ਸਾਲ 2021 ’ਚ ‘ਪੰਜਾਬੀ ਜਾਗਰਣ’ ਵੱਲੋਂ ਉਜਾਗਰ ਕੀਤੇ ਗਏ ਇਸ ਮਾਮਲੇ ’ਚ ਇਹ ਕਾਰਵਾਈ ਜਾਂਚ ਕਮੇਟੀ ਦੀ ਇੱਕ ਸੀਲਬੰਦ ਰਿਪੋਰਟ ਦੇ ਅਧਾਰ ’ਤੇ ਕੀਤੀ ਗਈ ਹੈ। ਸਾਲਾਂ ਤੋਂ ਚੱਲ ਰਹੀ ਇਸ ਜਾਂਚ ਨੇ ਹੁਣ ਨਵਾਂ ਮੋੜ ਲੈ ਲਿਆ ਹੈ। 8 ਨਵੇਂ ਕਰਮਚਾਰੀਆਂ ਨੂੰ ਚਾਰਜਸ਼ੀਟ ਕੀਤੇ ਜਾਣ ਨਾਲ ਯੂਨੀਵਰਸਿਟੀ ਦੇ ਪ੍ਰਬੰਧਕੀ ਹਲਕਿਆਂ ’ਚ ਭਾਜੜ ਪੈ ਗਈ ਹੈ।

ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ: ਪੰਜਾਬੀ ਯੂਨੀਵਰਸਿਟੀ ਪਟਿਆਲਾ ’ਚ ਹੋਏ ਕਰੋੜਾਂ ਰੁਪਏ ਦੇ ਬਹੁ-ਚਰਚਿਤ ਫੰਡ ਘਪਲੇ ’ਚ ਯੂਨੀਵਰਸਿਟੀ ਪ੍ਰਸ਼ਾਸਨ ਨੇ ਸਖ਼ਤ ਰੁਖ਼ ਇਖ਼ਤਿਆਰ ਕਰਦਿਆਂ 8 ਹੋਰ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਚਾਰਜਸ਼ੀਟ ਕਰ ਦਿੱਤਾ ਹੈ। ਇਸ ਚਾਰਜਸ਼ੀਟ ’ਚ ਸੱਤ ਗੈ਼ਰ ਅਧਿਆਪਨ ਅਤੇ ਇਕ ਅਧਿਆਪਨ ਦੇ ਅਧਿਕਾਰੀ ਤੇ ਕਰਮਚਾਰੀਆਂ ਦਾ ਨਾਮ ਸ਼ਾਮਲ ਹੈ। ਸਾਲ 2021 ’ਚ ‘ਪੰਜਾਬੀ ਜਾਗਰਣ’ ਵੱਲੋਂ ਉਜਾਗਰ ਕੀਤੇ ਗਏ ਇਸ ਮਾਮਲੇ ’ਚ ਇਹ ਕਾਰਵਾਈ ਜਾਂਚ ਕਮੇਟੀ ਦੀ ਇੱਕ ਸੀਲਬੰਦ ਰਿਪੋਰਟ ਦੇ ਅਧਾਰ ’ਤੇ ਕੀਤੀ ਗਈ ਹੈ। ਸਾਲਾਂ ਤੋਂ ਚੱਲ ਰਹੀ ਇਸ ਜਾਂਚ ਨੇ ਹੁਣ ਨਵਾਂ ਮੋੜ ਲੈ ਲਿਆ ਹੈ। 8 ਨਵੇਂ ਕਰਮਚਾਰੀਆਂ ਨੂੰ ਚਾਰਜਸ਼ੀਟ ਕੀਤੇ ਜਾਣ ਨਾਲ ਯੂਨੀਵਰਸਿਟੀ ਦੇ ਪ੍ਰਬੰਧਕੀ ਹਲਕਿਆਂ ’ਚ ਭਾਜੜ ਪੈ ਗਈ ਹੈ।
ਪ੍ਰਸ਼ਾਸਨ ਵੱਲੋਂ ਕੀਤੀ ਗਈ ਕਾਰਵਾਈ ਇਹ ਸੰਕੇਤ ਦਿੰਦੀ ਹੈ ਕਿ ਆਉਣ ਵਾਲੇ ਦਿਨਾਂ ’ਚ ਇਸ ਘਪਲੇ ਵਿੱਚ ਸ਼ਾਮਲ ਕੁਝ ਹੋਰ ਵੱਡੇ ਚਿਹਰੇ ਵੀ ਬੇਨਕਾਬ ਹੋ ਸਕਦੇ ਹਨ। ਪੁਲਿਸ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਹੁਣ ਇਸ ਗੱਲ ’ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ ਕਿ ਗਬਨ ਕੀਤੀ ਗਈ ਰਾਸ਼ੀ ਦੀ ਵਸੂਲੀ ਕਿਵੇਂ ਕੀਤੀ ਜਾਵੇ। ਇਹ ਘਪਲਾ ਸਾਲ 2021 ’ਚ ਸਾਹਮਣੇ ਆਇਆ ਸੀ ਜਦੋਂ ਇਹ ਪਤਾ ਲੱਗਾ ਕਿ ਯੂਨੀਵਰਸਿਟੀ ਦੇ ਕੁਝ ਮੁਲਾਜ਼ਮਾਂ ਨੇ ਮਿਲੀਭੁਗਤ ਕਰਕੇ ਸਰਕਾਰੀ ਫੰਡਾਂ ’ਚ ਸੰਨ੍ਹ ਲਗਾਈ ਹੈ। ਜਾਂਚ ਦੌਰਾਨ ਖ਼ੁਲਾਸਾ ਹੋਇਆ ਸੀ ਕਿ ਯੂਨੀਵਰਸਿਟੀ ਦੇ ਇੱਕ ਸੀਨੀਅਰ ਸਹਾਇਕ ਨੇ ਜਾਅਲੀ ਬਿੱਲ, ਫਰਜ਼ੀ ਮੋਹਰਾਂ ਅਤੇ ਜਾਅਲੀ ਦਸਤਖਤਾਂ ਦੇ ਸਹਾਰੇ ਲੱਖਾਂ ਰੁਪਏ ਦੀ ਰਾਸ਼ੀ ਆਪਣੇ ਅਤੇ ਆਪਣੇ ਸਾਥੀਆਂ ਦੇ ਬੈਂਕ ਖ਼ਾਤਿਆਂ ’ਚ ਜਮ੍ਹਾਂ ਕਰਵਾਈ ਸੀ। ਸ਼ੁਰੂਆਤੀ ਜਾਂਚ ਤੋਂ ਬਾਅਦ ਥਾਣਾ ਅਰਬਨ ਅਸਟੇਟ ਪੁਲਿਸ ਨੇ ਸੀਨੀਅਰ ਸਹਾਇਕ ਸਮੇਤ ਛੇ ਜਣਿਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਸੀ।
ਜਾਂਚ ’ਚ ਖ਼ੁਲਾਸੇ
ਯੂਨੀਵਰਸਿਟੀ ਵੱਲੋਂ ਆਪਣੇ ਪੱਧਰ ’ਤੇ ਜਾਰੀ ਅੰਦਰੂਨੀ ਜਾਂਚ ਦੌਰਾਨ ਕਈ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ। ਯੂਨੀਵਰਸਿਟੀ ਨੇ ਅਜਿਹੇ 12 ਮੁਲਾਜ਼ਮਾਂ ਦੀ ਸੂਚੀ ਤਿਆਰ ਕੀਤੀ ਸੀ ਜਿਨ੍ਹਾਂ ਦੇ ਬੈਂਕ ਖ਼ਾਤਿਆਂ ’ਚ ਸ਼ੱਕੀ ਤੌਰ ’ਤੇ 5 ਤੋਂ 12 ਲੱਖ ਰੁਪਏ ਦੀ ਰਾਸ਼ੀ ਜਮ੍ਹਾਂ ਹੋਈ ਸੀ। ਜਾਂਚ ’ਚ ਪਾਇਆ ਗਿਆ ਕਿ ਮੁੱਖ ਮੁਲਜ਼ਮ ਸੀਨੀਅਰ ਸਹਾਇਕ ਨੇ ਹੋਰ ਮੁਲਾਜ਼ਮਾਂ ਨੂੰ ਵੀ ਇਸ ਘਪਲੇ ਦਾ ਹਿੱਸੇਦਾਰ ਬਣਾਇਆ ਹੋਇਆ ਸੀ। ਸਰਕਾਰੀ ਫੰਡਾਂ ਨੂੰ ਹੜੱਪਣ ਲਈ ਯੂਨੀਵਰਸਿਟੀ ਦੀਆਂ ਫਰਜ਼ੀ ਮੋਹਰਾਂ ਅਤੇ ਉੱਚ ਅਧਿਕਾਰੀਆਂ ਦੇ ਜਾਅਲੀ ਦਸਤਖਤਾਂ ਦੀ ਵਰਤੋਂ ਕੀਤੀ ਗਈ ਸੀ।
ਭ੍ਰਿਸ਼ਟਾਚਾਰ ਦੇ ਮਾਮਲੇ ’ਚ ਬਖਸ਼ਿਆ ਨਹੀਂ ਜਾਵੇਗਾ : ਵੀਸੀ
ਮੌਜੂਦਾ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਦੱਸਿਆ ਕਿ ਇਹ ਇਕ ਪੁਰਾਣਾ ਅਤੇ ਗੰਭੀਰ ਮਾਮਲਾ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਪੱਧਰ ’ਤੇ ਬਣਾਈ ਗਈ ਜਾਂਚ ਕਮੇਟੀ ਵੱਲੋਂ ਇੱਕ ਲਿਫਾਫਾ ਬੰਦ ਰਿਪੋਰਟ ਪੇਸ਼ ਕੀਤੀ ਗਈ ਸੀ, ਜਿਸ ’ਚ ਕੁਝ ਹੋਰ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਨਾਮ ਸਾਹਮਣੇ ਆਏ ਹਨ। ਇਸੇ ਰਿਪੋਰਟ ਦੇ ਅਧਾਰ ’ਤੇ ਅੱਠ ਜਣਿਆਂ ਨੂੰ ਚਾਰਜਸ਼ੀਟ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ।