ਪੰਜਾਬੀ ਯੂਨੀਵਰਸਿਟੀ ਵੱਲੋਂ ਨੇਬਰਹੁੱਡ ਕੈਂਪਸਾਂ ਦੇ ਪੀਟੀਏ ਅਧਿਆਪਕਾਂ ਦੇ ਮਾਣਭੱਤੇ 'ਚ ਵਾਧਾ
ਨੇਬਰਹੁੱਡ ਕੈਂਪਸਾਂ 'ਚ ਪੀਟੀਏ ਫੰਡ ਅਧੀਨ ਤਾਇਨਾਤ ਅਧਿਆਪਕਾਂ ਦਾ ਮਾਨਭੱਤਾ 18,000 ਰੁਪਏ ਤੋਂ ਵਧਾ ਕੇ 22,000 ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਗਿਆ ਹੈ। ਇਹ ਵਾਧਾ 1 ਜਨਵਰੀ 2026 ਤੋਂ ਮੰਨਿਆ ਜਾਵੇਗਾ। ਇਹ ਵਾਧਾ ਉਨ੍ਹਾਂ ਅਧਿਆਪਕਾਂ 'ਤੇ ਲਾਗੂ ਹੋਵੇਗਾ ਜੋ ਇੰਟਰਵਿਊ ਸਮੇਂ ਨਿਰਧਾਰਤ ਯੋਗਤਾਵਾਂ ਪੂਰੀਆਂ ਨਹੀਂ ਕਰਦੇ ਸਨ।
Publish Date: Mon, 09 Feb 2026 03:26 PM (IST)
Updated Date: Mon, 09 Feb 2026 03:30 PM (IST)
ਨਵਦੀਪ ਢੀਂਗਰਾ, ਪੰਜਾਬੀ ਜਾਗਰਣ ਪਟਿਆਲਾ : ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਆਪਣੇ ਨੇਬਰਹੁੱਡ ਕੈਂਪਸਾਂ 'ਚ ਕੰਮ ਕਰ ਰਹੇ ਪੀਟੀਏਅਧਿਆਪਕਾਂ ਲਈ ਅਹਿਮ ਫੈਸਲਾ ਲਿਆ ਗਿਆ ਹੈ। ਯੂਨੀਵਰਸਿਟੀ ਪ੍ਰਸ਼ਾਸਨ ਨੇ ਇਨ੍ਹਾਂ ਅਧਿਆਪਕਾਂ ਦੇ ਮਾਨਭੱਤੇ ਵਿੱਚ ਵਾਧਾ ਕਰਨ ਦਾ ਅਧਿਕਾਰਤ ਹੁਕਮ ਜਾਰੀ ਕਰ ਦਿੱਤਾ ਹੈ।
ਨੇਬਰਹੁੱਡ ਕੈਂਪਸਾਂ 'ਚ ਪੀਟੀਏ ਫੰਡ ਅਧੀਨ ਤਾਇਨਾਤ ਅਧਿਆਪਕਾਂ ਦਾ ਮਾਨਭੱਤਾ 18,000 ਰੁਪਏ ਤੋਂ ਵਧਾ ਕੇ 22,000 ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਗਿਆ ਹੈ। ਇਹ ਵਾਧਾ 1 ਜਨਵਰੀ 2026 ਤੋਂ ਮੰਨਿਆ ਜਾਵੇਗਾ। ਇਹ ਵਾਧਾ ਉਨ੍ਹਾਂ ਅਧਿਆਪਕਾਂ 'ਤੇ ਲਾਗੂ ਹੋਵੇਗਾ ਜੋ ਇੰਟਰਵਿਊ ਸਮੇਂ ਨਿਰਧਾਰਤ ਯੋਗਤਾਵਾਂ ਪੂਰੀਆਂ ਨਹੀਂ ਕਰਦੇ ਸਨ, ਅਤੇ ਇਹ ਵਾਧਾ ਯੂਨੀਵਰਸਿਟੀ ਦੇ ਕਾਂਸਟੀਚਿਊਂਟ (ਸੰਵਿਧਾਨਕ) ਕਾਲਜਾਂ ਦੀ ਤਰਜ਼ 'ਤੇ ਕੀਤਾ ਗਿਆ ਹੈ। ਇਹ ਮਾਨਭੱਤਾ ਗਰਮੀਆਂ ਦੀਆਂ ਛੁੱਟੀਆਂ ਦੀ ਮਿਆਦ ਨੂੰ ਛੱਡ ਕੇ ਦਿੱਤਾ ਜਾਵੇਗਾ।
ਦਫ਼ਤਰੀ ਹੁਕਮਾਂ ਅਨੁਸਾਰ, ਇਸ ਵਾਧੇ ਸਬੰਧੀ ਅਦਾਇਗੀ ਦੀ ਜ਼ਿੰਮੇਵਾਰੀ ਸਬੰਧਿਤ ਨੇਬਰਹੁੱਡ ਕੈਂਪਸਾਂ ਦੀ ਹੋਵੇਗੀ। ਇਹ ਅਦਾਇਗੀ ਕੈਂਪਸ ਆਪਣੇ ਪੱਧਰ 'ਤੇ ਪੀਟੀਏ ਫੰਡ ਵਿੱਚੋਂ ਹੀ ਕਰਨਗੇ। ਇਹ ਹੁਕਮ ਵਾਈਸ-ਚਾਂਸਲਰ ਦੀ ਪ੍ਰਵਾਨਗੀ ਤੋਂ ਬਾਅਦ ਡੀਨ ਅਕਾਦਮਿਕ ਮਾਮਲੇ ਵੱਲੋਂ ਜਾਰੀ ਕੀਤੇ ਗਏ ਹਨ, ਜਿਸ ਦੀਆਂ ਕਾਪੀਆਂ ਸਮੂਹ ਮੁਖੀਆਂ ਅਤੇ ਵਿੱਤ ਅਫ਼ਸਰ ਨੂੰ ਕਾਰਵਾਈ ਹਿੱਤ ਭੇਜ ਦਿੱਤੀਆਂ ਗਈਆਂ ਹਨ।