤ ਹੋਰ ਗਣਮਾਨਯ ਮੈਂਬਰ ਹਾਜ਼ਰ ਰਹੇ।