ਗਗਨਦੀਪ ਸਿੰਘ ਜਲਾਲਪੁਰ ਦਾ ਕੇਂਦਰ ਸਰਕਾਰ ’ਤੇ ਤਿੱਖਾ ਹਮਲਾ,
ਗਗਨਦੀਪ ਸਿੰਘ ਜਲਾਲਪੁਰ ਦਾ ਮੋਦੀ ਸਰਕਾਰ ‘ਤੇ ਤਿੱਖਾ ਹਮਲਾ,
Publish Date: Fri, 24 Apr 2026 06:00 PM (IST)
Updated Date: Fri, 24 Apr 2026 06:04 PM (IST)

ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਘਨੌਰ : ਹਲਕਾ ਘਨੌਰ ਦੇ ਪ੍ਰਮੁੱਖ ਕਾਂਗਰਸੀ ਆਗੂ ਤੇ ਪਾਵਰਕਾਮ ਦੇ ਸਾਬਕਾ ਪ੍ਰਬੰਧਕੀ ਮੈਂਬਰ ਗਗਨਦੀਪ ਸਿੰਘ ਜਲਾਲਪੁਰ ਨੇ ਕੇਂਦਰ ਦੀ ਮੋਦੀ ਸਰਕਾਰ ਦੀਆਂ ਨੀਤੀਆਂ ’ਤੇ ਤਿੱਖਾ ਹਮਲਾ ਕਰਦੇ ਹੋਏ ‘ਕਿਸਾਨ ਬਚਾਓ, ਨੌਜਵਾਨ ਬਚਾਓ, ਭਾਰਤ ਬਚਾਓ’ ਦੇ ਨਾਅਰੇ ਨੂੰ ਬੁਲੰਦ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਦੇ ਕਿਸਾਨਾਂ ਅਤੇ ਨੌਜਵਾਨਾਂ ਦੀਆਂ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕਰਕੇ ਸਰਕਾਰ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਫ਼ਾਇਦਾ ਪਹੁੰਚਾਉਣ ਵਿਚ ਲੱਗੀ ਹੋਈ ਹੈ। ਜਲਾਲਪੁਰ ਨੇ ਕਿਹਾ ਕਿ ਖੇਤੀਬਾੜੀ ਸੈਕਟਰ ਲਗਾਤਾਰ ਸੰਕਟ ਵਿਚ ਹੈ, ਪਰ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਕੋਈ ਢੁੱਕਵੀਂ ਰਾਹਤ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਦੀਆਂ ਨੀਤੀਆਂ ਕਾਰਨ ਕਿਸਾਨ ਕਰਜ਼ੇ ਹੇਠਾਂ ਦੱਬਦੇ ਜਾ ਰਹੇ ਹਨ, ਜਦਕਿ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਘਟ ਰਹੇ ਹਨ। ਇਸ ਮੌਕੇ ਉਨ੍ਹਾਂ ਅਮਰੀਕਾ ਨਾਲ ਹੋ ਰਹੀ ਸੰਭਾਵਿਤ ਟਰੇਡ ਡੀਲ ‘ਤੇ ਵੀ ਚਿੰਤਾ ਜਤਾਈ। ਜਲਾਲਪੁਰ ਨੇ ਕਿਹਾ ਕਿ ਭਾਰਤ ਦੇ ਬਹੁਤੇ ਕਿਸਾਨਾਂ ਕੋਲ ਸਿਰਫ਼ 1 ਤੋਂ 10 ਏਕੜ ਤੱਕ ਜ਼ਮੀਨ ਹੈ, ਜਦਕਿ ਅਮਰੀਕਾ ਵਿਚ ਛੋਟੇ ਕਿਸਾਨਾਂ ਕੋਲ ਵੀ ਲਗਭਗ 1000 ਏਕੜ ਜਾਂ ਇਸ ਤੋਂ ਵੱਧ ਜ਼ਮੀਨ ਹੁੰਦੀ ਹੈ। ਇਸ ਵੱਡੇ ਫ਼ਰਕ ਕਾਰਨ ਭਾਰਤ ਦਾ ਛੋਟਾ ਕਿਸਾਨ ਅਮਰੀਕਾ ਦੇ ਕਿਸਾਨ ਨਾਲ ਸਿੱਧਾ ਮੁਕਾਬਲਾ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਐਸੀ ਸਥਿਤੀ ਵਿਚ ਜੇਕਰ ਬਿਨਾਂ ਸੋਚੇ ਸਮਝੇ ਟਰੇਡ ਡੀਲ ਕੀਤੀ ਗਈ ਤਾਂ ਇਹ ਭਾਰਤੀ ਕਿਸਾਨਾਂ ਲਈ ਨੁਕਸਾਨਦਾਇਕ ਸਾਬਤ ਹੋ ਸਕਦੀ ਹੈ। ਉਨ੍ਹਾਂ ਮੰਗ ਕੀਤੀ ਕਿ ਕਿਸੇ ਵੀ ਅੰਤਰਰਾਸ਼ਟਰੀ ਸਮਝੌਤੇ ਤੋਂ ਪਹਿਲਾਂ ਦੇਸ਼ ਦੇ ਕਿਸਾਨਾਂ ਅਤੇ ਛੋਟੇ ਵਪਾਰੀਆਂ ਦੇ ਹਿੱਤਾਂ ਦੀ ਪੂਰੀ ਰੱਖਿਆ ਕੀਤੀ ਜਾਵੇ। ਇਸ ਮੌਕੇ ਗਗਨਦੀਪ ਸਿੰਘ ਜਲਾਲਪੁਰ ਦੀ ਅਗਵਾਈ ਹੇਠ ਜਗਵਿੰਦਰ ਸਿੰਘ ਢਿੱਲੋਂ, ਹਰਪ੍ਰੀਤ ਸਿੰਘ ਫੌਜੀ, ਗੁਰਵਿੰਦਰ ਰੁੜਕੀ, ਹਰਪ੍ਰੀਤ ਸਿੰਘ ਅੰਟਾਲ, ਗੁਰਦੇਵ ਸਿੰਘ ਬਘੌਰਾ, ਭੁਪਿੰਦਰ ਸਿੰਘ ਸ਼ੇਖੂਪੁਰ, ਮੁਸ਼ਤਾਕ ਅਲੀ ਅਤੇ ਗੁਰਨਾਮ ਸਿੰਘ ਬਦੇਸ਼ਾ,ਕਮਲ ਸ਼ਰਮਾ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ਵਿਚ ਹਰ ਵਰਗ—ਕਿਸਾਨ, ਮਜ਼ਦੂਰ ਤੇ ਨੌਜਵਾਨ—ਨਿਰਾਸ਼ ਹੈ ਅਤੇ ਸਰਕਾਰ ਨੂੰ ਆਪਣੀਆਂ ਨੀਤੀਆਂ ‘ਤੇ ਦੁਬਾਰਾ ਵਿਚਾਰ ਕਰਨਾ ਚਾਹੀਦਾ ਹੈ। ਜਲਾਲਪੁਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਹੱਕਾਂ ਲਈ ਇਕੱਠੇ ਹੋ ਕੇ ਆਵਾਜ਼ ਉਠਾਉਣ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਸਮੇਂ ਸਿਰ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਵਿੱਚ ਵੱਡਾ ਜਨਅੰਦੋਲਨ ਖੜ੍ਹਾ ਹੋ ਸਕਦਾ ਹੈ।