ਪੀਯੂ ਵੱਲੋਂ ਕਾਂਸਟੀਚਿਊਟ ਕਾਲਜਾਂ ਦਾ ਸਾਂਝਾ ਪ੍ਰਾਸਪੈਕਟਸ ਜਾਰੀ
ਪੀਯੂ ਵੱਲੋਂ ਕਾਂਸਟੀਚਿਊਟ ਕਾਲਜਾਂ ਦਾ ਸਾਂਝਾ ਪ੍ਰਾਸਪੈਕਟਸ ਜਾਰੀ
Publish Date: Mon, 04 May 2026 05:18 PM (IST)
Updated Date: Mon, 04 May 2026 05:20 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਨਵੇਂ ਵਿਦਿਅਕ ਸੈਸ਼ਨ 2026-27 ਲਈ ਯੂਨੀਵਰਸਿਟੀ ਦੇ ਕਾਂਸਟੀਚਿਊਂਟ ਕਾਲਜਾਂ ਦਾ ਸਾਂਝਾ ਪ੍ਰਾਸਪੈਕਟਸ ਜਾਰੀ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵੱਲੋਂ ਇਕ ਨਵਾਂ ਸਾਫ਼ਟਵੇਅਰ ਵੀ ਲਾਂਚ ਕੀਤਾ ਗਿਆ, ਜੋ ਇਨ੍ਹਾਂ ਕਾਲਜਾਂ ਦੇ ਪ੍ਰਬੰਧਕੀ ਨਿਯੰਤਰਣ ਨੂੰ ਪ੍ਰਭਾਵਸ਼ਾਲੀ ਬਣਾਉਣ ਦੇ ਨਾਲ-ਨਾਲ ਵਿਦਿਆਰਥੀਆਂ ਲਈ ਸਹੂਲਤ ਪ੍ਰਦਾਨ ਕਰੇਗਾ। ਜ਼ਿਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਇਸ ਸਮੇਂ ਪੰਜਾਬ ਦੀਆਂ ਸਾਰੀਆਂ ਸਰਕਾਰੀ ਯੂਨੀਵਰਸਿਟੀਆਂ ’ਚੋਂ ਸਭ ਤੋਂ ਵੱਧ 13 ਕਾਂਸਟੀਚਿਊਂਟ ਕਾਲਜ ਚਲਾ ਰਹੀ ਹੈ, ਜਿਨ੍ਹਾਂ ਵਿਚ ਹਜ਼ਾਰਾਂ ਵਿਦਿਆਰਥੀ ਵੱਖ-ਵੱਖ ਕੋਰਸਾਂ ਵਿਚ ਸਿੱਖਿਆ ਪ੍ਰਾਪਤ ਕਰ ਰਹੇ ਸਨ। ਡਾ. ਜਗਦੀਪ ਸਿੰਘ ਨੇ ਕਿਹਾ ਕਿ ਪੰਜਾਬ ਦੇ ਦੂਰ-ਦਰਾਡੇ ਅਤੇ ਪੱਛੜੇ ਇਲਾਕਿਆਂ ’ਚ ਉਚੇਰੀ ਸਿੱਖਿਆ ਦੇ ਪਾਸਾਰ ਪੱਖੋਂ ਇਨ੍ਹਾਂ ਕਾਲਜਾਂ ਦੀ ਅਹਿਮ ਭੂਮਿਕਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਅਕਾਦਮਿਕ ਸੈਸ਼ਨ ਤੋਂ ਕਈ ਨਵੇਂ ਰੁਜ਼ਗਾਰ-ਮੁਖੀ ਕੋਰਸ ਸ਼ੁਰੂ ਕੀਤੇ ਗਏ ਹਨ। ਡੀਨ ਅਕਾਦਮਿਕ ਮਾਮਲੇ ਡਾ. ਜਸਵਿੰਦਰ ਸਿੰਘ ਬਰਾੜ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਯੂਨੀਵਰਸਿਟੀ ਆਪਣੇ ਇਨ੍ਹਾਂ ਕਾਲਜਾਂ ਦੇ ਸੁਚਾਰੂ ਪ੍ਰਬੰਧਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਇੱਕ ਸਾਲ ਦੌਰਾਨ ਕਾਲਜਾਂ ਦੇ ਕੰਮਕਾਜ ਨੂੰ ਵਧੇਰੇ ਪਾਰਦਰਸ਼ੀ ਅਤੇ ਸੁਚਾਰੂ ਬਣਾਇਆ ਗਿਆ ਹੈ। ਇਸ ਮੌਕੇ ਕਾਲਜਾਂ ਨਾਲ਼ ਸਬੰਧਤ ਅਹਿਮ ਮੁੱਦਿਆਂ ਤੇ ਵੀ ਉੱਚ ਪੱਧਰੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਰਜਿਸਟਰਾਰ ਡਾ. ਦਵਿੰਦਰਪਾਲ ਸਿੰਘ ਸਿੱਧੂ, ਵਿੱਤ ਅਫ਼ਸਰ ਡਾ. ਬੀ. ਬੀ. ਸਿੰਗਲਾ ਅਤੇ ਡਾਇਰੈਕਟਰ ਕਾਂਸਟੀਚਿਊਂਟ ਕਾਲਜ ਡਾ. ਅਮਰ ਇੰਦਰ ਸਿੰਘ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।