ਮਾੜੀ ਸੜਕ ਦੀ ਹਾਲਤ ਨੂੰ ਲੈ ਕੇ ਕੀਤਾ ਰੋਸ ਮੁਜ਼ਾਹਰਾ
ਮਾੜੀ ਸੜਕ ਦੀ ਹਾਲਤ ਨੂੰ ਲੈ ਕੇ ਪਿੰਡ ਵਾਸੀਆਂ ਦੇ ਨਾਲ ਕੀਤਾ ਰੋਸ ਪ੍ਰਦਰਸ਼ਨ
Publish Date: Sat, 18 Apr 2026 08:04 PM (IST)
Updated Date: Sun, 19 Apr 2026 04:16 AM (IST)

ਐੱਚਐੱਸਸੈਣੀ, ਪੰਜਾਬੀ ਜਾਗਰਣ, ਰਾਜਪੁਰਾ: ਇਥੋਂ ਨੇੜਲੇ ਪਿੰਡ ਸ਼ਾਮ ਦੋ ਅਤੇ ਸ਼ਾਮਦੋ ਕੈਂਪ ਨੂੰ ਜਾਣ ਵਾਲੀ ਸੜਕ ਦੀ ਤਰਸਯੋਗ ਹਾਲਤ ਅਤੇ ਫੇਲ ਹੋਏ ਸੀਵਰੇਜ ਸਿਸਟਮ ਦੇ ਕਾਰਨ ਸੜਕ ਉੱਤੇ ਘੁੰਮ ਰਹੇ ਗੰਦੇ ਪਾਣੀ ਦੇ ਚਲਦਿਆਂ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਵੱਲੋਂ ਪਿੰਡ ਵਾਸੀਆਂ ਦੇ ਨਾਲ ਮੌਕੇ ਉੱਤੇ ਪੁੱਜ ਕੇ ਪੰਜਾਬ ਸਰਕਾਰ ਦੀ ਅਣਦੇਖੀ ਦੇ ਚੱਲਦਿਆਂ ਰੋਸ ਮੁਜ਼ਾਹਰਾ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਨੇੜਲੇ ਪਿੰਡ ਸ਼ਾਮ ਦੋ ਅਤੇ ਸ਼ਾਮਦੋ ਕੈਂਪ ਨੂੰ ਜਾਣ ਵਾਲੀ ਸੜਕ ਪਿਛਲੇ ਕਰੀਬ ਚਾਰ ਸਾਲਾਂ ਤੋਂ ਬੁਰੀ ਤਰ੍ਹਾਂ ਟੁੱਟੀ ਹੋਣ ਅਤੇ ਸੀਵਰੇਜ ਦੇ ਪਾਣੀ ਦੇ ਪ੍ਰਬੰਧ ਸਹੀ ਨਾ ਹੋਣ ਕਾਰਨ ਸੀਵਰੇਜ ਦਾ ਗੰਦਾ ਪਾਣੀ ਸੜਕਾਂ ਦੇ ਉੱਤੇ ਅਤੇ ਖਾਲੀ ਪਲਾਟਾਂ ’ਚ ਖੜ੍ਹਾ ਹੋਣ ਕਰ ਕੇ ਸੜਕ ’ਤੇ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਾਰਨ ਪਿੰਡ ਸ਼ਾਮਦੋ ਤੇ ਸ਼ਾਮਦੋ ਕੈਂਪ ਦੇ ਵਸਨੀਕ ਹਰਵਿੰਦਰ ਸਿੰਘ ਸ਼ਾਮਦੋ, ਗੌਰਵ ਗਾਬਾ, ਜੋਗਿੰਦਰ ਸਿੰਘ, ਸ਼ਾਮ ਲਾਲ, ਦਰਸ਼ਨ ਕੁਮਾਰ, ਸਾਬਕਾ ਸਰਪੰਚ ਰਣਜੀਤ ਕੁਮਾਰ ਸਮੇਤ ਹੋਰਨਾਂ ਵੱਲੋਂ ਜਦੋਂ ਸੜਕ ਦੀ ਮਾੜੀ ਹਾਲਤ ਨੂੰ ਲੈ ਕੇ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਤਾਂ ਮੌਕੇ ਉੱਤੇ ਸਾਬਕਾ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਵੀ ਪੁੱਜ ਗਏ। ਇਸ ਮੌਕੇ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਅਸਲੀ ਹਕੀਕਤ ਇਹ ਤਸਵੀਰਾਂ ਬੇਨਕਾਬ ਕਰ ਰਹੀਆਂ ਹਨ। ਉਹਨਾਂ ਦੱਸਿਆ ਕਿ ਝੂਠ ਦੇ ਸਹਾਰੇ ਨਾਲ ਸੱਤਾ ਦੇ ਵਿੱਚ ਆਈ ਆਮ ਆਦਮੀ ਪਾਰਟੀ ਨੂੰ ਚੱਲਦਾ ਕਰਨ ਦੇ ਲਈ ਪੰਜਾਬ ਸੂਬੇ ਦੀ ਜਨਤਾ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਹੈ। ਇਸ ਮੌਕੇ ਉਹਨਾਂ ਦੇ ਨਾਲ ਸਾਬਕਾ ਚੇਅਰਮੈਨ ਮਲਕੀਤ ਸਿੰਘ ਉੱਪਲਹੇੜੀ, ਯੂਥ ਕਾਂਗਰਸ ਬਲਾਕ ਦਿਹਾਤੀ ਦੇ ਪ੍ਰਧਾਨ ਨਵਦੀਪ ਸਿੰਘ ਨਵੀ, ਗੁਰਪ੍ਰੀਤ ਸਿੰਘ, ਸ਼ੁਭਮ ਸਮੇਤ ਹੋਰ ਹਾਜ਼ਰ ਸਨ।