ਧਰਨਾਕਾਰੀਆਂ ਨੂੰ ਪੁਲਿਸ ਨੇ ਡੰਡੇ ਦੇ ਜ਼ੋਰ ’ਤੇ ਭਜਾਇਆ
ਧਰਨਾਕਾਰੀਆਂ ਨੂੰ ਪੁਲਿਸ ਨੇ ਡੰਡੇ ਦੇ ਜੋਰ ਤੇ ਭਜਾਏ
Publish Date: Mon, 18 May 2026 08:57 PM (IST)
Updated Date: Tue, 19 May 2026 04:10 AM (IST)

ਨਾਮਜ਼ਦਗੀ ਪੱਤਰ ਜਨਤਕ ਨਾ ਹੋਣ ’ਤੇ ਹੋਇਆ ਹੰਗਾਮਾ ਦੁਪਹਿਰ 3 ਵਜੇ ਤਕ ਇਹ ਸੂਚੀ ਲਾਉਣਾ ਲਾਜ਼ਮੀ ਸੀ, ਪਰ 6 ਵਜੇ ਤਕ ਜਾਰੀ ਨਹੀਂ ਹੋਈ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਧੂਰੀ : ਸੋਮਵਾਰ ਨੂੰ ਧੂਰੀ ’ਚ ਮਾਰਕੀਟ ਕਮੇਟੀ ਦਫ਼ਤਰ ਸਾਹਮਣੇ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਨਾਮਜ਼ਦਗੀ ਪੱਤਰ ਜਨਤਕ ਨਾ ਹੋਣ ’ਤੇ ਹੰਗਾਮਾ ਖੜ੍ਹਾ ਹੋ ਗਿਆ ਤੇ ਵਿਰੋਧੀ ਧਿਰ ਦੇ ਧਰਨੇ ’ਤੇ ਬੈਠੇ ਪ੍ਰਦਸ਼ਨਕਾਰੀਆਂ ਨੂੰ ਪੁਲਿਸ ਨੇ ਡੰਡੇ ਦੇ ਜ਼ੋਰ ’ਤੇ ਭਜਾਇਆ। ਧੂਰੀ ਨਗਰ ਕੌਂਸਲ ਚੋਣ ਪ੍ਰਕਿਰਿਆ ਦੌਰਾਨ ਜਦੋਂ ਨਾਮਜ਼ਦਗੀ ਪੱਤਰਾਂ ਦੀ ਜਾਂਚ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਜਾਰੀ ਕੀਤੀ ਜਾਣ ਵਾਲੀ ਉਮੀਦਵਾਰਾਂ ਦੀ ਅਧਿਕਾਰਕ ਸੂਚੀ ਨਿਰਧਾਰਤ ਸਮੇਂ ਤੱਕ ਜਨਤਕ ਨਹੀਂ ਕੀਤੀ ਗਈ। ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਦੁਪਹਿਰ 3 ਵਜੇ ਤਕ ਇਹ ਸੂਚੀ ਲਾਉਣਾ ਲਾਜ਼ਮੀ ਸੀ, ਤਾਂ ਜੋ ਜੇ ਕਿਸੇ ਉਮੀਦਵਾਰ ਦੇ ਦਸਤਾਵੇਜ਼ਾਂ ’ਚ ਕੋਈ ਕਮੀ ਜਾਂ ਗਲਤੀ ਹੋਵੇ ਤਾਂ ਉਸ ਨੂੰ ਸਮੇਂ ਸਿਰ ਠੀਕ ਕੀਤਾ ਜਾ ਸਕੇ। ਪਰ ਸ਼ਾਮ 6 ਵਜੇ ਤੱਕ ਵੀ ਸੂਚੀ ਜਾਰੀ ਨਾ ਕੀਤੇ ਜਾਣ ਕਾਰਨ ਨਾਰਾਜ਼ ਵਿਰੋਧੀ ਆਗੂਆਂ ਨੇ ਪ੍ਰਸ਼ਾਸਨ ਦੀ ਨੀਅਤ ‘ਤੇ ਸਵਾਲ ਖੜ੍ਹੇ ਕਰਦਿਆਂ ਸਥਾਨਕ ਮਾਰਕੀਟ ਕਮੇਟੀ ਦਫ਼ਤਰ ਦੇ ਬਾਹਰ ਜ਼ੋਰਦਾਰ ਧਰਨਾ ਸ਼ੁਰੂ ਕਰ ਦਿੱਤਾ। ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਓੁਕਾਰ ਸਿੰਘ ਸਿੱਧੂ ਨੇ ਸਿੱਧੇ ਤੌਰ ‘ਤੇ ਦੋਸ਼ ਲਾਇਆ ਕਿ ਧੂਰੀ ਦਾ ਪ੍ਰਸ਼ਾਸਨਿਕ ਅਮਲਾ ਪੂਰੀ ਤਰ੍ਹਾਂ ਸਰਕਾਰ ਦੀ ਕਠਪੁਤਲੀ ਬਣ ਕੇ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਮੁੱਖ ਮੰਤਰੀ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਵਿਰੋਧੀ ਉਮੀਦਵਾਰਾਂ ਨਾਲ ਕੀਤੀ ਜਾ ਰਹੀ ਇਹ ਰਾਜਨੀਤਿਕ ਧੱਕੇਸ਼ਾਹੀ ਸਾਬਤ ਕਰਦੀ ਹੈ ਕਿ ਸੱਤਾਧਾਰੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਹੀ ਆਪਣੀ ਹਾਰ ਸਵੀਕਾਰ ਕਰ ਲਈ ਹੈ। ਸਿੱਧੂ ਨੇ ਮੁੱਖ ਮੰਤਰੀ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਹ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਧੂਰੀ ਹਲਕਾ ਛੱਡ ਕੇ ਨਾ ਭੱਜਣ, ਕਿਉਂਕਿ ਇੱਥੋਂ ਦੀ ਜਨਤਾ ਇਸ ਧੱਕੇਸ਼ਾਹੀ ਦਾ ਜਵਾਬ ਦੇਣ ਲਈ ਤਿਆਰ ਬੈਠੀ ਹੈ। ਵਿਰੋਧ ਪ੍ਰਦਰਸ਼ਨ ਦੌਰਾਨ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਨੇ ਕਾਫ਼ੀ ਤਿੱਖੇ ਤੇਵਰ ਦਿਖਾਉਂਦਿਆਂ ਸ਼ਹਿਰ ਦੇ ਉਹਨਾਂ ਧਨਾਢ ਲੋਕਾਂ ਨੂੰ ਚੇਤਾਵਨੀ ਦਿੱਤੀ ਜੋ ਹਰ ਸਰਕਾਰ ਦੇ ਸਮੇਂ ਆਪਣੇ ਨਿੱਜੀ ਹਿੱਤ ਸਾਧਣ ਵਿੱਚ ਲੱਗੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਜੋ ਲੋਕ ਸੱਤਾਧਾਰੀ ਪਾਰਟੀ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਵਿਰੋਧੀ ਉਮੀਦਵਾਰਾਂ ਨੂੰ ਡਰਾ-ਧਮਕਾ ਰਹੇ ਹਨ ਜਾਂ ਉਨ੍ਹਾਂ ਨੂੰ ਲਾਲਚ ਦੇ ਰਹੇ ਹਨ, ਉਹ ਸੁਧਰ ਜਾਣ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਕਾਤਰੋ ਨੇ ਵੀ ਪ੍ਰਸ਼ਾਸਨਿਕ ਰਵੱਈਏ ਦੀ ਕਰੜੀ ਨਿੰਦਾ ਕਰਦਿਆਂ ਕਿਹਾ ਕਿ ਆਜ਼ਾਦ, ਅਕਾਲੀ, ਭਾਜਪਾ ਅਤੇ ਕਾਂਗਰਸ ਉਮੀਦਵਾਰਾਂ ਨੂੰ ਬਿਨਾਂ ਕਾਰਨ ਤੰਗ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਨਾਮਜ਼ਦਗੀ ਪੱਤਰ ਰੱਦ ਕਰਨ ਲਈ ਬੇਵਜ੍ਹਾ ਜਲਦਬਾਜ਼ੀ ਦਿਖਾਈ ਜਾ ਰਹੀ ਹੈ। ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਸਰਜੀਵਨ ਜਿੰਦਲ, ਭਾਜਪਾ ਆਗੂ ਵਿੱਕੀ ਪਰੋਚਾ ਅਤੇ ਬ੍ਰਿਜੇਸ਼ਵਰ ਗੋਯਲ ਸਮੇਤ ਵੱਖ-ਵੱਖ ਪਾਰਟੀਆਂ ਦੇ ਪ੍ਰਮੁੱਖ ਆਗੂ ਅਤੇ ਵੱਡੀ ਗਿਣਤੀ ਵਿੱਚ ਉਮੀਦਵਾਰ ਮੌਜੂਦ ਸਨ।