ਸਫ਼ਾਈ ਕਾਮਿਆਂ ਨੇ ਸ਼ਹਿਰ ’ਚ ਫੈਲੇ ਕੂੜੇ ਨੂੰ ਚੁੱਕਣ ਤੋਂ ਕੀਤਾ ਇਨਕਾਰ, ਲੋਕ ਪਰੇਸ਼ਾਨ, ਨਿਗਮ ਬੇਬਸ
ਸਫਾਈ ਕਰਮਰੀਆਂ ਨੇ ਸ਼ਹਿਰ ’ਚਂ ਫੈਲੇ ਕੂੜੇ ਨੂੰ ਚੁੱਕਣ ਤੋਂ ਕੀਤਾ ਇਨਕਾਰ, ਲੋਕ ਪਰੇਸ਼ਾਨ, ਨਿਗਮ ਬੇਬਸ
Publish Date: Fri, 08 May 2026 07:27 PM (IST)
Updated Date: Fri, 08 May 2026 07:29 PM (IST)

ਸੀਨੀਅਰ ਰਿਪੋਰਟਰ, •ਪੰਜਾਬੀ ਜਾਗਰਣ, •ਪਟਿਆਲਾ : ਨਗਰ ਨਿਗਮ ਦੇ ਸਫ਼ਾਈ ਕਰਮਚਾਰੀਆਂ ਅਤੇ ਸੀਵਰਮੈਨਾਂ ਦੀ ਹੜਤਾਲ ਜਿੱਥੇ ਤੀਜੇ ਦਿਨ ਵੀ ਜਾਰੀ ਰਹੀ ਉੱਥੇ ਦੂਜੇ ਪਾਸੇ ਸੀਵਰੇਜ ਸਬੰਧੀ ਸ਼ਿਕਾਇਤਾਂ ਦੀ ਗਿਣਤੀ ਵੀ ਵੱਧਦੀ ਜਾ ਰਹੀ ਹੈ। ਸੀਵਰੇਜ ਜਾਮ ਨਾਲ ਜੁੜੀਆਂ ਸ਼ਿਕਾਇਤਾਂ ਦੀ ਗਿਣਤੀ 84 ਦੇ ਕਰੀਬ ਪਹੁੰਚ ਚੁੱਕੀ ਹੈ। ਦੂਜੇ ਪਾਸੇ ਸਫਾਈ ਕਰਮਚਾਰੀਆਂ ਨੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ ਲੱਗੇ ਕੂੜੇ ਦੇ ਢੇਰਾਂ ਨੂੰ ਵੀ ਚੁੱਕਣ ਤੋਂ ਇਨਕਾਰ ਕਰ ਦਿੱਤਾ ਹੈ। ਕੂੜਾ ਨਾ ਚੁੱਕੇ ਜਾਣ ਕਾਰਨ ਸ਼ਹਿਰ ਦੀਆਂ ਕਈ ਥਾਵਾਂ ’ਤੇ ਕੂੜੇ ਦੇ ਢੇਰ ਲੱਗ ਰਹੇ ਹਨ। ਹੁਣ ਇਨ੍ਹਾਂ ਕੂੜੇ ਦੇ ਢੇਰਾਂ ਨੂੰ ਚੁੱਕਣ ਵਾਲਾ ਕੋਈ ਕਰਮਚਾਰੀ ਨਹੀਂ ਹੈ। ਉੱਥੇ ਹੀ ਸ਼ਹਿਰ ਦੇ ਲੋਕ ਪਰੇਸ਼ਾਨ ਹੋ ਰਹੇ ਹਨ। ਕਰਮਚਾਰੀਆਂ ਦੀ ਹੜਤਾਲ ਅੱਗੇ ਨਗਰ ਨਿਗਮ ਬੇਬਸ ਨਜ਼ਰ ਆ ਰਿਹਾ ਹੈ, ਕਿਉਂਕਿ ਨਿਗਮ ਕੋਲ ਲੋਕਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਕੋਈ ਢੰਗ ਦਾ ਪ੍ਰਬੰਧ ਨਹੀਂ ਹੈ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਸੀਵਰੇਜ ਬਲਾਕੇਜ ਦੀ ਸਮੱਸਿਆ ਬਣ ਰਹੀ ਹੈ। ਦੱਸ ਦੇਈਏ ਕਿ ਨਗਰ ਨਿਗਮ ਦੇ ਸਫਾਈ ਕਰਮਚਾਰੀ ਅਤੇ ਸੀਵਰਮੈਨ ਬੁੱਧਵਾਰ ਤੋਂ ਹੜਤਾਲ ’ਤੇ ਹਨ ਅਤੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਜਦ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਹੀਂ ਕਰਦੀ, ਤਦ ਤੱਕ ਉਨ੍ਹਾਂ ਦੀ ਹੜਤਾਲ ਜਾਰੀ ਰਹੇਗੀ। ਸ਼ਹਿਰ ਵਾਸੀ ਦਵਿੰਦਰਪਾਲ ਸਿੰਘ ਨੇ ਆਖਿਆ ਕਿ ਸਰਕਾਰ ਨੂੰ ਸਫਾਈ ਕਰਮਚਾਰੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਕਰਨਾ ਚਾਹੀਦਾ ਹੈ, ਤਾਂ ਜੋ ਸ਼ਹਿਰ ਵਿੱਚ ਗੰਦਗੀ ਫੈਲਣ ਤੋਂ ਰੋਕਿਆ ਜਾ ਸਕੇ। ਨਹੀਂ ਤਾਂ ਹੜਤਾਲ ਕਾਰਨ ਸ਼ਹਿਰ ਵਿੱਚ ਕੂੜੇ ਦੇ ਢੇਰ ਲੱਗ ਜਾਣਗੇ। ਜਲਦ ਤੋਂ ਜਲਦ ਕਰਮਚਾਰੀਆਂ ਦੀ ਹੜਤਾਲ ਖਤਮ ਕਰਵਾਉਣ ਦਾ ਯਤਨ ਕਰਨਾ ਚਾਹੀਦਾ ਹੈ। ਇਕ ਹੋਰ ਸ਼ਹਿਰ ਵਾਸੀ ਅਜੈ ਸ਼ਰਮਾ ਨੇ ਕਿਹਾ ਕਿ ਸੀਵਰੇਜ ਬਲਾਕੇਜ ਦੀ ਸਮੱਸਿਆ ਵੱਧਦੀ ਜਾ ਰਹੀ ਹੈ। ਸ਼ਿਕਾਇਤ ਕਰਨ ਤੋਂ ਬਾਅਦ ਵੀ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ। ਨਿਗਮ ਨੂੰ ਚਾਹੀਦਾ ਹੈ ਕਿ ਲੋਕਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਢੰਗ ਦੇ ਪ੍ਰਬੰਧ ਕੀਤੇ ਜਾਣ, ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। -ਰੋਜ਼ਾਨਾ ਕਰੀਬ 200 ਟਨ ਕੂੜਾ ਹੁੰਦਾ ਇਕੱਠਾ ਨਿਗਮ ਕੋਲ 883 ਸਫਾਈ ਕਰਮਚਾਰੀ ਹਨ, ਜਿਨ੍ਹਾਂ ਵਿਚੋਂ 500 ਕੱਚੇ ਕਰਮਚਾਰੀ ਹਨ ਅਤੇ 383 ਰੈਗੂਲਰ ਹਨ। ਇਸ ਤੋਂ ਇਲਾਵਾ 70 ਸੀਵਰਮੈਨ ਰੈਗੂਲਰ ਹਨ ਅਤੇ 150 ਕੱਚੇ ਸੀਵਰਮੈਨ ਹਨ। ਜੇ ਦੇਖਿਆ ਜਾਵੇ ਤਾਂ ਰੋਜ਼ਾਨਾ ਕਰੀਬ 200 ਟਨ ਕੂੜਾ ਇਕੱਠਾ ਹੁੰਦਾ ਹੈ। -ਸਫਾਈ ਕਰਮਚਾਰੀਆਂ ਅਤੇ ਸੀਵਰਮੈਨਾਂ ਨੇ ਧਰਨਾ ਦੇ ਕੇ ਕੀਤਾ ਰੋਸ ਪ੍ਰਦਰਸ਼ਨ ਨਿਗਮ ਦੇ ਸਫ਼ਾਈ ਕਰਮਚਾਰੀਆਂ ਅਤੇ ਸੀਵਰਮੈਨਾਂ ਨੇ ਇੱਥੇ ਅਦਾਲਤ ਬਾਜ਼ਾਰ ਵਿੱਚ ਸਥਿਤ ਏ ਟੈਂਕ ’ਤੇ ਨਿਗਮ ਦੀ ਵਾਟਰ ਸਪਲਾਈ ਬ੍ਰਾਂਚ ਅੱਗੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਸੁਨੀਲ ਬਿਡਲਾਨ ਨੇ ਕਿਹਾ ਕਿ ਇਹ ਹੜਤਾਲ ਮੰਗਾਂ ਪੂਰੀਆਂ ਹੋਣ ਤੱਕ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪ੍ਰਦਰਸ਼ਨ ਨੂੰ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਸਮਰਥਨ ਮਿਲ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਜੇ ਮੰਗਾਂ ਦਾ ਹੱਲ ਨਾ ਹੋਇਆ ਤਾਂ ਪ੍ਰਦਰਸ਼ਨ ਨੂੰ ਹੋਰ ਵੱਡਾ ਰੂਪ ਦਿੱਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਰਾਜ ਸਰਕਾਰ ਦੀ ਹੋਵੇਗੀ। ਮੰਗਾਂ ’ਚ ਪੁਰਾਣੀ ਪੈਨਸ਼ਨ ਬਹਾਲ ਕਰਨਾ, ਕੱਚੇ ਕਰਮਚਾਰੀਆਂ ਨੂੰ ਬਿਨਾਂ ਕਿਸੇ ਸ਼ਰਤ ਰੈਗੂਲਰ ਕਰਨਾ, ਸਾਢੇ ਪੰਜ ਸਾਲਾਂ ਦੇ ਪੇ ਕਮਿਸ਼ਨ ਦਾ ਬਕਾਇਆ ਜਾਰੀ ਕਰਨਾ ਅਤੇ 16 ਫੀਸਦੀ ਡੀਏ ਦੀ ਕਿਸ਼ਤ ਜਾਰੀ ਕਰਨਾ ਸ਼ਾਮਲ ਹੈ। ਧਰਨੇ ’ਤੇ ਬੈਠੇ ਕਰਮਚਾਰੀਆਂ ਨੂੰ ਟੈਕਨੀਕਲ ਯੂਨੀਅਨ ਵਾਟਰ ਸਪਲਾਈ ਅਤੇ ਨਿਗਮ ਦੇ ਟੈਕਨੀਕਲ ਕਰਮਚਾਰੀ ਦਲ ਯੂਨੀਅਨ ਨੇ ਵੀ ਸਮਰਥਨ ਦੇਣ ਦਾ ਐਲਾਨ ਕੀਤਾ। ਇਸ ਦੌਰਾਨ ਲਖਵਿੰਦਰ, ਰੋਹਿਤ ਕੁਮਾਰ, ਸੰਦੀਪ ਕੁਮਾਰ, ਬਲਰਾਮ, ਧਰਮਪਾਲ, ਹਰਪ੍ਰੀਤ ਸਿੰਘ, ਗੁਰਦੀਪ ਸਿੰਘ, ਰਵਿੰਦਰ ਸਿੰਘ, ਜਸਪਾਲ ਸਿੰਘ ਅਤੇ ਹਰਵਿੰਦਰ ਸਿੰਘ ਤੋਂ ਇਲਾਵਾ ਬਲਵਿੰਦਰ ਸਿੰਘ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ।