ਇਸ ਧਰਨੇ ਵਿੱਚ ਮੁਲਾਂਪੁਰ ਦਾਖਾ ਤੋਂ ਵਿਧਾਇਕ ਮਨਪ੍ਰੀਤ ਕੌਰ ਇਯਾਲੀ ਨੇ ਕਿਹਾ ਕਿ ਬੇਅਦਬੀਆਂ ਖਿਲਾਫ ਕਾਨੂੰਨ ਜਲਦੀ ਪਾਸ ਹੋਣਾ ਚਾਹੀਦਾ ਹੈ। ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਵਿੱਚ ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰਾਂ ਦੇ ਹੱਥ ਵਿੱਚ ਬਹੁਤ ਕੁੱਝ ਹੁੰਦਾ ਹੈ ਤੇ ਜੇਕਰ ਸਰਕਾਰਾਂ ਚਾਹੁਣ ਤਾ ਇਹ ਕਾਨੂੰਨ ਬਣਾਉਣਾ ਵੱਡੀ ਗੱਲ ਨਹੀ

ਭਾਰਤ ਭੂਸ਼ਣ ਗੋਇਲ, ਸਮਾਣਾ : ਧਾਰਮਿਕ ਗ੍ਰੰਥਾਂ ਦੀਆਂ ਹੋ ਰਹੀਆਂ ਬੇਅਦਬੀਆਂ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਪਿਛਲੇ 17 ਮਹੀਨਿਆਂ ਤੋਂ ਸਮਾਣਾ ਵਿਖੇ ਬੀਐਸਐਨਐਲ ਦੇ ਟਾਵਰ ’ਤੇ ਚੜ੍ਹੇ ਭਾਈ ਗੁਰਜੀਤ ਸਿੰਘ ਫੋਜੀ ਦੀ ਹਮਾਇਤ ’ਚ ਧਰਮ ਯੁੱਧ ਮੋਰਚੇ ਕਮੇਟੀ ਦੀ ਅਗਵਾਈ ਹੇਠ ਬਾਬਾ ਬੰਦਾ ਸਿੰਘ ਬਹਾਦਰ ਚੋਂਕ ਵਿਚ ਚੱਲ ਰਹੇ ਪੱਕੇ ਧਰਨੇ ਦੌਰਾਨ ਮੰਗਲਵਾਰ ਨੂੰ ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੋੜਾਮਾਜਰਾ ਵੱਲੋਂ ਧਰਨੇ ’ਚ ਸਿਰਕਤ ਕੀਤੀ ਗਈ।
ਇਸ ਦੌਰਾਨ ਮੌਕੇ ’ਤੇ ਮੌਜੂਦ ਸਿੱਖ ਸੰਗਤਾਂ ਵੱਲੋਂ ਵਿਧਾਇਕ ਚੇਤਨ ਸਿੰਘ ਜੋੜਾਮਾਜਰਾ ਨੂੰ ਬੇਅਦਬੀਆ ਰੋਕਣ ਲਈ ਪੰਜਾਬ ਸਰਕਾਰ ਦੀ ਕਾਰਵਾਈ ’ਤੇ ਤਿੱਖੇ ਸਵਾਲ ਕੀਤੇ ਗਏ। ਇਸ ਮੌਕੇ ਵਿਧਾਇਕ ਜੋੜਾਮਾਜਰਾ ਵੱਲੋਂ ਸਟੇਜ ਤੋਂ ਸੰਬੋਧਨ ਕਰਦਿਆ ਸਭ ਤੋਂ ਪਹਿਲਾਂ ਪਿਛਲੇ ਦਿਨੀਂ ਟਾਵਰ ਪਾਰਕ ਵਿਚੋਂ ਰੋਸ਼ ਪ੍ਰਦਰਸਨ ਕਰਨ ਲਈ ਨਿਕਲ ਰਹੀ ਸੰਗਤ ਤੇ ਪੁਲਿਸ ਪ੍ਰਸ਼ਾਸਨ ਦੀ ਹੋਈ ਤਿਖੀ ਬਹਿਂਸ ਤੇ ਕੁਝ ਵਿਅਕਤੀਆਂ ਦੀਆਂ ਪੱਗਾਂ ਉਤਰਨ ਦੀ ਘਟਨਾ ਲਈ ਮਾਫੀ ਮੰਗਦਿਆ ਸਭ ਦੋਸ਼ ਆਪਣੀ ਝੋਲੀ ਪਵਾ ਕੇ ਮਾਫੀ ਮੰਗੀ। ਇਸ ਮੌਕੇ ਵਿਧਾਇਕ ਜੋੜਾਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਬੇਅਦਬੀਆਂ ਦੇ ਕਾਨੂੰਨ ਬਣਾਉਣ ਲਈ ਯਤਨਸ਼ੀਲ ਹੈ ਪਰ ਕੇਂਦਰ ਸਰਕਾਰ ਵੱਲੋਂ ਸਖ਼ਤ ਕਾਨੂੰਨ ਬਣਾਉਣ ਲਈ ਸਹਿਯੋਗ ਨਹੀ ਕਰ ਰਹੀ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੀ ਚਾਹੁੰਦੀ ਹੈ ਕਿ ਅਜਿਹਾਂ ਕਾਨੂੰਨ ਸਖ਼ਤੀ ਨਾਲ ਬਣੇ ਤਾ ਕਿ ਭਵਿੱਖ ਵਿੱਚ ਬੇਅਦਬੀਆਂ ਵਰਗੀ ਕੋਈ ਅਜਿਹੀ ਘਟਨਾ ਨਾ ਵਾਪਰੇ, ਜਿਸ ਨਾਲ ਸੰਗਤ ਵਿਚ ਰੋਸ਼ ਪੈਦਾ ਹੋਵੇ। ਉਨ੍ਹਾਂ ਇਹ ਵੀ ਕਿਹਾ ਕਿ ਉਹ ਇਸ ਕਾਨੂੰਨ ਨੂੰ ਬਣਾਉਣ ਲਈ ਸੰਗਤ ਨਾਲ਼ ਖੜ੍ਹੇ ਹਨ ਤੇ ਜੇਕਰ ਸੰਗਤ ਨੂੰ ਲੱਗਦਾ ਕਿ ਅਸਤੀਫਾ ਦੇਣ ਨਾਲ ਕਾਨੂੰਨ ਬਣ ਸਕਦਾ ਤਾ ਉਹ ਅਜਿਹਾ ਕਰਨ ਲਈ ਵੀ ਤਿਆਰ ਹਨ। ਉਨ੍ਹਾਂ ਕਿਹਾ ਕਿ ਸਿੱਖ ਸੰਗਤ ਜੋ ਵੀ ਡਿਊਟੀ ਲਾਵੇਗੀ ਉਹ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਸੰਗਤ ਵੱਲੋਂ ਪੱਗਾ ਲਾਹੁਣ ਦੀ ਪੁਲਿਸ ਕਾਰਵਾਈ ਬਾਰੇ ਪੁੱਛਣ ’ਤੇ ਵਿਧਾਇਕ ਨੇ ਸਬੰਧਿਤ ਮੁਲਾਜਮਾਂ ਨੂੰ ਲਾਈਨ ਹਾਜਰ ਕਰਨ ਤੇ ਹੋਰ ਕਾਰਾਵਈ ਦਾ ਭਰੋਸਾ ਵੀ ਦਿੱਤਾ।
ਇਸ ਧਰਨੇ ਵਿੱਚ ਮੁਲਾਂਪੁਰ ਦਾਖਾ ਤੋਂ ਵਿਧਾਇਕ ਮਨਪ੍ਰੀਤ ਕੌਰ ਇਯਾਲੀ ਨੇ ਕਿਹਾ ਕਿ ਬੇਅਦਬੀਆਂ ਖਿਲਾਫ ਕਾਨੂੰਨ ਜਲਦੀ ਪਾਸ ਹੋਣਾ ਚਾਹੀਦਾ ਹੈ। ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਵਿੱਚ ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰਾਂ ਦੇ ਹੱਥ ਵਿੱਚ ਬਹੁਤ ਕੁੱਝ ਹੁੰਦਾ ਹੈ ਤੇ ਜੇਕਰ ਸਰਕਾਰਾਂ ਚਾਹੁਣ ਤਾ ਇਹ ਕਾਨੂੰਨ ਬਣਾਉਣਾ ਵੱਡੀ ਗੱਲ ਨਹੀ। ਉਨ੍ਹਾਂ ਕਿਹਾ ਕਿ ਇਸ ਮੰਗ ਨੂੰ ਲੈਕੇ ਸਰਕਾਰ ਨੂੰ ਭਾਈ ਗੁਰਜੀਤ ਸਿੰਘ ਫੋਜ਼ੀ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦਾ ਮੁੱਲ ਪਾਉਣਾ ਚਾਹੀਦਾ ਹੈ। ਇਸ ਮੌਕੇ ਅਮੀਤੋਜ ਸਿੰਘ ਮਾਨ ਨੇ ਸਵਾਲ ਕਰਦਿਆ ਆਖਿਆ ਕਿ ਜੇਕਰ ਕੋਈ ਕਾਰਾਵਈ ਨਾ ਹੋਈ ਤਾਂ 7 ਮਾਰਚ ਤੋਂ ਮੋਰਚਾ ਸੂਬੇ ਦੇ ਵਿਧਾਇਕਾਂ ਦੇ ਘਰ ਘਰ ਜਾ ਕੇ ਕਾਨੂੰਨ ਬਣਾਉਣ ਲਈ ਜਾਗਰੂਕ ਕੀਤਾ ਜਾਵੇਗਾ ਤੇ ਅਸਤੀਫੇ ਦੀ ਪੇਸ਼ਕਸ ਕੀਤੀ ਜਾਵੇਗੀ।ਇਸ ਮੌਕੇ ਟਾਵਰ ’ਤੇ ਬੈਠੇ ਬਾਈ ਗੁਰਜੀਤ ਸਿੰਘ ਨਾਲ ਪ੍ਰਬੰਧਕਾਂ ਵੱਲੋਂ ਫੋਨ ’ਤੇ ਗੱਲਬਾਤ ਵੀ ਕਰਵਾਈ ਗਈ ਤੇ ਵਿਧਾਇਕ ਨੂੰ ਸਵਾਲ ਵੀ ਕੀਤੇ ਗਏ। ਪੱਕਾ ਧਰਨਾ ਲਗਾਤਾਰ ਜਾਰੀ ਹੈ।