ਪੰਜਾਬ 'ਚ ਮਾਰਚ 'ਚ ਹੀ ਨਿਕਲੇ ਪਸੀਨੇ! ਵਧਣ ਲੱਗੀ ਬਿਜਲੀ ਦੀ ਮੰਗ; 8 ਹਜ਼ਾਰ ਮੈਗਾਵਾਟ ਦੇ ਨੇੜੇ ਪੁੱਜੀ ਮੰਗ
ਪਿਛਲੇ ਇਕ ਹਫ਼ਤੇ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਪਤਾ ਲਗਦਾ ਹੈ ਕਿ ਫਰਵਰੀ ਦੇ ਅਖੀਰ ਤੱਕ ਬਿਜਲੀ ਦੀ ਮੰਗ 6,000 ਤੋਂ 6,500 ਮੈਗਾਵਾਟ ਦੇ ਆਲੇ-ਦੁਆਲੇ ਸੀ। ਪਰ ਪਿਛਲੇ ਤਿੰਨ-ਚਾਰ ਦਿਨਾਂ ਵਿਚ ਤਾਪਮਾਨ 30 ਡਿਗਰੀ ਸੈਲਸੀਅਸ ਤੋਂ ਉੱਪਰ ਜਾਣ ਕਾਰਨ ਇਹ ਅੰਕੜਾ ਤੇਜ਼ੀ ਨਾਲ ਵਧਿਆ ਹੈ।
Publish Date: Sun, 08 Mar 2026 09:33 AM (IST)
Updated Date: Sun, 08 Mar 2026 09:37 AM (IST)

ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬ ਵਿਚ ਮਾਰਚ ਮਹੀਨੇ ਦੇ ਸ਼ੁਰੂਆਤੀ ਦਿਨਾਂ ਵਿਚ ਹੀ ਪਾਰਾ ਚੜ੍ਹਨ ਕਾਰਨ ਬਿਜਲੀ ਦੀ ਮੰਗ ਵੀ ਵਧਣ ਲੱਗੀ ਹੈ। ਸ਼ਨਿਚਰਵਾਰ ਨੂੰ ਸੂਬੇ ਵਿਚ ਬਿਜਲੀ ਦੀ ਵੱਧ ਤੋਂ ਵੱਧ ਮੰਗ 8 ਹਜ਼ਾਰ ਮੈਗਾਵਾਟ ਦੇ ਨੇੜੇ ਪੁੱਜ ਗਈ ਗਈ, ਜੋ ਕਿ ਆਮ ਦਿਨਾਂ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਹੈ। ਮਾਹਿਰਾਂ ਅਨੁਸਾਰ, ਇਸ ਸਾਲ ਗਰਮੀ ਦੀ ਤਿੱਖੀ ਲਹਿਰ ਕਾਰਨ ਏਅਰ ਕੰਡੀਸ਼ਨਰਾਂ ਅਤੇ ਕੂਲਰਾਂ ਦੀ ਵਰਤੋਂ ਸਮੇਂ ਤੋਂ ਪਹਿਲਾਂ ਸ਼ੁਰੂ ਹੋ ਗਈ ਹੈ। ਪਿਛਲੇ ਇਕ ਹਫ਼ਤੇ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਪਤਾ ਲਗਦਾ ਹੈ ਕਿ ਫਰਵਰੀ ਦੇ ਅਖੀਰ ਤੱਕ ਬਿਜਲੀ ਦੀ ਮੰਗ 6,000 ਤੋਂ 6,500 ਮੈਗਾਵਾਟ ਦੇ ਆਲੇ-ਦੁਆਲੇ ਸੀ। ਪਰ ਪਿਛਲੇ ਤਿੰਨ-ਚਾਰ ਦਿਨਾਂ ਵਿਚ ਤਾਪਮਾਨ 30 ਡਿਗਰੀ ਸੈਲਸੀਅਸ ਤੋਂ ਉੱਪਰ ਜਾਣ ਕਾਰਨ ਇਹ ਅੰਕੜਾ ਤੇਜ਼ੀ ਨਾਲ ਵਧਿਆ ਹੈ। ਜੇਕਰ ਪਿਛਲੇ ਸਾਲ ਮਾਰਚ 2025 ਦੀ ਗੱਲ ਕਰੀਏ, ਤਾਂ ਉਸ ਦੌਰਾਨ ਵੱਧ ਤੋਂ ਵੱਧ ਬਿਜਲੀ ਦੀ ਮੰਗ ਲਗਪਗ 7,200 ਮੈਗਾਵਾਟ ਦਰਜ ਕੀਤੀ ਗਈ ਸੀ। ਪਾਵਰਕਾਮ ਦੇ ਅਨੁਮਾਨਾਂ ਅਨੁਸਾਰ, ਜੂਨ-ਜੁਲਾਈ ਦੇ ਪੀਕ ਸੀਜ਼ਨ ਦੌਰਾਨ, ਜਦੋਂ ਝੋਨੇ ਦੀ ਲਵਾਈ ਸ਼ੁਰੂ ਹੁੰਦੀ ਹੈ, ਬਿਜਲੀ ਦੀ ਮੰਗ 16,000 ਤੋਂ 17 ਹਜ਼ਾਰ ਮੈਗਾਵਾਟ ਤੱਕ ਪਹੁੰਚਣ ਦੀ ਉਮੀਦ ਹੈ। ਇਹ ਪੰਜਾਬ ਦੇ ਇਤਿਹਾਸ ਵਿਚ ਹੁਣ ਤੱਕ ਦੀ ਸਭ ਤੋਂ ਵੱਧ ਮੰਗ ਹੋ ਸਕਦੀ ਹੈ। ਪਾਵਰਕਾਮ ਨੇ ਵਧਦੀ ਮੰਗ ਨੂੰ ਮੁੱਖ ਰੱਖਦਿਆਂ ਪੁਖ਼ਤਾ ਪ੍ਰਬੰਧ ਕਰਨ ਦਾ ਦਾਅਵਾ ਕੀਤਾ ਹੈ। ਪਾਵਰਕਾਮ ਨੇ ਬਾਹਰੀ ਰਾਜਾਂ ਅਤੇ ਕੇਂਦਰੀ ਪੂਲ ਤੋਂ ਵਾਧੂ ਬਿਜਲੀ ਖ਼ਰੀਦਣ ਲਈ ਅਗਾਊਂ ਪ੍ਰਬੰਧ ਕੀਤੇ ਹਨ। ਸੂਬੇ ਦੇ ਥਰਮਲ ਪਲਾਂਟਾਂ ਵਿਚ ਕੋਲੇ ਦੀ ਨਿਰੰਤਰ ਸਪਲਾਈ ਯਕੀਨੀ ਬਣਾਈ ਜਾ ਰਹੀ ਹੈ ਤਾਂ ਜੋ ਉਤਪਾਦਨ ਵਿਚ ਕੋਈ ਰੁਕਾਵਟ ਨਾ ਆਵੇ। ਗਰਮੀਆਂ ਵਿਚ ਓਵਰਲੋਡਿੰਗ ਦੀ ਸਮੱਸਿਆ ਨੂੰ ਰੋਕਣ ਲਈ ਟਰਾਂਸਫਾਰਮਰਾਂ ਅਤੇ ਲਾਈਨਾਂ ਦੀ ਮੁਰੰਮਤ ਦਾ ਕੰਮ ਤੇਜ਼ੀ ਨਾਲ ਮੁਕੰਮਲ ਕੀਤਾ ਜਾ ਰਿਹਾ ਹੈ। ਪਾਵਰਕਾਮ ਦੇ ਅਧਿਕਾਰੀਆਂ ਨੇ ਖ਼ਪਤਕਾਰਾਂ ਨੂੰ ਅਪੀਲ ਕੀਤੀ ਹੈ ਕਿ ਬਿਜਲੀ ਦੀ ਵਰਤੋਂ ਜ਼ਰੂਰਤ ਅਨੁਸਾਰ ਹੀ ਕੀਤੀ ਜਾਵੇ, ਵਾਧੂ ਬਿਜਲੀ ਉਪਕਰਨ ਬੰਦ ਰੱਖੇ ਜਾਣ ਤਾਂ ਜੋ ਸਿਸਟਮ 'ਤੇ ਵਾਧੂ ਬੋਝ ਨਾ ਪਵੇ।