ਹਰਿਆਣਾ ’ਚ ਫੜੀ ਪੰਜਾਬ ਮਾਰਕਾ ਸ਼ਰਾਬ, ਪਟਿਆਲੇ ਨਾਲ ਜੁੜੇ ਤਾਰ; ਸੋਨੀਪਤ ਪੁਲਿਸ ਦੀਆਂ ਟੀਮਾਂ ਪਟਿਆਲਾ ਪੁੱਜੀਆਂ
ਸੂਤਰਾਂ ਅਨੁਸਾਰ ਹਰਿਆਣਾ ਵਿੱਚ ਵੱਡੀ ਮਾਤਰਾ ਵਿੱਚ ਫੜੀ ਗਈ ਇਸ ਸ਼ਰਾਬ ਦੇ ਸਰੋਤ ਦੀ ਭਾਲ ਕਰਦਿਆਂ ਸੋਨੀਪਤ ਪੁਲਿਸ ਦੀਆਂ ਟੀਮਾਂ ਪਟਿਆਲਾ ਪਹੁੰਚੀਆਂ ਹਨ। ਪੁਲਿਸ ਵੱਲੋਂ ਸ਼ਹਿਰ ਦੀ ਅਨਾਜ ਮੰਡੀ, ਫੋਕਲ ਪੁਆਇੰਟ ਅਤੇ ਹੋਰ ਟਿਕਾਣਿਆਂ ’ਤੇ ਬਾਰੀਕੀ ਨਾਲ ਜਾਂਚ ਕੀਤੀ ਹੈ।
Publish Date: Fri, 27 Feb 2026 12:16 PM (IST)
Updated Date: Fri, 27 Feb 2026 12:21 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬ ਤੇ ਹਰਿਆਣਾ ਦੇ ਸਰਹੱਦੀ ਇਲਾਕਿਆਂ ਵਿੱਚ ਨਾਜਾਇਜ਼ ਸ਼ਰਾਬ ਦੀ ਤਸਕਰੀ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ। ਹਰਿਆਣਾ ਪੁਲਿਸ ਵੱਲੋਂ ਪੰਜਾਬ ਮਾਰਕਾ ਸ਼ਰਾਬ ਦੀਆਂ ਦੋ ਗੱਡੀਆਂ ਜ਼ਬਤ ਕੀਤੇ ਜਾਣ ਤੋਂ ਬਾਅਦ ਇਸ ਦੇ ਤਾਰ ਸਿੱਧੇ ਤੌਰ ’ਤੇ ਪਟਿਆਲਾ ਨਾਲ ਜੁੜਦੇ ਨਜ਼ਰ ਆ ਰਹੇ ਹਨ। ਇਸ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਹਰਿਆਣਾ ਦੀ ਸੋਨੀਪਤ ਪੁਲਿਸ ਪਟਿਆਲਾ ਵਿਚ ਜਾਂਚ ਕਰ ਰਹੀ ਹੈ। ਇਸ ਸਬੰਧੀ ਏਈਟੀਸੀ ਰਾਜੇਸ਼ ਕੁਮਾਰ ਐਰੀ ਦਾ ਕਹਿਣਾ ਹੈ ਕਿ ਫਿਲਹਾਲ ਇਸ ਮਾਮਲੇ ਬਾਰੇ ਜਾਣਕਾਰੀ ਨਹੀਂ ਹੈ, ਸਬੰਧਤ ਅਧਿਕਾਰੀਆਂ ਤੋਂ ਰਿਪੋਰਟ ਲਈ ਜਾਵੇਗੀ।
