ਅਪ੍ਰੈਂਟਿਸਸ਼ਿਪ ਕਰ ਰਹੇ ਨੌਜਵਾਨਾਂ ਨੇ ਕੱਢਿਆ ਰੋਸ ਮਾਰਚ
ਅਪ੍ਰੇਟਿਸਸ਼ਿਪ ਕਰ ਰਹੇ ਨੌਜਵਾਨਾ ਨੇ ਕੱਢਿਆ ਰੋਸ਼ ਮਾਰਚ
Publish Date: Tue, 21 Apr 2026 06:59 PM (IST)
Updated Date: Tue, 21 Apr 2026 07:01 PM (IST)

-ਅਪ੍ਰੈਂਟਿਸਸ਼ਿਪ ਕਰ ਰਹੇ ਨੌਜਵਾਨਾਂ ਦਾ ਧਰਨਾ ਚੌਦਵੇਂ ਦਿਨ ਵੀ ਜਾਰੀ - ਪੰਜ ਨੌਜਵਾਨਾਂ ਦੀ 5 ਦਿਨ ਤੋਂ ਭੁੱਖ ਹੜਤਾਲ ਵੀ ਜਾਰੀ ਫੋਟੋ 21ਪੀਟੀਐੱਲ- 37 ਸਟਾਫ ਰਿਪੋਰਟਰ, •ਪੰਜਾਬੀ ਜਾਗਰਣ, •ਪਟਿਆਲਾ : ਪੰਜਾਬ ਸਰਕਾਰ ਵੱਲੋਂ ਪੀਐੱਸਪੀਸੀਐੱਲ ਅਤੇ ਪੀਐੱਸਟੀਸੀਐੱਲ ਵਿਚ ਲਿਆਏ ਗਏ ਇਸ ਸੋਧ ਬਿੱਲ ਵਿਚ ਅਪ੍ਰੈਂਟਿਸਸ਼ਿਪ ਲਾਜ਼ਮੀ ਨੂੰ ਖਤਮ ਕਰਕੇ ਸਿੱਧੀ ਭਰਤੀ ਕਰਨ ਦਾ ਅਪ੍ਰੈਂਟਿਸਸ਼ਿਪ ਕਰ ਰਹੇ 2600 ਸਿਖਆਰਥੀਆਂ ਵੱਲੋਂ ਵਿਰੋਧ ਜਾਰੀ ਹੈ। ਇਸ ਮੰਗ ਨੂੰ ਲੈ ਕੇ ਉਕਤ ਨੌਜਵਾਨਾਂ ਵੱਲੋਂ ਪਾਵਰਕਾਮ ਦੇ ਮੁੱਖ ਦਫਤਰ ਅੱਗੇ ਸ਼ੁਰੂ ਕੀਤਾ ਪੱਕਾ ਮੋਰਚਾ ਮੰਗਲਵਾਰ ਨੂੰ 14ਵੇਂ ਦਿਨ ਵੀ ਜਾਰੀ ਰਿਹਾ, ਜਿਸ ਦੌਰਾਨ ਪੰਜ ਨੌਜਵਾਨਾਂ ਵੱਲੋਂ ਰੱਖੀ ਗਈ ਭੁੱਖ ਹੜਤਾਲ ਵੀ ਅੱਜ ਪੰਜਵੇਂ ਦਿਨ ’ਚ ਦਾਖਲ ਹੋ ਗਈ। ਮੰਗਲਵਾਰ ਨੂੰ ਰੋਸ ਵਜੋਂ ਉਕਤ ਧਰਨਾਕਾਰੀਆਂ ਵੱਲੋਂ ਸ਼ਹਿਰ ’ਚ ਰੋਸ ਮਾਰਚ ਵੀ ਕੱਢਿਆ ਗਿਆ ਤੇ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਸੁਰਿੰਦਰ ਸਿੰਘ ਜਲਾਲਾਬਾਦ ਨੇ ਦੱਸਿਆ ਕਿ ਬਿਜਲੀ ਨਿਗਮ ਦੁਆਰਾ ਜੋਂ ਬਿਲ ਲਿਆਂਦਾ ਗਿਆ ਹੈ ਉਸ ਵਿਚ ਆਈਟੀਆਈ ਪਾਸ ਨੂੰ ਸਿੱਧਾ ਸਹਾਇਕ ਲਾਈਨਮੈਨ ਭਰਤੀ ਕਰਨ ਉਪਰੰਤ 6 ਮਹੀਨੇ ਦੀ ਆਨ ਜਾਬ ਟ੍ਰੇਨਿੰਗ ਦਿੱਤੀ ਜਾਵੇਗੀ ਪਰ ਅਸੀਂ ਇਨ੍ਹਾਂ ਸਾਰੀਆਂ ਸ਼ਰਤਾਂ ਨੂੰ ਪੂਰਾ ਕਰਦੇ ਹਾਂ ਤੇ ਕਰੀਬ ਸਾਢੇ ਚਾਰ ਮਹੀਨੇ ਦੀ ਟ੍ਰੇਨਿੰਗ ਪੂਰੀ ਹੋ ਚੁੱਕੀ ਹੈ ਤੇ ਸਾਨੂੰ ਛੇ ਮਹੀਨੇ ਦੀ ਟ੍ਰੇਨਿੰਗ ਕਰਨ ਉਪਰੰਤ ਪਹਿਲ ਦੇ ਆਧਾਰ ’ਤੇ ਸਹਾਇਕ ਲਾਈਨਮੈਨ ਰੈਗੂਲਰ ਕੀਤਾ ਜਾਵੇ। ਉਨ੍ਹਾਂ ਇਲਜਾਮ ਲਗਾਇਆ ਕਿ ਸਰਕਾਰ ਹੋਰਨਾਂ ਰਾਜਾਂ ਦੇ ਵਿਅਕਤੀ ਭਰਤੀ ਕਰਨ ਲਈ ਰੂਲ ਬਦਲ ਰਹੀ ਹੈ। ਉਨ੍ਹਾਂ ਆਖਿਆ ਕਿ ਬਿਜਲੀ ਮੰਤਰੀ ਸਮੇਤ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਕਈ ਬੈਠਕਾਂ ਵੀ ਹੋ ਚੁੱਕੀਆਂ ਹਨ ਪਰ ਉਨ੍ਹਾਂ ਦੀ ਮੰਗ ਨਹੀਂ ਮੰਨੀ ਜਾ ਰਹੀ। ਉਨ੍ਹਾਂ ਕਿਹਾ ਕਿ ਯੂਨੀਅਨ ਦੇ 5 ਸਾਥੀ ਭੁੱਖ ਹੜਤਾਲ ’ਤੇ ਬੈਠੇ ਹਨ ਅਤੇ ਜੇਕਰ ਉਨ੍ਹਾਂ ਦੀ ਸੁਣਵਾਈ ਨਹੀਂ ਹੁੰਦੀ ਤਾਂ ਹੋਰ ਸਾਥੀ ਵੱਲੋਂ ਟਾਵਰਾ ’ਤੇ ਚੜਿਆ ਜਾਵੇਗਾ ਅਤੇ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਛੇ ਮਹੀਨੇ ਦੀ ਟ੍ਰੇਨਿੰਗ ਕਰਨ ਉਪਰੰਤ ਮਹਿਕਮੇ ਵਿਚ ਪਹਿਲ ਦੇ ਆਧਾਰ ਤੇ ਸਹਾਇਕ ਲਾਈਨਮੈਨ ਰੈਗੂਲਰ ਕੀਤਾ ਜਾਵੇ। ਇਸ ਮੌਕੇ ਪ੍ਰਧਾਨ ਸੁਰਿੰਦਰ ਸਿੰਘ, ਸਕੱਤਰ ਫਤਿਹ ਸਿੰਘ, ਪ੍ਰਬਧਕ ਵਿਜੈ ਕੁਮਾਰ, ਜਤਿੰਦਰ ਸਿੰਘ ਸੰਧੂ,ਮਨਪ੍ਰੀਤ,ਰਾਜਨ ਕੰਬੋਜ,ਰਾਜ ਸਿੰਘ,ਸਤਨਾਮ ਸਿੰਘ ਅਤੇ ਬਾਕੀ ਹੋਰ ਕਮੇਟੀ ਉਹਦੇਦਾਰ ਵੀ ਮੌਜੂਦ ਰਹੇ।