ਆਪ ਵਲੰਟੀਅਰਾਂ ਨੇ ਰਾਜ ਸਭਾ ਮੈਂਬਰਾਂ ਦੇ ਪੁਤਲੇ ਫੂਕੇ
ਆਪ ਵਲੰਟੀਅਰਾਂ ਨੇ ਰਾਜ ਸਭਾ ਮੈਂਬਰਾਂ ਦੇ ਪੁਤਲੇ ਫੂਕੇ
Publish Date: Sun, 26 Apr 2026 06:22 PM (IST)
Updated Date: Sun, 26 Apr 2026 06:25 PM (IST)

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ ਪਾਤੜਾਂ : ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਪੰਜਾਬ ਦੇ ਸੱਤ ਰਾਜ ਸਭਾ ਮੈਂਬਰਾਂ ਖ਼ਿਲਾਫ਼ ਸੂਬੇ ਵਿਚ ਰੋਸ ਵੱਧਦਾ ਜਾ ਰਿਹਾ ਹੈ। ਇਸ ਕਾਰਨ ਵਿਧਾਨ ਸਭਾ ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਦੀ ਅਗਵਾਈ ਵਿਚ ਆਪ ਵਲੰਟੀਅਰਾਂ ਨੇ ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ’ਤੇ ਸ਼ਹਿਰ ਦੇ ਸ਼ਹੀਦ ਭਗਤ ਸਿੰਘ ਚੌਕ ਵਿਚ ਰੋਸ ਮੁਜ਼ਾਹਰਾ ਕਰਕੇ ਭਾਜਪਾ ਵਿਚ ਸ਼ਾਮਲ ਹੋਏ ਰਾਜ ਸਭਾ ਮੈਂਬਰਾਂ ਦੇ ਪੁਤਲੇ ਫੂਕੇ। ਰੋਸ ਪ੍ਰਦਰਸ਼ਨ ਦੌਰਾਨ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਸੰਘਰਸ਼ਾਂ ’ਚੋਂ ਨਿਕਲੀ ਹੋਈ ਪਾਰਟੀ ਹੈ। ਪਾਰਟੀ ਨੇ ਸੂਬੇ ਦੀਆਂ ਮੰਗਾਂ ਨੂੰ ਸੰਸਦ ਵਿਚ ਪ੍ਰਭਾਵਸ਼ਾਲੀ ਢੰਗ ਨਾਲ ਉਠਾਉਣ ਲਈ ਰਾਜ ਸਭਾ ਮੈਂਬਰ ਭੇਜੇ ਸਨ ਪਰ ਰਾਘਵ ਚੱਢਾ ਅਤੇ ਸੰਦੀਪ ਪਾਠਕ ਦੀ ਅਗਵਾਈ ਵਿਚ ਇਨ੍ਹਾਂ ਵੱਲੋਂ ਰਾਜ ਸਭਾ ਮੈਂਬਰਾਂ ਵੱਲੋਂ ਸੂਬੇ ਦੇ ਹਿੱਤਾਂ ਨਾਲ ਗੱਦਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਨੂੰ ਸੱਤਾ ਦੀ ਚਾਬੀ ਸੌਂਪੀ ਸੀ ਜਿਸ ਦੇ ਚਲਦਿਆਂ ਵਿਧਾਇਕਾਂ ਵੱਲੋਂ ਰਾਜਸਭਾ ਮੈਂਬਰਾਂ ਦੀ ਚੋਣ ਕੀਤੀ ਗਈ ਸੀ ਪਰ ਬਦਕਿਸਮਤੀ ਦੀ ਗੱਲ ਹੈ ਕਿ ਆਪ ਵੱਲੋਂ ਬਣਾਏ ਗਏ ਰਾਜ ਸਭਾ ਮੈਂਬਰ ਭਾਜਪਾ ਦੀ ਟੋਕਰੀ ਵਿਚ ਜਾ ਡਿੱਗੇ ਹਨ। ਭਾਰਤੀ ਜਨਤਾ ਪਾਰਟੀ ਤੇ ਤਿੱਖਾ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਨੇ ਹਮੇਸ਼ਾ ਵੋਟ ਚੋਰੀ ਜਾਂ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਤੋੜਨ ਦੀ ਰਾਜਨੀਤੀ ਕੀਤੀ ਹੈ ਸੱਤਾ ਵਿਚ ਬਣੇ ਰਹਿਣ ਲਈ ਕੀਤੀਆਂ ਜਾ ਰਹੀਆਂ ਅਜਿਹੀਆਂ ਕੋਝੀਆਂ ਹਰਕਤਾਂ ਲੋਕਤੰਤਰ ਦੀ ਸਿੱਧੇ ਤੌਰ ਤੇ ਹੱਤਿਆ ਹੈ। ਇਸ ਮੌਕੇ ਮਾਰਕੀਟ ਕਮੇਟੀ ਪਾਤੜਾਂ ਦੇ ਚੇਅਰਮੈਨ ਮਹਿੰਗਾ ਸਿੰਘ ਬਰਾੜ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪ੍ਰੇਮ ਚੰਦ ਗੁਪਤਾ, ਸੀਨੀਅਰ ਆਪ ਆਗੂ ਕੁਲਦੀਪ ਸਿੰਘ ਥਿੰਦ, ਸ਼ਹਿਰੀ ਪ੍ਰਧਾਨ ਮਦਨ ਲਾਲ ਗੋਇਲ, ਕਰਨੈਲ ਸਿੰਘ ਦੁਤਾਲ, ਬਲਜੀਤ ਸਿੰਘ ਮੌਲਵੀਵਾਲਾ, ਮਨਵੀਰ ਸਿੰਘ ਸੰਧੂ, ਅੰਮ੍ਰਿਤਪਾਲ ਕਾਲੇਕਾ, ਸੋਨੀ ਜਲੂਰ, ਬਾਦਲ ਗੁੱਜਰ, ਸਰਪੰਚ ਤਲਵਿੰਦਰ ਸਿੰਘ ਮਨੇਸ, ਗੁਰਮੀਤ ਅਰੋੜਾ, ਕਾਬਲ ਸਿੰਘ ਢਿੱਲੋਂ, ਬਿੱਟੂ ਬੰਦੇਸ਼ਾ ਅਤੇ ਭਗਵਤ ਦਿਆਲ ਨਿੱਕਾ ਆਦਿ ਹਾਜ਼ਰ ਸਨ।