ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਸ ਮਾਡਿਊਲ ਨੂੰ ਮਲੇਸ਼ੀਆ ਵਿੱਚ ਬੈਠਾ ਇੱਕ ਵਿਅਕਤੀ 'ਜੁਝਾਰ ਸਿੰਘ' ਦੇ ਨਾਂ ਹੇਠ ਫੰਡ ਮੁਹੱਈਆ ਕਰਵਾ ਰਿਹਾ ਸੀ। ਉਹ ਅਮਰੀਕਾ ਅਧਾਰਿਤ ਸੁਰਿੰਦਰ ਸਿੰਘ ਠੀਕਰੀਵਾਲ ਅਤੇ ਪਾਕਿਸਤਾਨ ਵਿੱਚ ਬੈਠੇ ਅੱਤਵਾਦੀ ਰਣਜੀਤ ਸਿੰਘ ਨੀਤਾ ਦੇ ਸੰਪਰਕ ਵਿੱਚ ਸੀ।
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐੱਸਆਈ ਅਤੇ ਵਿਦੇਸ਼ਾਂ ਵਿੱਚ ਬੈਠੇ ਅੱਤਵਾਦੀ ਨੈੱਟਵਰਕ ਵੱਲੋਂ ਪੰਜਾਬ ਨੂੰ ਦਹਿਲਾਉਣ ਦੀ ਇੱਕ ਹੋਰ ਨਾਪਾਕ ਸਾਜ਼ਿਸ਼ ਨੂੰ ਪੰਜਾਬ ਪੁਲਿਸ ਨੇ ਨਾਕਾਮ ਕਰ ਦਿੱਤਾ ਹੈ। ਸ਼ੰਭੂ ਰੇਲਵੇ ਟਰੈਕ 'ਤੇ ਆਈਈਡੀ ਲਗਾਉਣ ਦੀ ਕੋਸ਼ਿਸ਼ ਦੌਰਾਨ ਹੋਏ ਧਮਾਕੇ ਦੇ ਮਾਮਲੇ ਵਿੱਚ ਕਾਰਵਾਈ ਕਰਦਿਆਂ ਪਟਿਆਲਾ ਪੁਲਿਸ ਅਤੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਅੰਮ੍ਰਿਤਸਰ ਨੇ ਤਰਨਤਾਰਨ ਦੇ ਪਿੰਡ ਪੰਜਵੜ ਖੁਰਦ ਤੋਂ ਭਾਰੀ ਮਾਤਰਾ ਵਿੱਚ ਗੋਲਾ-ਬਾਰੂਦ ਅਤੇ ਹਥਿਆਰ ਬਰਾਮਦ ਕੀਤੇ ਹਨ।
ਬਰਾਮਦ ਹੋਇਆ ਮਿਲਟਰੀ ਗ੍ਰੇਡ ਅਸਲਾ
ਡੀਜੀਪੀ ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਬਰਾਮਦ ਕੀਤੇ ਗਏ ਸਮਾਨ ਵਿੱਚ ਇੱਕ ਆਰਪੀਜੀ, ਇੱਕ ਧਾਤੂ ਦਾ ਆਈਈਡੀ (ਸਟਿੱਕੀ ਬੰਬ) ਜਿਸ ਦਾ ਵਜ਼ਨ 2.296 ਕਿਲੋ ਹੈ, ਤਿੰਨ ਡੈਟੋਨੇਟਰ, 1.456 ਕਿਲੋ ਆਰਡੀਐਕਸ, ਇੱਕ P-86 ਹੈਂਡ ਗ੍ਰੇਨੇਡ ਅਤੇ ਤਿੰਨ ਹਾਈ-ਐਂਡ ਪਿਸਤੌਲ (ਗਲੌਕ-18 ਆਸਟ੍ਰੀਆ, ਪੀਐਕਸ-5 ਸਟੋਰਮ ਅਤੇ ਸਟਾਰ ਮਾਰਕ) ਸ਼ਾਮਲ ਹਨ। ਇਸ ਤੋਂ ਇਲਾਵਾ 84 ਜ਼ਿੰਦਾ ਕਾਰਤੂਸ, ਵਾਇਰਲੈੱਸ ਸੈੱਟ ਅਤੇ ਟਾਈਮਰ ਸਵਿੱਚ ਵੀ ਮਿਲੇ ਹਨ।
ਮ੍ਰਿਤਕ ਦੇ ਭਰਾ ਨੇ ਕੀਤੇ ਅਹਿਮ ਖ਼ੁਲਾਸੇ
