ਨੌਜਵਾਨਾਂ ਵੱਲੋਂ ਭੁੱਖ ਹੜਤਾਲ ਮਰਨ ਵਰਤ ’ਚ ਬਦਲਣ ਦੀ ਧਮਕੀ
ਨੌਜਵਾਨਾਂ ਵੱਲੋਂ ਭੁੱਖ ਹੜਤਾਲ ਮਰਨ ਵਰਤ ’ਚ ਬਦਲਣ ਦੀ ਧਮਕੀ
Publish Date: Fri, 17 Apr 2026 08:37 PM (IST)
Updated Date: Sat, 18 Apr 2026 04:13 AM (IST)

ਪਾਵਰਕਾਮ ਦੇ ਮੁੱਖ ਗੇਟ ਅੱਗੇ ਨੌਜਵਾਨਾਂ ਦੀ ਭੁੱਖ ਹੜਤਾਲ ਤੀਜੇ ਦਿਨ ਵੀ ਜਾਰੀ- ਸਟਾਫ ਰਿਪੋਰਟਰ, •ਪੰਜਾਬੀ ਜਾਗਰਣ, •ਪਟਿਆਲਾ ਪੰਜਾਬ ਸਰਕਾਰ ਵੱਲੋਂ ਪੀਐਸਪੀਸੀਐਲ ਅਤੇ ਪੀਐਸਟੀਸੀਐਲ ’ਚ ਲਿਆਏ ਗਏ ਸੋਧ ਬਿੱਲ ਵਿੱਚ ਅਪ੍ਰੈਂਟਿਸਸ਼ਿਪ ਲਾਜ਼ਮੀ ਨੂੰ ਖਤਮ ਕਰਕੇ ਸਿੱਧੀ ਭਰਤੀ ਕਰਨ ਲਈ ਦਾ ਅਪ੍ਰੈਂਟਿਸਸ਼ਿਪ ਕਰ ਰਹੇ 2600 ਸਿਖਿਆਰਥੀਆਂ ਵੱਲੋਂ ਵਿਰੋਧ ਕਰਦਿਆਂ ਪਿਛਲੇ ਦਿਨਾਂ ਤੋਂ ਪਾਵਰਕਾਮ ਦੇ ਮੁੱਖ ਦਫਤਰ ਅੱਗੇ ਲਗਾਇਆ ਧਰਨਾ ਸ਼ੁੱਕਰਵਾਰ ਨੂੰ ਵੀ ਜਾਰੀ ਰਿਹਾ, ਜਿਸ ਦੌਰਾਨ ਸੰਘਰਸ਼ ਕਰ ਰਹੇ ਨੌਜਵਾਨਾਂ ਵਿਚੋਂ ਪੰਜ ਨੌਜਵਾਨਾਂ ਵੱਲੋਂ ਕੀਤੀ ਗਈ ਭੁੱਖ ਹੜਤਾਲ ਵੀ ਤੀਜੇ ਦਿਨ ’ਚ ਦਾਖਲ ਹੋ ਗਈ। ਇਸ ਦੌਰਾਨ 2600 ਅਪਰੈਂਟਸ਼ਿਪ ਯੂਨੀਅਨ ਦੇ ਬੈਨਰ ਹੇਠ ਇਕੱਠੇ ਹੋਏ ਨੌਜਵਾਨਾਂ ਨੇ ਪਾਵਰਕਾਮ ਦੇ ਮੁੱਖ ਦਫਤਰ ਦੇ ਦੋਨੋਂ ਗੇਟ ਬੰਦ ਕਰਕੇ ਨਾਅਰੇਬਾਜੀ ਕੀਤੀ ਗਈ ਅਤੇ ਭੁੱਖ ਹੜਤਾਲ ’ਤੇ ਬੈਠੇ ਨੌਜਵਾਨਾਂ ਨੇ ਮੰਗਾਂ ਨਾ ਮੰਨਣ ’ਤੇ ਭੁੱਖ ਹੜਤਾਲ ਨੂੰ ਮਰਨ ਵਰਤ ’ਚ ਬਦਲਣ ਦੀ ਵੀ ਧਮਕੀ ਦਿੱਤੀ। ਦੂਜੇ ਪਾਸੇ ਜਦੋਂ ਉਕਤ ਧਰਨਾਕਾਰੀਆਂ ਵੱਲੋਂ ਪਾਵਰਕਾਮ ਦਾ ਦੂਜੇ ਗੇਟ ਬੰਦ ਕਰਕੇ ਰੋਡ ਜਾਮ ਕੀਤਾ ਗਿਆ ਤਾਂ ਮੌਕੇ ’ਤੇ ਪਹੁੰਚੇ ਡੀਐਸਪੀ ਸਤਨਾਮ ਸਿੰਘ ਧਰਨਾਕਾਰੀਆਂ ’ਤੇ ਭੜਕ ਉੱਠੇ ਤੇ ਜਬਰਦਸਤੀ ਰੋਡ ਬੰਦ ਕਰਨ ’ਤੇ ਆਖਿਆ ਕਿ ਜੇਕਰ ਸੜਕ ਨਾ ਖੋਲ੍ਹੀ ਗਈ ਤਾਂ ਉਨ੍ਹਾਂ ਨੂੰ ਜਬਰਦਸਤੀ ਕਰਨੀ ਵੀ ਆਉਂਦੀ ਹੈ। ਧਰਨਾਕਾਰੀ ਮੁੜ ਆਪਣੇ ਪਹਿਲਾਂ ਦੇ ਧਰਨਾ ਸਥਾਨ ’ਤੇ ਵਾਪਸ ਚਲੇ ਗਏ। 2600 ਅਪਰੈਂਟਸ਼ਿਪ ਯੂਨੀਅਨ ਦੇ ਸੂਬਾ ਪ੍ਰਧਾਨ ਸੁਰਿੰਦਰ ਸਿੰਘ ਜਲਾਲਾਬਾਦ ਨੇ ਦੱਸਿਆ ਕਿ ਬਿਜਲੀ ਨਿਗਮ ਦੁਆਰਾ ਜੋਂ ਬਿਲ ਲਿਆਂਦਾ ਗਿਆ ਹੈ ਉਸ ਵਿਚ ਆਈਟੀਆਈ ਪਾਸ ਨੂੰ ਸਿੱਧਾ ਸਹਾਇਕ ਲਾਈਨਮੈਨ ਭਰਤੀ ਕਰਨ ਉਪਰੰਤ 6 ਮਹੀਨੇ ਦੀ ਆਨ ਜੌਬ ਟ੍ਰੇਨਿੰਗ ਦਿੱਤੀ ਜਾਵੇਗੀ ਪਰ ਯੂਨੀਅਨ ਵੱਲੋ ਕਿਹਾ ਗਿਆ ਕਿ ਅਸੀਂ ਇਨਾਂ ਸਾਰੀਆ ਸ਼ਰਤਾ ਨੂੰ ਪੂਰਾ ਕਰਦੇ ਹਾਂ ਕਿਉੰਕਿ ਅਸੀਂ ਲਿਖਤੀ ਪੇਪਰ ਪਾਸ ਕਰਕੇ ਅਤੇ ਮੈਡੀਕਲ ਕਰਵਾਉਣ ਬਾਅਦ ਹੁਣ ਕਰੀਬ ਸਾਢੇ ਚਾਰ ਮਹੀਨੇ ਦੀ ਟ੍ਰੇਨਿੰਗ ਪੂਰੀ ਹੋ ਚੁੱਕੀ ਹੈ ਤੇ ਸਾਨੂੰ ਛੇ ਮਹੀਨੇ ਦੀ ਟ੍ਰੇਨਿੰਗ ਕਰਨ ਉਪਰੰਤ ਮਹਿਕਮੇ ਵਿਚ ਪਹਿਲ ਦੇ ਆਧਾਰ ’ਤੇ ਸਹਾਇਕ ਲਾਈਨਮੈਨ ਰੈਗੂਲਰ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵੱਖ ਵੱਖ ਸਮੇ ਬਿਜਲੀ ਮੰਤਰੀ ਤੇ ਹੋਰਨਾਂ ਨਾਲ ਮੀਟਿੰਗਾਂ ਵੀ ਹੋਈਆ ਪਰ ਕੋਈ ਹੱਲ ਨਾ ਨਿਕਲਣ ’ਤੇ ਪੱਕਾ ਧਰਨਾ ਲਗਾਉਣਾ ਪਿਆ ਹੈ। ਯੂਨੀਅਨ ਵਲੋ ਇਹ ਵੀ ਆਖਿਆ ਗਿਆ ਕਿ ਜੇਕਰ ਸਾਡੀ ਮੰਗ ਨੂੰ ਜਲਦੀ ਪੂਰਾ ਨਹੀਂ ਕੀਤਾ ਗਿਆ ਤਾਂ ਅਸੀਂ ਜਲਦੀ ਹੀ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਾਗੇ ਅਤੇ ਭੁੱਖ ਹੜਤਾਲ ਨੂੰ ਮਰਨ ਵਰਤ ’ਚ ਬਦਲ ਦਿੱਤਾ ਜਾਵੇਗਾ। ਇਸ ਦੌਰਾਨ ਦੇਰ ਸ਼ਾਮ ਖਬਰ ਲਿਖੇ ਜਾਣ ਤੱਕ ਉਕਤ ਨੌਜਵਾਨਾਂ ਤੇ ਵਿਭਾਗ ਦੇ ਉੱਚ ਅਧਿਕਾਰੀਆਂ ’ਚ ਵਿਚਕਾਰ ਦੂਜੇ ਦੌਰ ਦੀ ਮੀਟਿੰਗ ਜਾਰੀ ਸੀ। ਡੱਬੀ- ਵਿਭਾਗ ਵੱਲੋਂ 3000 ਸਹਾਇਕ ਲਾਈਨਮੈਨਾਂ ਦੀ ਭਰਤੀ ਰੱਦ ਪੀਐਸਪੀਸੀਐਲ ਵੱਲੋਂ ਕੱਢੀ 3000 ਸਹਾਇਕ ਲਾਈਨਮੈਨਾਂ ਦੀ ਭਰਤੀ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਸਬੰਧੀ ਪੀਐਸਪੀਸੀਐਲ ਸ਼ੁੱਕਰਵਾਰ ਨੂੰ ਪੱਤਰ ਜਾਰੀ ਕੀਤਾ ਗਿਆ ਹੈ ਕਿ ਭਰਤੀ ਨੂੰ ਤੁਰੱਤ ਪ੍ਰਭਾਵ ਨਾਲ ਰੱਦ ਕੀਤਾ ਜਾਂਦਾ ਹੈ। ਪਾਵਰਕਾਮ ਅਧਿਕਾਰੀਆਂ ਵੱਲੋਂ ਇਹ ਪੱਤਰ ਧਰਨਾ ਪ੍ਰਦਰਸਨ ਕਰ ਰਹੇ ਨੌਜਵਾਨਾਂ ਨੂੰ ਸੌਂਪਦਿਆਂ ਹੜਤਾਲ ਖਤਮ ਕਰਨ ਦੀ ਅਪੀਲ ਕੀਤੀ। ਇਸ ਸਬੰਧ ’ਚ ਵਿਭਾਗ ਦੇ ਉੱਚ ਅਧਿਕਾਰੀਆਂ ਤੇ 2600 ਅਪਰੈਂਟਸ਼ਿਪ ਯੂਨੀਅਨ ਦੇ ਆਗੂਆਂ ਦੀ ਮੁੱਖ ਦਫਤਰ ’ਚ ਮੀਟਿੰਗ ਵੀ ਹੋਈ। ਪਾਵਰਕਾਮ ਵੱਲੋਂ ਧਰਨਾ ਖਤਮ ਕਰਵਾਉਣ ਲਈ ਉਕਤ ਪ੍ਰਦਰਸ਼ਨਕਾਰੀਆਂ ਨਾਲ ਦੋ ਮੀਟਿੰਗਾਂ ਹੋਈਆਂ । ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਪੀਐਸਪੀਸੀਐਲ ਅਤੇ ਪੀਐਸਟੀਸੀਐਲ ’ਚ ਲਿਆਏ ਗਏ ਸੋਧ ਬਿੱਲ ਵਿੱਚ ਅਪ੍ਰੈਂਟਿਸਸ਼ਿਪ ਲਾਜ਼ਮੀ ਨੂੰ ਖਤਮ ਕਰਕੇ ਸਿੱਧੀ ਭਰਤੀ ਕਰਨ ਲਈ ਇਸਿਤਿਹਾਰ ਜਾਰੀ ਕੀਤਾ ਗਿਆ ਸੀ, ਜਿਸ ਦਾ ਐਪ੍ਰੈਟਿਂਸਸਿਪ ਕਰ ਰਹੇ ਨੌਜਵਾਨਾਂ ਵੱਲੋਂ ਵਿਰੋਧ ਕਰਦਿਆ ਵਾਪਰਕਾਮ ਦੇ ਮੁੱਖ ਦਫਤਰ ਸਾਹਮਣੇ ਪੱਕਾ ਮੋਰਚਾ ਲਗਾਇਆ ਹੋਇਆ ਸੀ ਤੇ ਪੰਜ ਨੌਜਵਾਨ ਪਿਛਲੇ ਤਿੰਨ ਦਿਨਾਂ ਤੋਂ ਭੁੱਖ ਹੜਤਾਲ ’ਤੇ ਬੈਠੇ ਸਨ। ਡੱਬੀ- ਧਰਨੇ ਕਾਰਨ ਬਾਜ਼ਾਰਾਂ ’ਚ ਲੱਗੇ ਜਾਮ ਪਾਵਰਕਾਮ ਦੇ ਮੁੱਖ ਦਫਤਰ ਅੱਗੇ ਰੋਸ਼ ਪ੍ਰਦਰਸਨ ਕਰ ਰਹੇ ਅਪ੍ਰੈਂਟਿਸਸ਼ਿਪ ਦੇ ਵਿਦਿਆਰਥੀਆਂ ਵੱਲੋਂ ਮਾਲ ਰੋਡ ਦੇ ਦੋਨੋਂ ਪਾਸੇ ਬੰਦ ਕਰ ਕੇ ਧਰਨਾ ਲਾਇਆ ਹੋਇਆ ਹੈ, ਜਿਸ ਨਾਲ ਸਾਰੀ ਟ੍ਰੈਫਿਕ ਬਾਜ਼ਾਰ ਦੇ ਰਸਤਿਆਂ ਰਾਹੀ ਲੰਘਣ ਨਾਲ ਨਾਲ ਬਾਜ਼ਾਰ ਦੀਆਂ ਅੰਦਰੂਨੀ ਸੜਕਾਂ ਤੇ ਹੋਰ ਰਸਤਿਆਂ ’ਚ ਵਾਹਨਾਂ ਦੀ ਆਵਾਜਾਈ ਵਧਣ ਕਾਰਨ ਥਾਂ ਥਾਂ ’ਤੇ ਜਾਮ ਲੱਗਣ ਲੱਗੇ ਹਨ। ਦੁਪਹਿਰ ਵੇਲੇ ਜਦੋਂ ਉਕਤ ਹੜਤਾਲੀ ਨੌਜਵਾਨਾਂ ਨੇ ਪਾਵਰਕਾਮ ਦਾ ਦੂਜਾ ਗੇਟ ਵੀ ਬੰਦ ਕਰ ਦਿੱਤਾ ਗਿਆ ਤੇ ਰੋਡ ਜਾਮ ਕਰ ਦਿੱਤਾ ਗਿਆ ਤਾਂ ਟ੍ਰੈਫਿਕ ਦੀ ਸਮੱਸਿਆ ਹੋਰ ਵੀ ਗੰਭੀਰ ਹੋ ਗਈ।