ਪੁੱਤਰ ਦੇ AAP 'ਚ ਸ਼ਾਮਲ ਹੋਣ ਦੀਆਂ ਅਫਵਾਹਾਂ 'ਤੇ ਪ੍ਰੋ. ਚੰਦੂਮਾਜਰਾ ਦੀ ਦੋ ਟੁੱਕ; ਮੇਰਾ ਪਰਿਵਾਰ ਕਿਸੇ ਵੀ ਸਿਆਸੀ ਲਾਲਚ 'ਚ ਨਹੀਂ ਆਵੇਗਾ
ਉਨ੍ਹਾਂ ਬੋਲਦਿਆਂ ਮੀਡੀਆ ਦੇ ਕੁਝ ਹਿੱਸਿਆਂ ਬਾਰੇ ਕਿਹਾ ਕਿ ਜਾਣਬੁੱਝ ਕੇ ਅਜਿਹੀਆਂ ਮਨਘੜਤ ਅਤੇ ਗੁੰਮਰਾਹਕੁੰਨ ਖਬਰਾਂ ਫੈਲਾਈਆਂ ਜਾ ਰਹੀਆਂ ਹਨ, ਜੋ ਨਾ ਸਿਰਫ਼ ਗਲਤ ਹਨ ਸਗੋਂ ਲੋਕਾਂ ਵਿੱਚ ਭਰਮ ਪੈਦਾ ਕਰਨ ਦੀ ਕੋਸ਼ਿਸ਼ ਵੀ ਹਨ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਸਿਆਸੀ ਲਾਭ ਲਈ ਅਜਿਹੀਆਂ ਅਫਵਾਹਾਂ ਫੈਲਾਉਣਾ ਲੋਕਤੰਤਰਿਕ ਮਰਯਾਦਾਵਾਂ ਦੇ ਵੀ ਖਿਲਾਫ ਹੈ।
Publish Date: Sun, 17 May 2026 01:25 PM (IST)
Updated Date: Sun, 17 May 2026 02:29 PM (IST)
ਪਟਿਆਲਾ, 17 ਮਈ 2026 : ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਆਗੂ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਆਪਣੇ ਪੁੱਤਰ ਅਤੇ ਹਲਕਾ ਸਨੌਰ ਤੋਂ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਬਾਰੇ ਚੱਲ ਰਹੀਆਂ ਸਿਆਸੀ ਅਫਵਾਹਾਂ ਨੂੰ ਝੂਠਾ ਕਰਾਰ ਦਿੱਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਹਰਿੰਦਰਪਾਲ ਚੰਦੂਮਾਜਰਾ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਸੰਬੰਧੀ ਚੱਲ ਰਹੀਆਂ ਖਬਰਾਂ ਸਿਰਫ਼ ਅਫਵਾਹਾਂ ਹਨ ਅਤੇ ਇਨ੍ਹਾਂ ਵਿੱਚ ਕੋਈ ਸੱਚਾਈ ਨਹੀਂ।
ਇੱਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਚੰਦੂਮਾਜਰਾ ਪਰਿਵਾਰ ਨੇ ਹਮੇਸ਼ਾ ਪੰਜਾਬ, ਪੰਜਾਬੀਅਤ ਅਤੇ ਪੰਥਕ ਹਿੱਤਾਂ ਦੀ ਰੱਖਿਆ ਲਈ ਸਿਧਾਂਤਕ ਸਿਆਸਤ ਕੀਤੀ ਹੈ ਅਤੇ ਭਵਿੱਖ ਵਿੱਚ ਵੀ ਇਸ ਰਾਹ ਤੋਂ ਭਟੇਗਾ ਨਹੀਂ। ਉਨ੍ਹਾਂ ਕਿਹਾ ਕਿ ਪਰਿਵਾਰ ਕਿਸੇ ਵੀ ਡਰ, ਦਬਾਅ, ਭੈਅ ਜਾਂ ਸਿਆਸੀ ਲਾਲਚ ਦੇ ਅਧੀਨ ਹੋ ਕੇ ਸੱਤਾਧਾਰੀ ਧਿਰਾਂ ਨਾਲ ਕੋਈ ਸਮਝੌਤਾ ਨਹੀਂ ਕਰੇਗਾ।
ਉਨ੍ਹਾਂ ਬੋਲਦਿਆਂ ਮੀਡੀਆ ਦੇ ਕੁਝ ਹਿੱਸਿਆਂ ਬਾਰੇ ਕਿਹਾ ਕਿ ਜਾਣਬੁੱਝ ਕੇ ਅਜਿਹੀਆਂ ਮਨਘੜਤ ਅਤੇ ਗੁੰਮਰਾਹਕੁੰਨ ਖਬਰਾਂ ਫੈਲਾਈਆਂ ਜਾ ਰਹੀਆਂ ਹਨ, ਜੋ ਨਾ ਸਿਰਫ਼ ਗਲਤ ਹਨ ਸਗੋਂ ਲੋਕਾਂ ਵਿੱਚ ਭਰਮ ਪੈਦਾ ਕਰਨ ਦੀ ਕੋਸ਼ਿਸ਼ ਵੀ ਹਨ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਸਿਆਸੀ ਲਾਭ ਲਈ ਅਜਿਹੀਆਂ ਅਫਵਾਹਾਂ ਫੈਲਾਉਣਾ ਲੋਕਤੰਤਰਿਕ ਮਰਯਾਦਾਵਾਂ ਦੇ ਵੀ ਖਿਲਾਫ ਹੈ।
ਉਨ੍ਹਾਂ ਕਿਹਾ ਕਿ ਜਿਸ ਪਾਰਟੀ ਦੇ ਪੰਜਾਬੀ ਆਗੂ “ਦਿੱਲੀ ਦਰਬਾਰ” ਅੱਗੇ ਝੁਕਦੇ ਹੋਣ, ਉਸ ਤਰ੍ਹਾਂ ਦੀ ਸਿਆਸਤ ਕਰਨਾ ਚੰਦੂਮਾਜਰਾ ਪਰਿਵਾਰ ਦੇ ਸੁਭਾਅ ਅਤੇ ਸਿਆਸੀ ਵਿਚਾਰਧਾਰਾ ਦਾ ਹਿੱਸਾ ਨਹੀਂ। ਉਨ੍ਹਾਂ ਦਾਅਵਾ ਕੀਤਾ ਕਿ ਉਹ ਪੰਜਾਬ ਦੇ ਹੱਕਾਂ, ਕਿਸਾਨਾਂ, ਪੰਜਾਬੀ ਭਾਸ਼ਾ ਅਤੇ ਪੰਥਕ ਮਸਲਿਆਂ ਲਈ ਪਹਿਲਾਂ ਵਾਂਗ ਡਟ ਕੇ ਆਵਾਜ਼ ਉਠਾਉਂਦੇ ਰਹਿਣਗੇ। ਪ੍ਰੋ. ਚੰਦੂਮਾਜਰਾ ਨੇ ਪਾਰਟੀ ਵਰਕਰਾਂ ਅਤੇ ਸਮਰਥਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੀਆਂ ਅਫਵਾਹਾਂ ਤੋਂ ਸੁਚੇਤ ਰਹਿਣ।