ਸੜਕ ਹਾਦਸੇ 'ਚ ਔਰਤ ਦੀ ਮੌਤ, ਪੁੱਤਰ ਤੇ ਭਰਾ ਜ਼ਖਮੀ
ਸੜਕ ਹਾਦਸੇ 'ਚ ਔਰਤ ਦੀ ਮੌਤ, ਪੁੱਤਰ ਤੇ ਭਰਾ ਜ਼ਖਮੀ
Publish Date: Tue, 16 Sep 2025 06:51 PM (IST)
Updated Date: Tue, 16 Sep 2025 06:53 PM (IST)
ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਸਮਾਣਾ-ਪਟਿਆਲਾ ਸਟੇਟ ਹਾਈਵੇ ਤੇ ਪਿੰਡ ਫਤਹਿਪੁਰ ਨੇੜੇ ਅਚਾਨਕ ਸੜਕ ਤੇ ਪਏ ਇੱਕ ਖੱਡੇ ਵਿਚ ਸਕੂਟਰੀ ਦਾ ਟਾਇਰ ਲੱਗਣ ਕਾਰਨ ਵਾਪਰੇ ਹਾਦਸੇ ਚ ਇਕ ਔਰਤ ਦੀ ਮੌਤ ਹੋ ਗਈ, ਜਦੋਂ ਕਿ ਉਸਦਾ ਭਰਾ ਅਤੇ 8 ਸਾਲਾ ਬੇਟਾ ਜ਼ਖ਼ਮੀ ਹੋ ਗਏ। ਮਾਮਲੇ ਦੇ ਜਾਂਚ ਅਧਿਕਾਰੀ, ਸਿਟੀ ਪੁਲਿਸ ਦੇ ਏਐੱਸਆਈ ਪੂਰਨ ਸਿੰਘ ਨੇ ਦੱਸਿਆ ਕਿ ਮੋਹਾਲੀ ਦੇ ਇਕ ਹਸਪਤਾਲ ਵਿਚ ਕੰਮ ਕਰਨ ਵਾਲੀ ਮ੍ਰਿਤਕ ਔਰਤ ਰੀਤੂ (35) ਦੇ ਪਤੀ ਡੇਨੀਅਲ ਵਾਸੀ ਮਾਜਰੀ, ਸਮਾਣਾ ਨੇ ਦੱਸਿਆ ਕਿ ਉਹ ਆਪਣੇ ਪਿਤਾ ਦੀ ਬਰਸੀ ਮੌਕੇ ਆਪਣੀ ਪਤਨੀ ਰੀਤੂ, ਪੁੱਤਰ ਅਜ਼ੀਜ਼ ਤੇ ਸਾਲੇ ਸਟੀਫਨ ਨਾਲ ਰਾਤ ਨੂੰ ਮੋਹਾਲੀ ਤੋਂ ਸਮਾਣਾ ਆ ਰਹੇ ਸਨ। ਪਿੰਡ ਫਤਿਹਪੁਰ ਨੇੜੇ ਸੜਕ ਤੇ ਬਣੇ ਇਕ ਖੱਡੇ ਵਿਚ ਉਨ੍ਹਾਂ ਦੀ ਸਕੂਟਰੀ ਦਾ ਅਗਲਾ ਟਾਇਰ ਜਾਣ ਕਾਰਨ ਸਾਰੇ ਸਵਾਰ ਸਕੂਟਰੀ ਸਮੇਤ ਸੜਕ ਤੇ ਡਿੱਗ ਪਏ। ਇਸ ਹਾਦਸੇ ਵਿਚ ਉਸਦੀ ਪਤਨੀ, ਪੁੱਤਰ ਤੇ ਸਾਲਾ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਪਟਿਆਲਾ ਦੇ ਇਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਦੀ ਪਤਨੀ ਨੂੰ ਮ੍ਰਿਤਕ ਐਲਾਨ ਦਿੱਤਾ। ਅਧਿਕਾਰੀ ਅਨੁਸਾਰ ਪੁਲਿਸ ਨੇ ਧਾਰਾ 194 ਤਹਿਤ ਮ੍ਰਿਤਕ ਔਰਤ ਦੀ ਲਾਸ਼ ਅੰਤਿਮ ਸੰਸਕਾਰ ਲਈ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।