ਪਾਤੜਾਂ ’ਚ ਵਿਰੋਧੀ ਪਾਰਟੀਆਂ ਨੇ ‘ਆਪ’ ਵਿਰੁੱਧ ਲਗਾਇਆ ਧਰਨਾ
ਪਾਤੜਾਂ ’ਚ ਵਿਰੋਧੀ ਪਾਰਟੀਆਂ ਵੱਲੋਂ ਆਪ ਵਿਰੁੱਧ ਧਰਨਾ
Publish Date: Sun, 17 May 2026 06:53 PM (IST)
Updated Date: Sun, 17 May 2026 06:54 PM (IST)

-‘ਆਪ’ ਨਗਰ ਕੌਂਸਲਾਂ ਚੋਣਾਂ ਜਿੱਤਣਾ ਨਹੀਂ ਲੁੱਟਣਾ ਚਾਹੁੰਦੀ ਹੈ : ਡਾਕਟਰ ਗਾਂਧੀ ਫੋਟੋ 17ਪੀਟੀਐਲ: 36, 37 ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਨਗਰ ਕੌਂਸਲ ਪਾਤੜਾਂ ਦੀਆਂ ਚੋਣਾਂ ਲਈ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਅਖੀਰਲੇ ਦਿਨ ਸ਼ਨਿੱਚਰਵਾਰ ਨੂੰ ਸਬ ਡਿਵੀਜ਼ਨ ਕੰਪਲੈਕਸ ਪਾਤੜਾਂ ਵਿਖੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿਚ ਹੋਈ ਤਕਰਾਰਬਾਜ਼ੀ ਤੋਂ ਬਾਅਦ ਇਕ ਯੂਥ ਕਾਂਗਰਸੀ ਵਰਕਰ ਦੇ ਸੱਟਾਂ ਲੱਗਣ ਕਰਕੇ ਉਸ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਜਿਸ ਦੇ ਵਿਰੋਧ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ’ਤੇ ਕਥਿਤ ਧੱਕੇਸ਼ਾਹੀ ਦੇ ਦੋਸ਼ ਲਗਾਉਂਦਿਆਂ ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ’ਤੇ ਸ਼ਹਿਰ ਦੇ ਸ਼ਹੀਦ ਭਗਤ ਸਿੰਘ ਚੌਕ ਵਿਖੇ ਵਿਸ਼ਾਲ ਰੋਹ ਭਰਪੂਰ ਧਰਨਾ ਦੇ ਕੇ ਧੱਕੇਸ਼ਾਹੀ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ। ਕਾਂਗਰਸ ਦੇ ਸੱਦੇ ਉੱਤੇ ਦਿੱਤੇ ਗਏ ਇਸ ਧਰਨੇ ਵਿਚ ਸੂਬੇ ਦੀਆਂ ਮੁੱਖ ਵਿਰੋਧੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਨੁਮਾਇੰਦਿਆਂ ਨੇ ਪਹੁੰਚ ਕੇ ਇਸ ਧਰਨੇ ਦੀ ਹਮਾਇਤ ਕਰਦਿਆਂ ਮੁਲਜ਼ਮਾਂ ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ। ਧਰਨੇ ’ਚ ਲੋਕ ਸਭਾ ਹਲਕਾ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ, ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪਟਿਆਲਾ ਦਿਹਾਤੀ ਦੀ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ, ਹਲਕਾ ਸ਼ੁਤਰਾਣਾ ਤੋਂ ਕਾਂਗਰਸ ਪਾਰਟੀ ਦੇ ਆਗੂ ਦਰਬਾਰਾ ਸਿੰਘ ਬਣਵਾਲਾ, ਐਸਸੀ ਸੈਲ ਦੇ ਚੇਅਰਮੈਨ ਨਛੱਤਰ ਸਿੰਘ ਅਰਾਈਮਾਜਰਾ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਾਬੂ ਕਬੀਰ ਦਾਸ, ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਨਰਾਇਣ ਸਿੰਘ ਨਰਸੋਤ ਨੇ ਸ਼ਮੂਲੀਅਤ ਕੀਤੀ। ਧਰਨੇ ਉਪਰੰਤ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਪਹਿਲਾਂ ਹੀ ਆਦੇਸ਼ ਦਿੱਤੇ ਸਨ ਕਿ ਉਨਾਂ ਦੀ ਪਾਰਟੀ ਚੋਣਾਂ ਜਿੱਤਣ ਲਈ ਹਰ ਇਕ ਹੱਥ ਕੰਡਾ ਆਪਣਾਏਗੀ ਜਿਸ ’ਤੇ ਕੰਮ ਕਰਦਿਆਂ ਬੀਤੇ ਦਿਨ ਆਪ ਦੇ ਵਰਕਰਾਂ ਵੱਲੋਂ ਜਿੱਥੇ ਇੱਕ ਕਾਂਗਰਸੀ ਉਮੀਦਵਾਰ ਦੇ ਕਾਗਜ਼ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ ਉੱਥੇ ਹੀ ਕਾਂਗਰਸੀ ਵਰਕਰਾਂ ਉੱਤੇ ਲਾਠੀਆਂ ਨਾਲ ਹਮਲਾ ਵੀ ਕੀਤਾ। ਇਸ ਮੌਕੇ ਕਾਂਗਰਸ ਪਾਰਟੀ ਜ਼ਿਲ੍ਹਾ ਪਟਿਆਲਾ ਦਿਹਾਤੀ ਦੀ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਨੇ ਕਿਹਾ ਕਿ ਘਟਨਾ ਸਬੰਧੀ ਕਾਂਗਰਸ ਪਾਰਟੀ ਵੱਲੋਂ ਪ੍ਰਸ਼ਾਸਨ ਕੋਲ ਲਿਖਤੀ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਨਾ ਕੀਤੀ ਗਈ ਤਾਂ ਕਾਂਗਰਸ ਪਾਰਟੀ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ ਨਗਰ ਕੌਂਸਲ ਪਾਤੜਾਂ ਦੀਆਂ ਚੋਣਾਂ ਫੌਜ ਦੀ ਨਿਗਰਾਨੀ ਹੇਠ ਹੋਣੀਆਂ ਚਾਹੀਦੀਆਂ ਹਨ। ਇਸ ਮੌਕੇ ਸੇਵਾ ਆਈਆਰਐਸ ਅਮਰਜੀਤ ਸਿੰਘ ਘੱਗਾ, ਸੀਨੀਅਰ ਕਾਂਗਰਸੀ ਆਗੂ ਦਲੇਰ ਸਿੰਘ ਹਰਿਆਊ, ਗੁਰਦਰਸ਼ਨ ਸਿੰਘ ਗਲੌਲੀ, ਬਲਾਕ ਪ੍ਰਧਾਨ ਰਣਜੀਤ ਸਿੰਘ ਮਤੌਲੀ, ਨਿਰਮਲ ਸਿੰਘ ਪੰਨੂ, ਹਰਦੀਪ ਸਿੰਘ ਕੁਲਾਰਾਂ, ਅਕਾਲੀ ਆਗੂ ਡਾਕਟਰ ਬਹਾਦਰ ਸਿੰਘ ਘੱਗਾ, ਰਣਜੀਤ ਸਿੰਘ ਸ਼ਾਹੀ, ਨਰਿੰਦਰ ਸਿੰਗਲਾ, ਬਲਾਕ ਸੰਮਤੀ ਮੈਂਬਰ ਲਖਵਿੰਦਰ ਸਿੰਘ ਜਲਾਲਪੁਰ ਅਤੇ ਹੇਮਰਾਜ ਆਦਿ ਹਾਜ਼ਰ ਸਨ। --ਕਾਗਜ਼ ਖੋਹਣ ਦੀ ਵੀਡੀਓ ਦੇ ਆਧਾਰ ’ਤੇ ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ ਡੀਐੱਸਪੀ ਪਾਤੜਾਂ ਗੁਰਦੀਪ ਸਿੰਘ ਸੰਧੂ ਨੇ ਦੱਸਿਆ ਕਿ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਵੀਡੀਓ ਦੇ ਅਧਾਰ ਉੱਤੇ ਕਾਗਜ਼ ਖੋਹਣ ਦੇ ਕਥਿਤ ਅਣਪਛਾਤੇ ਦੋਸ਼ੀ ਖਿਲਾਫ ਪੁਲਿਸ ਨੇ ਮਾਮਲਾ ਦਰਜ ਕੀਤਾ ਗਿਆ ਹੈ। ਕੁੱਟਮਾਰ ਦੇ ਮਾਮਲੇ ਵਿਚ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਅਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।