ਵਿਧਾਇਕ ਨੇ 98 ਲਾਭਪਾਤਰੀਆਂ ਨੂੰ ਮੁਆਵਜ਼ਾ ਰਾਸ਼ੀ ਦੇ ਪੱਤਰ ਸੌਂਪੇ
ਵਿਧਾਇਕ ਕੁਲਵੰਤ ਸਿੰਘ ਨੇ 98 ਲਾਭਪਾਤਰੀਆਂ ਨੂੰ ਮੁਆਵਜਾ ਰਾਸ਼ੀ ਦੇ ਪੱਤਰ ਸੌਂਪੇ
Publish Date: Thu, 16 Oct 2025 04:28 PM (IST)
Updated Date: Thu, 16 Oct 2025 04:29 PM (IST)

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਵਿਧਾਨ ਸਭਾ ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਹਲਕਾ ਸ਼ੁਤਰਾਣਾ ਦੇ ਪਿੰਡਾਂ ਰਤਨਹੇੜੀ, ਅਸਮਾਨਪੁਰ, ਗੁਰਦਿਆਲਪੁਰਾ ਤੇ ਮਰਦਾਂਹੇੜੀ ਦੇ 98 ਲਾਭਪਾਤਰੀ ਕਿਸਾਨਾਂ ਨੂੰ ਹੜ੍ਹ ਪੀੜਤਾਂ ਲਈ 60 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦੇ ਪ੍ਰਵਾਨਗੀ ਪੱਤਰ ਸੌਂਪੇ। ਐੱਸਡੀਐੱਮ ਸਮਾਣਾ ਰਿਚਾ ਗੋਇਲ ਦੀ ਪ੍ਰਧਾਨਗੀ ਹੇਠ ਪਿੰਡ ਰਤਨਹੇੜੀ ਵਿਖੇ ਕਰਵਾਏ ਸਮਾਗਮ ਮੌਕੇ ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਸਮਾਣਾ ਸਬ ਡਵੀਜਨ ਦੇ 6 ਪਿੰਡਾਂ ਦੀਆਂ ਫ਼ਸਲਾਂ ਦਾ ਘੱਗਰ ਦੇ ਪਾਣੀ ਨਾਲ ਨੁਕਸਾਨ ਹੋਇਆ ਸੀ, ਇਸ ਵਿਚ ਅੱਜ 4 ਪਿੰਡਾਂ ਦੀਆਂ ਫ਼ਸਲਾਂ ਦੇ ਹੜ੍ਹਾਂ ਕਰਕੇ ਹੋਏ ਖਰਾਬੇ ਦਾ ਮੁਆਵਜ਼ਾ ਕਿਸਾਨਾਂ ਦੇ ਖਾਤਿਆਂ ’ਚ ਪਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੁਕਮਾਂ ਤਹਿਤ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦਿਆਂ ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ-ਪਹਿਲਾਂ ਮੁਆਵਜ਼ਾ ਰਾਸ਼ੀ ਕਿਸਾਨਾਂ ਨੂੰ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਬਿਨ੍ਹਾਂ ਹੜ੍ਹ ਪੀੜਤ ਜ਼ਮੀਨਾਂ ਚ ਬੀਜਣ ਲਈ ਕਿਸਾਨਾਂ ਨੂੰ ਕਣਕ ਦਾ ਬੀਜ ਵੀ ਮੁਫ਼ਤ ਪ੍ਰਦਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹੜ੍ਹਾਂ ਤੋਂ ਪੀੜਤ ਲੋਕਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਵਿਤਕਰਾ ਕਰਨ ਦੀ ਨਿੰਦਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਾਰ-ਵਾਰ ਕੇਂਦਰ ਸਰਕਾਰ ਤੱਕ ਪਹੁੰਚ ਬਣਾ ਕੇ ਸਾਡੇ ਹੜ੍ਹ ਮਾਰੇ ਕਿਸਾਨਾਂ ਦੀ ਤਬਾਹ ਹੋਈ ਫ਼ਸਲ ਦਾ ਮੁਆਵਜ਼ਾ 50000 ਰੁਪਏ ਪ੍ਰਤੀ ਏਕੜ ਦੇਣ ਦੀ ਮੰਗ ਕੀਤੀ ਹੈ ਪਰੰਤੂ ਕੇਂਦਰ ਨੇ ਇਸ ਨੂੰ ਅਣਸੁਣਿਆ ਕਰ ਦਿੱਤਾ ਹੈ। ਇਸ ਦੌਰਾਨ ਐੱਸਡੀਐਮ ਰਿਚਾ ਗੋਇਲ ਨੇ ਦੱਸਿਆ ਕਿ ਪਿੰਡ ਰਤਨਹੇੜੀ ਦੇ 54 ਕਿਸਾਨਾਂ ਨੂੰ 37.38 ਲੱਖ ਰੁਪਏ, ਗੁਰਦਿਆਲਪੁਰ ਦੇ 5 ਕਿਸਾਨਾਂ ਨੂੰ 55,375, ਮਰਦਾਂਪੁਰ ਦੇ 11 ਕਿਸਾਨਾਂ ਨੂੰ 5 ਲੱਖ 34 ਹਜ਼ਾਰ 750 ਰੁਪਏ ਤੇ ਪਿੰਡ ਅਸਮਾਨਪੁਰ ਦੇ 23 ਲਾਭਪਾਤਰੀਆਂ ਨੂੰ 15 ਲੱਖ 86800 ਰੁਪਏ ਦੀ ਮੁਆਵਜ਼ਾ ਰਾਸ਼ੀ ਉਨ੍ਹਾਂ ਦੇ ਖਾਤਿਆਂ ਵਿੱਚ ਪੁਆ ਦਿੱਤੀ ਗਈ ਹੈ। ਇਸ ਮੌਕੇ ਮਾਰਕੀਟ ਕਮੇਟੀ ਪਾਤੜਾਂ ਦੇ ਚੇਅਰਮੈਨ ਮਹਿੰਗਾ ਸਿੰਘ ਬਰਾੜ, ਟਰੱਕ ਯੂਨੀਅਨ ਦੇ ਪ੍ਰਧਾਨ ਰਣਜੀਤ ਸਿੰਘ ਵਿਰਕ ਡਰੋਲੀ, ਸੀਨੀਅਰ ਆਪ ਆਗੂ ਕੁਲਦੀਪ ਸਿੰਘ ਥਿੰਦ, ਸਾਬਕਾ ਸਰਪੰਚ ਬਲਜੀਤ ਸਿੰਘ ਸਹੋਤਾ ਸਰਪੰਚ ਚਰਨਜੀਤ ਸਿੰਘ ਸੰਧੂ ਆਦਿ ਹਾਜ਼ਰ ਸਨ।