ਸੂਤਰਾਂ ਅਨੁਸਾਰ ਹਰਿਆਣਾ ਵਿੱਚ ਵੱਡੀ ਮਾਤਰਾ ਵਿੱਚ ਫੜੀ ਗਈ ਇਸ ਸ਼ਰਾਬ ਦੇ ਸਰੋਤ ਦੀ ਭਾਲ ਕਰਦਿਆਂ ਸੋਨੀਪਤ ਪੁਲਿਸ ਦੀਆਂ ਟੀਮਾਂ ਪਟਿਆਲਾ ਪਹੁੰਚੀਆਂ ਹਨ। ਪੁਲਿਸ ਵੱਲੋਂ ਸ਼ਹਿਰ ਦੀ ਅਨਾਜ ਮੰਡੀ, ਫੋਕਲ ਪੁਆਇੰਟ ਅਤੇ ਹੋਰ ਟਿਕਾਣਿਆਂ ’ਤੇ ਬਾਰੀਕੀ ਨਾਲ ਜਾਂਚ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਛਾਪੇਮਾਰੀ ਵੱਡੇ ਸ਼ਰਾਬ ਕਾਰੋਬਾਰੀ ਦੇ ਕਾਰੋਬਾਰੀ ਸਥਾਨਾਂ ’ਤੇ ਕੀਤੀ ਜਾ ਰਹੀ ਹੈ, ਜਿਸ ਦੀ ਪਛਾਣ ਫਿਲਹਾਲ ਗੁਪਤ ਰੱਖੀ ਗਈ ਹੈ।
ਦੂਜੇ ਪਾਸੇ ਹਰਿਆਣਾ ਵਿੱਚ ਪੰਜਾਬ ਦੀ ਸ਼ਰਾਬ ਫੜੇ ਜਾਣ ਦੀ ਖ਼ਬਰ ਨੇ ਪਟਿਆਲਾ ਦੇ ਆਬਕਾਰੀ (ਐਕਸਾਈਜ਼) ਵਿਭਾਗ ਦੇ ਅਧਿਕਾਰੀਆਂ ਨੂੰ ਵੀ ਭਾਜੜਾਂ ਪਾ ਦਿੱਤੀਆਂ ਹਨ। ਵਿਭਾਗ ਵੱਲੋਂ ਹੁਣ ਆਪਣੇ ਪੱਧਰ ’ਤੇ ਠੇਕੇਦਾਰ ਦੇ ਸਟਾਕ ਅਤੇ ਮਾਲ ਦੇ ਰਿਕਾਰਡ ਦੀ ਮੁੜ-ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਸ਼ਰਾਬ ਗੈਰ-ਕਾਨੂੰਨੀ ਢੰਗ ਨਾਲ ਹਰਿਆਣਾ ਵਿਚ ਕਿੱਥੋਂ ਤੇ ਕਿਵੇਂ ਪਹੁੰਚੀ। ਅਧਿਕਾਰੀ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਕੀ ਇਹ ਮਾਲ ਫੈਕਟਰੀ ਤੋਂ ਸਿੱਧਾ ਨਿਕਲਿਆ ਸੀ ਜਾਂ ਕਿਸੇ ਗੋਦਾਮ ਵਿੱਚੋਂ ਤਸਕਰੀ ਰਾਹੀਂ ਭੇਜਿਆ ਗਿਆ ਸੀ। ਹਰਿਆਣਾ ਪੁਲਿਸ ਵੱਲੋਂ ਕੀਤੀ ਜਾ ਰਹੀ ਇਸ ਸਖ਼ਤ ਕਾਰਵਾਈ ਤੋਂ ਸੰਕੇਤ ਮਿਲ ਰਹੇ ਹਨ ਕਿ ਇਹ ਸਿਰਫ਼ ਦੋ ਗੱਡੀਆਂ ਦਾ ਮਾਮਲਾ ਨਹੀਂ, ਸਗੋਂ ਇਸ ਪਿੱਛੇ ਕੋਈ ਵੱਡਾ ਅੰਤਰ-ਰਾਜੀ ਤਸਕਰੀ ਨੈੱਟਵਰਕ ਕੰਮ ਕਰ ਰਿਹਾ ਹੋ ਸਕਦਾ ਹੈ। ਆਉਣ ਵਾਲੇ ਦਿਨਾਂ ਵਿੱਚ ਇਸ ਮਾਮਲੇ ਵਿੱਚ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਅਤੇ ਕੁਝ ਵੱਡੇ ਨਾਂ ਇਸ ਸ਼ਿਕੰਜੇ ਵਿੱਚ ਫਸ ਸਕਦੇ ਹਨ।