ਨੌਜਵਾਨਾ ਨੇ ਪਾਵਰਕਾਮ ਦਫਤਰ ਦੇ ਸਾਰੇ ਗੇਟ ਕੀਤੇ ਬੰਦ

ਸਟਾਫ ਰਿਪੋਰਟਰ, ਰਿਪੋਰਟਰ, •ਪੰਜਾਬੀ ਜਾਗਰਣ•, ਪਟਿਆਲਾ : ਪਾਵਰਕਾਮ ’ਚ ਸਹਾਇਕ ਲਾਈਨਮੈਨ ਦੀ ਅਸ਼ਾਮੀ ਲਈ ਅਪ੍ਰੈਂਟਿਸਸ਼ਿਪ ਲਾਜ਼ਮੀ ਨੂੰ ਖਤਮ ਕਰਕੇ ਸਿੱਧੀ ਭਰਤੀ ਕਰਨ ਦਾ ਵਿਰੋਧ ਕਰ ਰਹੇ ਅਪ੍ਰੈਂਟਿਸਸ਼ਿਪ ਕਰ ਰਹੇ 2600 ਸਿਖਆਰਥੀਆਂ ਵੱਲੋਂ ਸ਼ੁੱਕਰਵਾਰ ਦੁਪਹਿਰ ਨੂੰ ਪਾਰਵਕਾਮ ਦੇ ਮੁੱਖ ਦਫ਼ਤਰ ਦੇ ਸਾਰੇ ਗੇਟ ਬੰਦ ਕਰ ਦਿੱਤੇ ਗਏ, ਜਿਸ ਨਾਲ ਦਫਤਰ ’ਚ ਕੰਮ ਕਰਨ ਵਾਲੇ ਮੁਲਾਜ਼ਮ ਕੰਧਾ ਟੱਪ ਕੇ ਹੈਡ ਆਫਿਸ ਤੋਂ ਬਾਹਰ ਨਿਕਲੇ। ਦੁਪਹਿਰ ਵੇਲੇ ਧਰਨਾ ਪ੍ਰਦਰਸਨ ਕਰਦਿਆਂ ਉਕਤ ਨੌਜਵਾਨਾਂ ਵੱਲੋਂ ਵਿਭਾਗ ਵੱਲੋਂ ਏਐੱਲਐੱਮ ਵਜੋਂ ਪ੍ਰਮੋਟ ਹੋਣ ਦਾ ਲਿਖਤੀ ਪੱਤਰ ਮਿਲਣ ਉਪਰੰਤ ਧਰਨਾ ਗੇਟ ਤੋਂ ਪਿੱਛੇ ਹਟਾ ਲਿਆ ਗਿਆ ਪਰ ਜਦੋਂ ਤੱਕ ਵਿਭਾਗ ਦੀ ਆਫੀਸ਼ੀਅਲ ਸਾਈਟ ’ਤੇ ਅਪਡੇਟ ਨਹੀਂ ਹੁੰਦਾ ਓਨਾ ਚਿਰ ਧਰਨਾ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਉਕਤ ਨੌਜਵਾਨਾਂ ਵੱਲੋਂ ਪਾਵਰਕਾਮ ਦੇ ਮੁੱਖ ਦਫਤਰ ਅੱਗੇ ਸੁਰੂ ਕੀਤਾ ਪੱਕਾ ਮੋਰਚਾ ਸ਼ੁੱਕਰਵਾਰ ਨੂੰ 17ਵੇਂ ਦਿਨ ਵੀ ਜਾਰੀ ਰਿਹਾ, ਜਿਸ ਦੌਰਾਨ ਪੰਜ ਨੌਜਵਾਨਾਂ ਵੱਲੋਂ ਰੱਖੀ ਗਈ ਭੁੱਖ ਹੜਤਾਲ ਵੀ ਜਾਰੀ ਹੈ। ਸ਼ੁੱਕਰਵਾਰ ਨੂੰ ਰੋਸ਼ ਵਜੋਂ ਉਕਤ ਧਰਨਾਕਾਰੀਆਂ ਵੱਲੋਂ ਪਹਿਲਾਂ ਸ਼ਹਿਰ ’ਚ ਰੋਸ ਮਾਰਚ ਕੱਢਿਆ ਗਿਆ ਤੇ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਦੁਪਹਿਰ ਨੂੰ ਪਾਵਰਕਾਮ ਦੇ ਸਾਰੇ ਗੇਟ ਬੰਦ ਕਰ ਦਿੱਤੇ ਗਏ ਅਤੇ ਸ਼ੇਰਾ ਵਾਲੇ ਗੇਟ ਵਾਲੀ ਸੜਕ ’ਤੇ ਜਾਂਦੀ ਟ੍ਰੈਫਿਕ ਵੀ ਬੰਦ ਕਰ ਦਿੱਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਸੁਰਿੰਦਰ ਸਿੰਘ ਜਲਾਲਾਬਾਦ ਨੇ ਦੱਸਿਆ ਕਿ ਬਿਜਲੀ ਨਿਗਮ ਦੁਆਰਾ ਜੋਂ ਬਿਲ ਲਿਆਂਦਾ ਗਿਆ ਹੈ ਉਸ ਵਿਚ ਆਈਟੀਆਈ ਪਾਸ ਨੂੰ ਸਿੱਧਾ ਸਹਾਇਕ ਲਾਈਨਮੈਨ ਭਰਤੀ ਕਰਨ ਉਪਰੰਤ 6 ਮਹੀਨੇ ਦੀ ਆਨ ਜਾਬ ਟ੍ਰੇਨਿੰਗ ਦਿੱਤੀ ਜਾਵੇਗੀ ਪਰ ਅਸੀਂ ਇਨਾਂ ਸਾਰੀਆ ਸ਼ਰਤਾ ਨੂੰ ਪੂਰਾ ਕਰਦੇ ਹਾਂ ਤੇ ਕਰੀਬ ਸਾਢੇ ਚਾਰ ਮਹੀਨੇ ਦੀ ਟ੍ਰੇਨਿੰਗ ਪੂਰੀ ਹੋ ਚੁੱਕੀ ਹੈ ਤੇ ਸਾਨੂੰ ਛੇ ਮਹੀਨੇ ਦੀ ਟ੍ਰੇਨਿੰਗ ਕਰਨ ਉਪਰੰਤ ਪਹਿਲ ਦੇ ਆਧਾਰ ’ਤੇ ਸਹਾਇਕ ਲਾਈਨਮੈਨ ਰੈਗੂਲਰ ਕੀਤਾ ਜਾਵੇ। ਉਨ੍ਹਾਂ ਆਖਿਆ ਕਿ ਬਿਜਲੀ ਮੰਤਰੀ ਸਮੇਤ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਕਈ ਬੈਠਕਾਂ ਵੀ ਹੋ ਚੁੱਕੀਆਂ ਹਨ ਪਰ ਉਨ੍ਹਾਂ ਦੀ ਮੰਗ ਨਹੀਂ ਮੰਨੀ ਜਾ ਰਹੀ। ਉਨ੍ਹਾਂ ਕਿਹਾ ਕਿ ਯੂਨੀਅਨ ਦੇ 5 ਸਾਥੀ ਭੁੱਖ ਹੜਤਾਲ ’ਤੇ ਬੈਠੇ ਹਨ ਅਤੇ ਜੇਕਰ ਉਨ੍ਹਾਂ ਦੀ ਸੁਣਵਾਈ ਨਹੀਂ ਹੁੰਦੀ ਤਾਂ ਹੋਰ ਸਾਥੀ ਵੱਲੋਂ ਟਾਵਰਾ ’ਤੇ ਚੜਿਆ ਜਾਵੇਗਾ ਅਤੇ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ । ਉਨ੍ਹਾਂ ਦੱਸਿਆ ਕਿ ਅੱਜ ਸੰਘਰਸ਼ ਤੇਜ ਕਰਦਿਆ ਸਾਰੇ ਗੇਟ ਬੰਦ ਕਰਦਿੱਤੇ ਗਏ ਸਨ, ਜਿਸ ਉਪਰੰਤ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਲਿਖਤੀ ਪੱਤਰ ਜਾਰੀ ਕਰਕੇ ਏਐਲਐਮ ਵਜੋਂ ਪ੍ਰਮੋਟ ਕਰਨ ਦਾ ਵਾਅਦਾ ਕੀਤਾ ਹੈ, ਜਿਸ ਕਾਰਨ ਉਨ੍ਹਾਂ ਧਰਨਾ ਗੇਟ ਤੋਂ ਛੋੜਾ ਪਿੱਛੇ ਹਟਾ ਲਿਆ ਗਿਆ ਹੈ ਤੇ ਬਾਕੀ ਗੇਟ ਖੋਲ੍ਹ ਦਿੱਤੇ ਗਏ ਹਨ।