ਆਜ਼ਾਦੀ ਘੁਲਾਟੀਆਂ ਦੀ ਜਥੇਬੰਦੀ ਨੇ ਪ੍ਰਨੀਤ ਕੌਰ ਨਾਲ ਕੀਤੀ ਮੁਲਾਕਾਤ
ਆਜ਼ਾਦੀ ਘੁਲਾਟੀਆਂ ਦੀ ਜਥੇਬੰਦੀ ਨੇ ਪ੍ਰਨੀਤ ਕੌਰ ਨਾਲ ਕੀਤੀ ਮੁਲਾਕਾਤ
Publish Date: Thu, 23 Apr 2026 06:13 PM (IST)
Updated Date: Thu, 23 Apr 2026 06:16 PM (IST)

- ਸਨਮਾਨ ਸਹੂਲਤਾਂ ਬਾਰੇ ਕੇਂਦਰ ਸਰਕਾਰ ਦੇ ਨਾਂ ਭੇਜਿਆ ਮੰਗ ਪੱਤਰ : ਧਾਲੀਵਾਲ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਦੇਸ਼ ਭਗਤਾਂ ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਕੰਮ ਕਰ ਰਹੀ ਸੁਤੰਤਰਤਾ ਸੰਗਰਾਮੀ ਉਤਰਾਧਿਕਾਰੀ ਐਸੋਸੀਏਸ਼ਨ ਦੇ 11 ਮੈਂਬਰੀ ਵਫ਼ਦ ਵੱਲੋਂ ਪੰਜਾਬ ਭਾਜਪਾ ਦੇ ਆਗੂ ਅਤੇ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਇੰਦਰਪਾਲ ਸਿੰਘ ਧਾਲੀਵਾਲ ਸੋਨੀ ਨੇ ਦੱਸਿਆ ਕਿ ਅੱਜ ਦੀ ਮੁਲਾਕਾਤ ਦੌਰਾਨ ਪੰਜਾਬ ਦੇ ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਕੇਂਦਰ ਸਰਕਾਰ ਨਾਲ ਸਬੰਧਿਤ ਸਨਮਾਨ ਸਹੂਲਤਾਂ ਸਬੰਧੀ ਮਹਾਰਾਣੀ ਪ੍ਰਨੀਤ ਕੌਰ ਨੂੰ ਜਾਣੂ ਕਰਵਾਇਆ ਗਿਆ ਹੈ। ਜ਼ਿਲ੍ਹਾ ਪ੍ਰਧਾਨ ਅਮਰਪ੍ਰੀਤ ਸਿੰਘ ਬੋਬੀ ਅਤੇ ਦਫ਼ਤਰ ਇੰਚਾਰਜ ਕਮਲਦੀਪ ਸਿੰਘ ਗਿੱਲ ਦੇ ਸੱਦੇ ਉੱਤੇ ਜ਼ਿਲ੍ਹਾ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਸਾਬਕਾ ਵਿਦੇਸ਼ ਰਾਜ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਨਾਲ ਲੰਮਾ ਸਮਾਂ ਆਜ਼ਾਦੀ ਘੁਲਾਟੀਆਂ ਦੀਆਂ ਹੱਕੀ ਮੰਗਾਂ ਨੂੰ ਲਾਗੂ ਕਰਵਾਉਣ ਲਈ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਫਰੀਡਮ ਫਾਈਟਰ ਜਥੇਬੰਦੀ ਦੇ ਵਫ਼ਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂਅ ਲਿਖਤੀ ਰੂਪ ਵਿੱਚ ਪੱਤਰ ਭੇਜਦੇ ਹੋਏ ਮੰਗ ਕੀਤੀ ਕਿ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਰਾਸ਼ਟਰੀ ਪਰਿਵਾਰਾਂ ਦਾ ਦਰਜਾ ਦਿੱਤਾ ਜਾਵੇ ਤਾਂ ਜੋ ਆਜ਼ਾਦੀ ਘੁਲਾਟੀਆਂ ਦੀ ਯਾਦ ਨੂੰ ਪੀੜੀ ਦਰ ਪੀੜੀ ਬਰਕਰਾਰ ਰੱਖਿਆ ਜਾ ਸਕੇ। ਆਗੂਆਂ ਨੇ ਤਰਕ ਦਿੰਦੇ ਹੋਏ ਦੱਸਿਆ ਕਿ ਸਰਕਾਰਾਂ ਵੱਲੋਂ ਤੀਜ਼ੀ ਪੀੜ੍ਹੀ ਤੱਕ ਆਜ਼ਾਦੀ ਘੁਲਾਟੀਆਂ ਦੇ ਵਾਰਸਾਂ ਨੂੰ ਕਾਨੂੰਨੀ ਰੂਪ ਵਿੱਚ ਮਾਨਤਾ ਦਿੱਤੀ ਗਈ ਹੈ, ਜਦੋਂ ਕਿ ਜਥੇਬੰਦੀ ਦੀ ਮੰਗ ਤੇ ਆਉਣ ਵਾਲੀ ਪੀੜ੍ਹੀ ਨੂੰ ਵੀ ਵਾਰਸਾਂ ਵਿੱਚ ਸ਼ਾਮਲ ਕੀਤਾ ਜਾਵੇ। ਆਗੂਆਂ ਨੇ ਫਰੀਡਮ ਫਾਈਟਰ ਦੀ ਤਰਜ਼ ਤੇ ਭਾਰਤੀ ਰੇਲਵੇ ਵਿੱਚ ਸਫ਼ਰ ਦੀ ਸਹੂਲਤ ਵਾਰਿਸਾਂ ਨੂੰ ਦੇਣ ਦੀ ਤਜਵੀਜ਼ ਪੇਸ਼ ਕੀਤੀ। ਭਾਰਤ ਸਰਕਾਰ ਅਧੀਨ ਆਉਂਦੇ ਸਮੂਹ ਟੋਲ ਪਲਾਜ਼ਾ ਤੋਂ ਸਨਮਾਨ ਸਹਿਤ ਆਉਣ-ਜਾਣ ਦੀ ਸਹੂਲਤ ਲਈ ਆਵਾਜ਼ ਬੁਲੰਦ ਕੀਤੀ। ਸੂਬਾ ਕਨਵੀਨਰ ਪ੍ਰਕਾਸ਼ ਸਿੰਘ ਧਾਲੀਵਾਲ ਨੇ ਮੰਗ ਕੀਤੀ ਕਿ ਭਾਰਤ ਵਿੱਚ ਹੋਣ ਵਾਲੀਆਂ ਚੋਣਾਂ ਲੋਕ ਸਭਾ, ਰਾਜ ਸਭਾ, ਵਿਧਾਇਕਾਂ,ਨਗਰ ਨਿਗਮ ਆਦਿ ਵਿੱਚ ਫਰੀਡਮ ਫਾਈਟਰ ਲਈ ਵਿਸ਼ੇਸ਼ ਕੋਟੇ ਰੱਖਿਆ ਜਾਵੇ। ਮਹਾਰਾਣੀ ਪ੍ਰਨੀਤ ਕੌਰ ਨੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਮਾਣ ਸਨਮਾਨ ਦਿੰਦੇ ਹੋਏ ਵਾਅਦਾ ਕੀਤਾ ਕਿ ਆਉਣ ਵਾਲੇ ਦਿਨਾਂ ਵਿੱਚ ਦੇਸ਼ ਭਗਤਾਂ ਦੀਆਂ ਸਨਮਾਨ ਸਹੂਲਤਾਂ ਨੂੰ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਧਿਆਨ ਹੇਠ ਲਿਆ ਕੇ ਹੱਲ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਸਾਬਕਾ ਵਿਦੇਸ਼ ਰਾਜ ਮੰਤਰੀ ਨੇ ਕਿਹਾ ਕਿ ਆਜ਼ਾਦੀ ਘੁਲਾਟੀਆਂ ਵੱਲੋਂ ਕੀਤੀਆਂ ਕੁਰਬਾਨੀਆਂ ਸਦਕਾ ਹੀ ਭਾਰਤੀ ਲੋਕਤੰਤਰ ਦੀ ਸਥਾਪਨਾ ਹੋਈ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਵੱਧ ਕੁਰਬਾਨੀਆਂ ਪੰਜਾਬ ਦੇ ਲੋਕਾਂ ਨੇ ਦਿੱਤੀਆਂ ਹਨ। ਫਰੀਡਮ ਫਾਈਟਰ ਪਰਿਵਾਰਾਂ ਦੇ ਵਫ਼ਦ ਵਿੱਚ ਸੂਬਾ ਕਨਵੀਨਰ ਪ੍ਰਕਾਸ਼ ਸਿੰਘ ਧਾਲੀਵਾਲ, ਅਮਰਪ੍ਰੀਤ ਸਿੰਘ ਬੋਬੀ ਜ਼ਿਲ੍ਹਾ ਪ੍ਰਧਾਨ, ਕਮਲਦੀਪ ਸਿੰਘ ਗਿੱਲ ਦਫ਼ਤਰ ਇੰਚਾਰਜ, ਪ੍ਰੀਤਮ ਸਿੰਘ ਮਾਨ, ਗੁਰਇਕਬਾਲ ਸਿੰਘ ਸੰਧੂ, ਬਲਵਿੰਦਰ ਸਿੰਘ, ਇੰਦਰਪਾਲ ਸਿੰਘ ਵਿਰਕ, ਰਾਜਿੰਦਰ ਵਡੇਰਾ, ਪ੍ਰਵੀਨ ਕੁਮਾਰੀ, ਸੁਖਵਿੰਦਰ ਕੌਰ ਉਤਰਾਧਿਕਾਰੀ ਆਦਿ ਮੌਜੂਦ ਸਨ।