ਜ਼ਿਕਰਯੋਗ ਹੈ ਕਿ ਸੋਮਵਾਰ ਰਾਤ ਨੂੰ ਸ਼ੰਭੂ ਨੇੜੇ ਰੇਲਵੇ ਟਰੈਕ 'ਤੇ ਆਈਈਡੀ ਲਗਾਉਂਦੇ ਸਮੇਂ ਜਗਰੂਪ ਸਿੰਘ ਉਰਫ ਜੂਪਾ ਦੀ ਮੌਤ ਹੋ ਗਈ ਸੀ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਇਸ ਮਾਡਿਊਲ ਦੇ ਚਾਰ ਮੈਂਬਰਾਂ—ਪ੍ਰਦੀਪ ਸਿੰਘ ਖਾਲਸਾ, ਕੁਲਵਿੰਦਰ ਸਿੰਘ, ਸਤਨਾਮ ਸਿੰਘ ਸੱਤਾ ਅਤੇ ਗੁਰਪ੍ਰੀਤ ਸਿੰਘ ਗੋਪੀ ਨੂੰ ਗ੍ਰਿਫਤਾਰ ਕੀਤਾ ਸੀ। ਡੀਜੀਪੀ ਨੇ ਦੱਸਿਆ ਕਿ ਤਾਜ਼ਾ ਬਰਾਮਦਗੀ ਮ੍ਰਿਤਕ ਜਗਰੂਪ ਸਿੰਘ ਦੇ ਭਰਾ ਸਤਨਾਮ ਸਿੰਘ ਸੱਤਾ ਦੀ ਪੁੱਛਗਿੱਛ ਦੌਰਾਨ ਹੋਏ ਖ਼ੁਲਾਸਿਆਂ ਦੇ ਆਧਾਰ 'ਤੇ ਕੀਤੀ ਗਈ ਹੈ। ਹਥਿਆਰਾਂ ਦਾ ਇਹ ਜ਼ਖੀਰਾ ਪਿੰਡ ਪੰਜਵੜ ਖੁਰਦ ਦੇ ਇੱਕ ਤਬੇਲੇ ਅਤੇ ਕਾਰ ਵਿੱਚ ਛੁਪਾਇਆ ਹੋਇਆ ਸੀ।
ਮਲੇਸ਼ੀਆ ਤੇ ਅਮਰੀਕਾ ਤੋਂ ਜੁੜੇ ਤਾਰ
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਸ ਮਾਡਿਊਲ ਨੂੰ ਮਲੇਸ਼ੀਆ ਵਿੱਚ ਬੈਠਾ ਇੱਕ ਵਿਅਕਤੀ 'ਜੁਝਾਰ ਸਿੰਘ' ਦੇ ਨਾਂ ਹੇਠ ਫੰਡ ਮੁਹੱਈਆ ਕਰਵਾ ਰਿਹਾ ਸੀ। ਉਹ ਅਮਰੀਕਾ ਅਧਾਰਿਤ ਸੁਰਿੰਦਰ ਸਿੰਘ ਠੀਕਰੀਵਾਲ ਅਤੇ ਪਾਕਿਸਤਾਨ ਵਿੱਚ ਬੈਠੇ ਅੱਤਵਾਦੀ ਰਣਜੀਤ ਸਿੰਘ ਨੀਤਾ ਦੇ ਸੰਪਰਕ ਵਿੱਚ ਸੀ। ਪੁਲਿਸ ਹੁਣ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਕੀ ਇਹ ਨੈੱਟਵਰਕ 23 ਜਨਵਰੀ 2026 ਨੂੰ ਸਰਹਿੰਦ ਰੇਲਵੇ ਟਰੈਕ 'ਤੇ ਹੋਏ ਧਮਾਕੇ ਅਤੇ 6-7 ਨਵੰਬਰ 2025 ਨੂੰ ਸੀਆਈਏ ਮੋਗਾ 'ਤੇ ਹੋਏ ਗ੍ਰਨੇਡ ਹਮਲੇ ਵਿੱਚ ਵੀ ਸ਼ਾਮਲ ਸੀ।
ਐਸਐਸਪੀ ਪਟਿਆਲਾ ਵਰੁਣ ਸ਼ਰਮਾ ਅਤੇ ਏਆਈਜੀ ਐਸਐਸਓਸੀ ਸੁਖਜਿੰਦਰ ਸਿੰਘ ਮਾਨ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਕੋਤਵਾਲੀ ਪਟਿਆਲਾ ਵਿਖੇ ਭਾਰਤੀ ਨਿਆ ਸੰਹਿਤਾ ਦੀ ਧਾਰਾ 111, ਵਿਸਫੋਟਕ ਐਕਟ, ਅਸਲਾ ਐਕਟ ਅਤੇ ਯੂਏਪੀਏ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਇਸ ਗਿਰੋਹ ਦੇ ਬਾਕੀ ਮੈਂਬਰਾਂ ਦੀ ਭਾਲ ਵਿੱਚ ਵੀ ਛਾਪੇਮਾਰੀ ਕਰ ਰਹੀ ਹੈ।