88 ਪੋਲਿੰਗ ਬੂਥਾਂ ਲਈ ਚੋਣ ਅਮਲੇ ਨੂੰ ਕੀਤਾ ਰਵਾਨਾ
ਮਿੰਨੀ ਸਕੱਤਰੇਤ ਵਿਖੇ ਅੱਜ ਨਗਰ ਕੌਂਸਲ ਰਾਜਪੁਰਾ ਦੀਆਂ 26 ਮਈ ਨੂੰ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਰਾਜਪੁਰਾ ਦੇ ਐੱਸਡੀਐੱਮ ਕਮ ਚੋਣ ਅਧਿਕਾਰੀ ਸੁਖਜਿੰਦਰ ਸਿੰਘ ਟਿਵਾਣਾ ਦੀ ਅਗਵਾਈ ਵਿਚ ਪੋਲਿੰਗ ਪਾਰਟੀਆਂ ਨੂੰ ਦਸਤਾਵੇਜ਼ਾਂ ਸਮੇਤ ਪੋਲਿੰਗ ਬੂਥਾਂ ਲਈ ਰਵਾਨਾ ਕੀਤਾ ਗਿਆ।
Publish Date: Mon, 25 May 2026 06:17 PM (IST)
Updated Date: Mon, 25 May 2026 06:28 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਮਿੰਨੀ ਸਕੱਤਰੇਤ ਵਿਖੇ ਅੱਜ ਨਗਰ ਕੌਂਸਲ ਰਾਜਪੁਰਾ ਦੀਆਂ 26 ਮਈ ਨੂੰ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਰਾਜਪੁਰਾ ਦੇ ਐੱਸਡੀਐੱਮ ਕਮ ਚੋਣ ਅਧਿਕਾਰੀ ਸੁਖਜਿੰਦਰ ਸਿੰਘ ਟਿਵਾਣਾ ਦੀ ਅਗਵਾਈ ਵਿਚ ਪੋਲਿੰਗ ਪਾਰਟੀਆਂ ਨੂੰ ਦਸਤਾਵੇਜ਼ਾਂ ਸਮੇਤ ਪੋਲਿੰਗ ਬੂਥਾਂ ਲਈ ਰਵਾਨਾ ਕੀਤਾ ਗਿਆ। ਮਿੰਨੀ ਸਕੱਤਰੇਤ ਸਥਿਤ ਐੱਸਡੀਐੱਮ ਦਫ਼ਤਰ ਦੇ ਬਾਹਰ ਐੱਸਡੀਐੱਮ ਕਮ ਚੋਣ ਅਧਿਕਾਰੀ ਸੁਖਜਿੰਦਰ ਸਿੰਘ ਟਿਵਾਣਾ ਦੀ ਅਗਵਾਈ ਵਾਲੀ ਟੀਮ ਵੱਲੋਂ 31 ਵਾਰਡਾਂ ਲਈ ਬਣਾਏ ਗਏ 88 ਪੋਲਿੰਗ ਬੂਥਾਂ ਲਈ 440 ਮੁਲਾਜ਼ਮਾਂ ਨੂੰ ਚੋਣ ਸਮੱਗਰੀ ਦੇ ਕੇ ਰਵਾਨਾ ਕੀਤਾ ਗਿਆ। ਐੱਸਡੀਐੱਮ ਕਮ ਚੋਣ ਅਧਿਕਾਰੀ ਸੁਖਜਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ 88 ਬੂਥਾਂ ਲਈ 440 ਮੁਲਾਜ਼ਮ ਅਤੇ ਹਰ ਬੂਥ ਲਈ 5 ਮੁਲਾਜ਼ਮ ਲਗਾਏ ਗਏ ਹਨ ਜੋ ਚੋਣਾਂ ਦਾ ਕੰਮ ਅਮਨਾ ਮਾਨ ਦੇ ਨਾਲ ਨੇਪਰੇ ਚੜਾਉਣਗੇ। ਇਸੇ ਪ੍ਰਕਾਰ 45 ਮੁਲਾਜ਼ਮ ਰਿਜ਼ਰਵ ਰੱਖੇ ਗਏ ਹਨ ਜੋ ਕਿਸੇ ਵੀ ਹੰਗਾਮੀ ਹਾਲਤ ਵਿਚ ਡਿਊਟੀ ਤੇ ਤਾਇਨਾਤ ਕੀਤੇ ਜਾ ਸਕਣਗੇ। ਉਨ੍ਹਾਂ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਬਿਨ੍ਹਾਂ ਕਿਸੇ ਡਰ,ਭੈਅ ਅਤੇ ਲੋਭ ਲਾਲਚ ਤੋਂ ਆਪਣੇ ਵੋਟ ਦਾ ਇਸਤੇਮਾਲ ਕੀਤਾ ਜਾਵੇ। ਇਸੇ ਤਰ੍ਹਾਂ ਚੋਣਾਂ ਨੂੰ ਅਮਨ ਅਮਾਨ ਨਾਲ ਨੇਪਰੇ ਚੜ੍ਹਾਉਣ ਲਈ ਪੋਲਿੰਗ ਸਟੇਸ਼ਨ ’ਤੇ 261 ਮੁਲਾਜ਼ਮ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਰਾਜਪੁਰਾ ਦੇ ਥਾਣਾ ਸਿਟੀ ਦੇ ਐਸਐਚਓ ਗੁਰਸੇਵਕ ਸਿੰਘ ਸਿੱਧੂ ਨੇ ਜਾਣਕਾਰੀ ਦਿੱਤੀ ਕਿ 261 ਪੁਲਿਸ ਮੁਲਾਜ਼ਮ ਸਟੇਸ਼ਨਾਂ ਤਾਇਨਾਤ ਕੀਤੇ ਗਏ ਹਨ, 36 ਮੁਲਾਜ਼ਮ ਪੈਟਰੋਲਿੰਗ ਤੇ ਰਹਿਣਗੇ,150 ਮੁਲਾਜ਼ਮਾਂ ਨੂੰ ਰਿਜ਼ਰਵ ਰੱਖਿਆ ਜਾਵੇਗਾ। ਚੋਣਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਅਤੇ ਸ਼ਰਾਰਤੀ ਅਨਸਰਾਂ ਉੱਤੇ ਨਜ਼ਰ ਰੱਖਣ ਲਈ ਸ਼ਹਿਰ ਵਿੱਚ ਵੱਖ ਵੱਖ ਥਾਵਾਂ ਤੇ 50 ਮੁਲਾਜ਼ਮ ਨਾਕਿਆਂ ਤੇ ਤਾਇਨਾਤ ਰਹਿਣਗੇ। ਉਨ੍ਹਾਂ ਦੱਸਿਆ ਕਿ ਪਟਿਆਲਾ ਦੇ ਐਸਪੀ(ਡੀ) ਸ੍ਰ. ਗੁਰਬੰਸ ਸਿੰਘ ਬੈਂਸ ਇਸ ਚੋਣ ਅਮਲ ਦੇ ਸੁਰੱਖਿਆ ਪ੍ਰਬੰਧਾਂ ਦੇ ਨੋਡਲ ਅਧਿਕਾਰੀ ਹੋਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚੋਣਾਂ ਦੌਰਾਨ ਕਿਸੇ ਵੀ ਤਰਹਾਂ ਦੀ ਹੁਲੜਬਾਜੀ ਤੋਂ ਪਰਹੇਜ ਕਰਦਿਆਂ ਹੋਇਆਂ ਆਪਸੀ ਭਾਈਚਾਰਕ ਸਾਂਝ ਬਰਕਰਾਰ ਰੱਖੀ ਜਾਵੇ।