ਮੰਡੀਆਂ ’ਚ ਹੁਣ ਤਕ 34 ਲੱਖ ਮੀਟ੍ਰਿਕ ਟਨ ਕਣਕ ਦੀ ਹੋਈ ਖ਼ਰੀਦ : ਕਟਾਰੂਚੱਕ
ਕੱਲਾ ਕੱਲਾ ਦਾਣਾ ਮੰਡੀਆਂ ' ਚੋਂ ਚੁੱਕ ਕੇ ਤੁਰੰਤ ਕਿਸਾਨਾਂ ਦੇ ਖਾਤੇ ਵਿੱਚ ਭੁਗਤਾਨ ਪਹੁੰਚੇਗਾ: ਲਾਲ ਚੰਦ ਕਟਾਰੂਚੱਕ
Publish Date: Mon, 20 Apr 2026 06:20 PM (IST)
Updated Date: Mon, 20 Apr 2026 06:24 PM (IST)

ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ : ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ, ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗਾਂ ਦੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦਾਣਾ ਮੰਡੀ ਨਾਭਾ ਦਾ ਦੌਰਾ ਕੀਤਾ ਅਤੇ ਮੰਡੀ ਵਿਚ ਕਣਕ ਖਰੀਦ ਦੀ ਪ੍ਰਕਿਰਿਆ ਦਾ ਗਹਿਰਾਈ ਨਾਲ ਜਾਇਜ਼ਾ ਲਿਆ। ਉਨ੍ਹਾਂ ਨੇ ਇਹ ਯਕੀਨੀ ਬਣਾਇਆ ਕਿ ਮੰਡੀ ਵਿਚ ਕਿਸੇ ਵੀ ਕਿਸਮ ਦੀ ਦਿੱਕਤ ਨਾ ਹੋਵੇ, ਜਿਸ ਦੀ ਸਖ਼ਤ ਹਦਾਇਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਿੱਤੀ ਸੀ। ਮੰਤਰੀ ਕਟਾਰੂਚੱਕ ਨੇ ਦੱਸਿਆ ਕਿ ਇਸ ਸਾਲ ਪੰਜਾਬ ਸਰਕਾਰ ਦਾ ਕਣਕ ਖਰੀਦਣ ਦਾ ਟੀਚਾ 122 ਲੱਖ ਮੀਟ੍ਰਿਕ ਟਨ ਰੱਖਿਆ ਗਿਆ ਹੈ। ਇਸ ਟੀਚੇ ਨੂੰ ਪੂਰਾ ਕਰਨ ਲਈ ਸਰਕਾਰ ਨੇ ਸਾਰੇ ਇੰਤਜ਼ਾਮ ਪੂਰੇ ਕਰ ਲਏ ਹਨ। ਓਹਨਾ ਕਿਹਾ, ਚੁਣੌਤੀਆਂ ਦੇ ਬਾਵਜੂਦ ਪੰਜਾਬ ਸਰਕਾਰ ਨੇ ਕਣਕ ਖਰੀਦ ਸਬੰਧੀ ਸੁਚਾਰੂ ਪ੍ਰਕਿਰਿਆ ਕਾਇਮ ਕੀਤੀ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਪੰਜਾਬ ਦੀਆਂ ਮੰਡੀਆਂ ਵਿਚ 39 ਲੱਖ ਮੀਟ੍ਰਿਕ ਟਨ ਫਸਲ ਆ ਚੁੱਕੀ ਹੈ, ਜਿਸ ਵਿੱਚੋਂ 34 ਲੱਖ ਮੀਟ੍ਰਿਕ ਟਨ ਕਣਕ ਖਰੀਦੀ ਜਾ ਚੁੱਕੀ ਹੈ। ਮੰਤਰੀ ਨੇ ਅੱਗੋਂ ਕਿਹਾ ਕਿ ਇਸ ਦੌਰਾਨ ਕਿਸਾਨਾਂ ਨੂੰ ਮੰਡੀ ਵਿੱਚ ਕੋਈ ਵੀ ਰੁਕਾਵਟ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ। ਸਾਰੀਆਂ ਮੰਡੀਆਂ ਵਿਚ ਖਰੀਦ ਪ੍ਰਕਿਰਿਆ ਬਹੁਤ ਹੀ ਸੁਚਾਰੂ ਅਤੇ ਤੁਰੰਤ ਚੱਲ ਰਹੀ ਹੈ, ਜਿਸ ਨਾਲ ਕਿਸਾਨਾਂ ਨੂੰ ਆਪਣੇ ਦਾਣੇ ਦਾ ਪੂਰਾ ਮੁੱਲ ਅਤੇ ਸਮੇਂ ਤੇ ਭੁਗਤਾਨ ਮਿਲ ਰਿਹਾ ਹੈ। ਮੰਤਰੀ ਕਟਾਰੂਚੱਕ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਦੌਰਾਨ ਕਿਸਾਨਾਂ ਨੂੰ ਕਈ ਵਾਰ ਆਪਣੀ ਫਸਲ ਦੇ ਬਦਲੇ ਭੁਗਤਾਨ ਮਿਲਣ ਲਈ ਹਫਤਿਆਂ ਤੱਕ ਇੰਤਜ਼ਾਰ ਕਰਨਾ ਪੈਂਦਾ ਸੀ। ਕਈ ਵਾਰ ਤਾਂ ਇਹ ਲੰਬੇ ਸਮੇਂ ਤੱਕ ਖਰੀਦ ਪ੍ਰਕਿਰਿਆ ਦੇ ਰੁਕਣ ਦੇ ਕਾਰਨ ਮੰਡੀਆਂ ਵਿੱਚ ਧਰਨੇ ਅਤੇ ਹੜਤਾਲਾਂ ਵੀ ਕੀਤੀਆਂ ਜਾਂਦੀਆਂ ਸਨ। ਪਰ ਇਸ ਵਾਰ ਪੰਜਾਬ ਸਰਕਾਰ ਨੇ ਇਸ ਸਮੱਸਿਆ ਦਾ ਹੱਲ ਕਰਕੇ ਮੰਡੀ ਖਰੀਦ ਦੀ ਪ੍ਰਕਿਰਿਆ ਨੂੰ ਬਿਲਕੁਲ ਸੁਚਾਰੂ ਅਤੇ ਪ੍ਰਭਾਵਸ਼ਾਲੀ ਬਣਾਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਸ ਸਾਲ ਦੇ ਲਈ ਪ੍ਰਤੀ ਕੁਅੰਟਲ 2585 ਰੁਪਏ ਐਮਐਸਪੀ ਤੈਅ ਕੀਤੇ ਹਨ, ਜਿਸ ਤੋਂ ਇਹ ਯਕੀਨੀ ਬਣਾਇਆ ਗਿਆ ਹੈ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦੇ ਲਾਹੇ ਦਾ ਪੂਰਾ ਮੁੱਲ ਮਿਲੇਗਾ। ਕਟਾਰੂਚੱਕ ਨੇ ਇਹ ਵੀ ਕਿਹਾ ਕਿ ਸਰਕਾਰ ਦਾ ਮੂਲ ਉਦੇਸ਼ ਕਿਸਾਨਾਂ ਨੂੰ ਪੂਰੀ ਰਕਮ ਦੀ ਡਲੀਵਰੀ ਅਤੇ ਸਹਿਯੋਗ ਦੇ ਨਾਲ ਖਰੀਦ ਪ੍ਰਕਿਰਿਆ ਨੂੰ ਤੇਜ਼ ਕਰਨਾ ਹੈ। ਇਸ ਮੌਕੇ ਨਾਭਾ ਦੇ ਐੱਸ.ਡੀ.ਐਮ.ਏ ਪੀ.ਐਸ.ਸੋਮਲ, ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਡਾ ਰਵਿੰਦਰ ਕੌਰ, ਡੀ ਐਮ ਵੇਅਰ ਹਾਊਸ ਨਿਰਮਲ ਸਿੰਘ, ਡੀਐਮ ਪਨਸਪ ਬਨਦੀਪ, ਡੀਐਮ ਮਾਰਕਫੈੱਡ ਵਿਪਨ ਤੋਂ ਇਲਾਵਾ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀ ਮੌਜੂਦ ਸਨ।