ਭੂਮੀ ਪਰਖ ਵਿਭਾਗ ਰਾਜਪੁਰਾ ਵੱਲੋਂ ਮਿੱਟੀ ਪਰਖ ਮੁਹਿੰਮ ਦੀ ਸ਼ੁਰੂਆਤ
ਭੂਮੀ ਪਰਖ ਵਿਭਾਗ ਰਾਜਪੁਰਾ ਵੱਲੋਂ ਮਿੱਟੀ ਪਰਖ ਮੁਹਿੰਮ ਦੀ ਸ਼ੁਰੂਆਤ ਡਾਕਟਰ ਕਿਰਪਾਲ ਸਿੰਘ ਮਹੰਤ
Publish Date: Thu, 07 May 2026 06:20 PM (IST)
Updated Date: Fri, 08 May 2026 04:12 AM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ: ਬਲਾਕ ਖੇਤੀਬਾੜੀ ਵਿਭਾਗ ਰਾਜਪੁਰਾ ਦੇ ਭੂਮੀ ਪਰਖ ਵਿਭਾਗ ਰਾਜਪੁਰਾ ਵੱਲੋਂ ਮਿੱਟੀ ਪਰਖ ਦੀ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਹੋਇਆਂ ਹਾੜੀ ਦੀਆਂ ਫਸਲਾਂ ਦੀ ਕਟਾਈ ਤੋਂ ਬਾਅਦ ਸਾਉਣ ਰੁਤ ਦੀਆਂ ਫਸਲਾਂ ਲਈ ਪਿੰਡਾਂ ’ਚ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਲਈ ਵਿਸ਼ੇਸ਼ ਕੈਂਪ ਲਾਏ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਭੋਂ ਪਰਖ ਅਫਸਰ ਡਾ. ਕਿਰਪਾਲ ਸਿੰਘ ਮਹੰਤ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਪਿੰਡਾਂ ’ਚ ਲਗਾਏ ਜਾ ਰਹੇ ਕੈਂਪਾਂ ਦੇ ਦੌਰਾਨ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਜਿੱਥੇ ਬੀਜ, ਖਾਦ ਤੇ ਕੀਟਨਾਸ਼ਕਾਂ ਦੀ ਕੁਆਲਿਟੀ ਚੈੱਕ ਕੀਤੀ ਜਾ ਰਹੀ ਹੈ, ਉੱਥੇ ਹੀ ਮਿੱਟੀ ਦੇ ਸੈਂਪਲ ਵੀ ਇਕੱਠੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕੈਂਪ ਦੇ ਦੌਰਾਨ ਕਿਸਾਨਾਂ ਨੂੰ ਖਾਦਾਂ ਦੀ ਸਹੀ ਵਰਤੋ, ਪਾਣੀ ਦੀ ਬੱਚਤ ਤੇ ਫਸਲਾਂ ਦੀ ਸਿਹਤ ਲਈ ਮਿੱਟੀ ਦੀ ਪਰਖ ਬਹੁਤ ਜ਼ਰੂਰੀ ਹੈ, ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਭੂਮੀ ਪਰਖ ਲੈਬੋਰੇਟਰੀ ਰਾਜਪੁਰਾ ਵੱਲੋਂ 4460 ਸੈਂਪਲ ਟੈਸਟ ਕੀਤੇ ਗਏ ਹਨ, ਜਿਨ੍ਹਾਂ ਦੇ ਆਧਾਰ ’ਤੇ ਖਾਦਾਂ ਤੇ ਹੋਰ ਤੱਤਾਂ ਦੀ ਵਰਤੋਂ ਸਹੀ ਤਰੀਕੇ ਨਾਲ ਤੇ ਸਹੀ ਮਾਤਰਾ ’ਚ ਕੀਤੀ ਗਈ। ਇਸ ਸਾਲ ਵੀ ਵੱਧ ਤੋਂ ਵੱਧ ਗਿਣਤੀ ’ਚ ਕਿਸਾਨ ਭਰਾਵਾਂ ਅਪੀਲ ਕੀਤੀ ਕਿ ਉਹ ਖੇਤਾਂ ’ਚ ਵਰਤੇ ਜਾਣ ਵਾਲੇ ਪਾਣੀ ਦੀ ਵੀ ਜਾਂਚ ਕਰਵਾਉਣ। ਜ਼ਿਕਰਯੋਗ ਹੈ ਕਿ ਭੋਂ ਪਰਖ ਅਫਸਰ ਰਾਜਪੁਰਾ ਡਾ. ਕਿਰਪਾਲ ਸਿੰਘ ਮਹੰਤ ਨੂੰ ਖੇਤੀਬਾੜੀ ਵਿਭਾਗ ’ਚ ਵਧੀਆ ਸੇਵਾਵਾਂ ਬਦਲੇ ਖੇਤੀਬਾੜੀ ਮੰਤਰੀ ਪੰਜਾਬ ਵੱਲੋਂ ਸਨਮਾਨਿਤ ਵੀ ਕੀਤਾ ਜਾ ਚੁੱਕਿਆ ਹੈ।