Sad News: ਪੰਜਾਬੀ ਦੇ ਉੱਘੇ ਬਾਲ ਸਾਹਿਤਕਾਰ ਡਾ. ਅਮਰ ਕੋਮਲ ਦਾ ਦੇਹਾਂਤ, ਪਿਛਲੇ ਕੁਝ ਸਮੇਂ ਤੋਂ ਸੀ ਬਿਮਾਰ
ਉਨ੍ਹਾਂ ਦਾ ਗਿਆਨ ਅਤੇ ਸਾਹਿਤ ਪ੍ਰਤੀ ਪਿਆਰ ਇੰਨਾ ਡੂੰਘਾ ਸੀ ਕਿ ਆਪਣੀ ਮੌਤ ਤੋਂ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਆਪਣੀ ਨਿੱਜੀ ਲਾਇਬਰੇਰੀ ਦੀਆਂ ਕੀਮਤੀ ਪੁਸਤਕਾਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੂੰ ਦਾਨ ਕਰ ਦਿੱਤੀਆਂ ਸਨ, ਤਾਂ ਜੋ ਆਉਣ ਵਾਲੀਆਂ ਨਸਲਾਂ ਅਤੇ ਖੋਜਾਰਥੀ ਉਨ੍ਹਾਂ ਤੋਂ ਲਾਹਾ ਲੈ ਸਕਣ।
Publish Date: Wed, 08 Apr 2026 08:41 AM (IST)
Updated Date: Wed, 08 Apr 2026 08:44 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ: ਪੰਜਾਬੀ ਸਾਹਿਤ ਜਗਤ ਲਈ ਅੱਜ ਇੱਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਡਾ. ਅਮਰ ਕੋਮਲ ਅੱਜ ਸਵੇਰੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਪੰਜਾਬੀ ਸਾਹਿਤ, ਖ਼ਾਸ ਕਰਕੇ ਬਾਲ ਸਾਹਿਤ ਦੇ ਇੱਕ ਸੁਨਹਿਰੀ ਯੁੱਗ ਦਾ ਅੰਤ ਹੋ ਗਿਆ ਹੈ।
ਡਾ. ਅਮਰ ਕੋਮਲ ਨੇ ਆਪਣੀ ਪੂਰੀ ਜ਼ਿੰਦਗੀ ਮਾਂ-ਬੋਲੀ ਪੰਜਾਬੀ ਦੇ ਲੇਖੇ ਲਾਈ। ਉਨ੍ਹਾਂ ਨੇ ਬੱਚਿਆਂ ਲਈ ਬਹੁਤ ਹੀ ਸਰਲ ਅਤੇ ਸਿੱਖਿਆਦਾਇਕ ਸਾਹਿਤ ਦੀ ਰਚਨਾ ਕੀਤੀ, ਜਿਸ ਸਦਕਾ ਉਹਨਾਂ ਨੂੰ 'ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ' ਦੇ ਵੱਕਾਰੀ ਸਨਮਾਨ ਨਾਲ ਵੀ ਨਿਵਾਜਿਆ ਗਿਆ ਸੀ। ਉਨ੍ਹਾਂ ਦੀਆਂ ਲਿਖਤਾਂ ਨੇ ਪੀੜ੍ਹੀਆਂ ਨੂੰ ਪੰਜਾਬੀ ਸੱਭਿਆਚਾਰ ਅਤੇ ਨੈਤਿਕ ਕਦਰਾਂ-ਕੀਮਤਾਂ ਨਾਲ ਜੋੜੀ ਰੱਖਿਆ।
ਉਨ੍ਹਾਂ ਦਾ ਗਿਆਨ ਅਤੇ ਸਾਹਿਤ ਪ੍ਰਤੀ ਪਿਆਰ ਇੰਨਾ ਡੂੰਘਾ ਸੀ ਕਿ ਆਪਣੀ ਮੌਤ ਤੋਂ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਆਪਣੀ ਨਿੱਜੀ ਲਾਇਬਰੇਰੀ ਦੀਆਂ ਕੀਮਤੀ ਪੁਸਤਕਾਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੂੰ ਦਾਨ ਕਰ ਦਿੱਤੀਆਂ ਸਨ, ਤਾਂ ਜੋ ਆਉਣ ਵਾਲੀਆਂ ਨਸਲਾਂ ਅਤੇ ਖੋਜਾਰਥੀ ਉਨ੍ਹਾਂ ਤੋਂ ਲਾਹਾ ਲੈ ਸਕਣ।
ਪਰਿਵਾਰਕ ਸੂਤਰਾਂ ਅਨੁਸਾਰ, ਡਾ. ਅਮਰ ਕੋਮਲ ਦਾ ਅੰਤਿਮ ਸੰਸਕਾਰ ਅੱਜ ਬਾਅਦ ਦੁਪਹਿਰ 3 ਵਜੇ ਬਡੂੰਗਰ ਪਟਿਆਲਾ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ। ਉਹਨਾਂ ਦੇ ਚਲੇ ਜਾਣ 'ਤੇ ਵੱਖ-ਵੱਖ ਸਾਹਿਤਕ ਸਭਾਵਾਂ, ਲੇਖਕਾਂ ਅਤੇ ਸਿੱਖਿਆ ਸ਼ਾਸਤਰੀਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪੰਜਾਬੀ ਸਾਹਿਤ ਵਿੱਚ ਉਹਨਾਂ ਦੀ ਘਾਟ ਕਦੇ ਵੀ ਪੂਰੀ ਨਹੀਂ ਕੀਤੀ ਜਾ ਸਕੇਗੀ।