ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਨੌਜਵਾਨ ਨੂੰ ਚਾਕੂ ਦੀ ਨੋਕ 'ਤੇ ਲੁੱਟਿਆ, ਪੁਰਾਣੇ ਬੱਸ ਅੱਡੇ ਨੇੜੇ ਤੜਕਸਾਰ ਵੱਡੀ ਵਾਰਦਾਤ
ਇਸ ਤੋਂ ਬਾਅਦ ਜਦੋਂ ਉਸਨੇ ਐੱਸਬੀਆਈ ਏਟੀਐਮ ਦੇ ਸਾਹਮਣੇ ਗੁਰਬਖਸ਼ ਕਲੋਨੀ ਵਾਲੀ ਗਲੀ ਵੱਲ ਦੌੜਨ ਦੀ ਕੋਸ਼ਿਸ਼ ਕੀਤੀ ਤਾਂ ਲੁਟੇਰਿਆਂ ਨੇ ਉਸਦਾ ਪਿੱਛਾ ਕਰਨਾ ਸ਼ੁਰੂ ਕੀਤਾ ਅਤੇ ਚਾਕੂ ਦਿਖਾ ਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਡਰ ਦੇ ਮਾਰੇ ਪੀੜਤ ਨੌਜਵਾਨ ਨੇ ਆਪਣਾ ਫੋਨ ਅਤੇ ਕੋਲ ਮੌਜੂਦ ਨਕਦੀ ਲੁਟੇਰਿਆਂ ਦੇ ਹਵਾਲੇ ਕਰ ਦਿੱਤੀ।
Publish Date: Wed, 25 Feb 2026 12:03 PM (IST)
Updated Date: Wed, 25 Feb 2026 12:46 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਸ਼ਾਹੀ ਸ਼ਹਿਰ ਵਿਚ ਲੁਟੇਰਿਆਂ ਦੇ ਹੌਸਲੇ ਲਗਾਤਾਰ ਬੁਲੰਦ ਹੁੰਦੇ ਜਾ ਰਹੇ ਹਨ। ਤਾਜ਼ਾ ਮਾਮਲੇ ਵਿਚ ਸ਼ਹਿਰ ਦੇ ਪੁਰਾਣੇ ਬੱਸ ਅੱਡੇ ਵਾਲੀਆਂ ਲਾਈਟਾਂ ਦੇ ਨੇੜੇ ਮੰਗਲਵਾਰ ਤੜਕਸਾਰ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਵੱਲੋਂ ਇਕ ਨੌਜਵਾਨ ਨੂੰ ਚਾਕੂ ਦੀ ਨੋਕ 'ਤੇ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਲੁਟੇਰੇ ਨੌਜਵਾਨ ਦਾ ਮੋਬਾਈਲ ਫੋਨ ਅਤੇ ਨਕਦੀ ਖੋਹ ਕੇ ਮੌਕੇ ਤੋਂ ਫ਼ਰਾਰ ਹੋ ਗਏ। ਪੀੜਤ ਨੌਜਵਾਨ ਦਿਨੇਸ਼ ਵਰਮਾ ਨੇ ਦੱਸਿਆ ਕਿ ਇਹ ਘਟਨਾ ਸਵੇਰੇ ਕਰੀਬ ਪੰਜ ਵਜੇ ਵਾਪਰੀ, ਜਦੋਂ ਉਹ ਪੁਰਾਣੇ ਬੱਸ ਅੱਡੇ ਦੀਆਂ ਲਾਈਟਾਂ ਕੋਲ ਆਪਣੀ ਗੁੜਗਾਓਂ ਜਾਣ ਵਾਲੀ ‘ਬਲਾ-ਬਲਾ ਰਾਈਡ’ ਦੀ ਉਡੀਕ ਕਰ ਰਿਹਾ ਸੀ।
ਇਸੇ ਦੌਰਾਨ ਇਕ ਸਪਲੈਂਡਰ ਮੋਟਰਸਾਈਕਲ 'ਤੇ ਸਵਾਰ ਤਿੰਨ ਨੌਜਵਾਨ ਉਸ ਕੋਲ ਆਏ ਅਤੇ ਫੋਨ ਕਰਨ ਦੇ ਬਹਾਨੇ ਉਸਦਾ ਮੋਬਾਈਲ ਮੰਗਣ ਲੱਗੇ। ਖ਼ਤਰਾ ਮਹਿਸੂਸ ਕਰਦਿਆਂ ਜਦੋਂ ਪੀੜਤ ਨੇ ਮੋਬਾਈਲ ਦੇਣ ਤੋਂ ਇਨਕਾਰ ਕੀਤਾ ਅਤੇ ਮਦਦ ਲਈ ਟ੍ਰੈਫਿਕ ਲਾਈਟਾਂ ਦੇ ਦੂਜੇ ਪਾਸੇ ਖੜ੍ਹੀ ਇਕ ਚਿੱਟੇ ਰੰਗ ਦੀ ਵੈਨ ਵੱਲ ਭੱਜਿਆ।
ਇਸ ਤੋਂ ਬਾਅਦ ਜਦੋਂ ਉਸਨੇ ਐੱਸਬੀਆਈ ਏਟੀਐਮ ਦੇ ਸਾਹਮਣੇ ਗੁਰਬਖਸ਼ ਕਲੋਨੀ ਵਾਲੀ ਗਲੀ ਵੱਲ ਦੌੜਨ ਦੀ ਕੋਸ਼ਿਸ਼ ਕੀਤੀ ਤਾਂ ਲੁਟੇਰਿਆਂ ਨੇ ਉਸਦਾ ਪਿੱਛਾ ਕਰਨਾ ਸ਼ੁਰੂ ਕੀਤਾ ਅਤੇ ਚਾਕੂ ਦਿਖਾ ਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਡਰ ਦੇ ਮਾਰੇ ਪੀੜਤ ਨੌਜਵਾਨ ਨੇ ਆਪਣਾ ਫੋਨ ਅਤੇ ਕੋਲ ਮੌਜੂਦ ਨਕਦੀ ਲੁਟੇਰਿਆਂ ਦੇ ਹਵਾਲੇ ਕਰ ਦਿੱਤੀ।
ਦਿਨੇਸ਼ ਅਨੁਸਾਰ ਤਿੰਨੋਂ ਲੁਟੇਰੇ 20 ਤੋਂ 27 ਸਾਲ ਦੇ ਦਰਮਿਆਨ ਸਨ। ਉਹ ਬਿਨਾਂ ਨੰਬਰੀ ਜਾਂ ਪੁਰਾਣੇ ਸਪਲੈਂਡਰ ਮੋਟਰਸਾਈਕਲ 'ਤੇ ਸਵਾਰ ਸਨ। ਘਟਨਾ ਦੀ ਸੂਚਨਾ ਤੁਰੰਤ ਥਾਣਾ ਲਾਹੌਰੀ ਗੇਟ ਵਿਖੇ ਦਿੱਤੀ ਗਈ ਹੈ। ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਸਕੇ।