ਮੀਂਹ ਤੋਂ ਬਾਅਦ ਵੱਡਾ ਹਾਦਸਾ : ਮੁਹੱਲੇ 'ਚ ਲੱਗੇ ਬਿਜਲੀ ਦੇ ਖੰਭੇ ਤੋਂ ਕਰੰਟ ਲੱਗਣ ਕਾਰਨ ITI ਵਿਦਿਆਰਥੀ ਦੀ ਮੌਤ
Nabha News : ਮ੍ਰਿਤਕ ਭਾਵੇਸ਼ ਦੇ ਰਿਸ਼ਤੇ ਵਿੱਚ ਲੱਗਦੇ ਦਾਦਾ ਅਸ਼ੋਕ ਕੁਮਾਰ ਨੇ ਦੱਸਿਆ ਕਿ ਇਸ ਘਟਨਾ ਦੇ ਤੁਰੰਤ ਬਾਅਦ ਭਾਵੇਸ਼ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
Publish Date: Fri, 23 Jan 2026 03:06 PM (IST)
Updated Date: Fri, 23 Jan 2026 03:12 PM (IST)
ਸੰਵਾਦ ਸੂਤਰ, ਨਾਭਾ : ਮੁਹੱਲੇ 'ਚ ਲੱਗੇ ਬਿਜਲੀ ਦੇ ਖੰਭੇ ਤੋਂ ਕਰੰਟ ਲੱਗਣ ਕਾਰਨ ਇੱਕ ITI ਵਿਦਿਆਰਥੀ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ, ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ ਦੀ ਨਾਭਾ ਸਥਿਤ ਰਿਹਾਇਸ਼ ਨੇੜਲੇ ਮੁਹੱਲਾ ਕਰਤਾਰਪੁਰਾ 'ਚ ਸ਼ੁੱਕਰਵਾਰ ਨੂੰ ITI ਵਿਦਿਆਰਥੀ ਭਾਵੇਸ਼ ਕੁਮਾਰ (18) ਪੁੱਤਰ ਪਵਨ ਕੁਮਾਰ ਦੀ ਉਸ ਸਮੇਂ ਮੌਤ ਹੋ ਗਈ, ਜਦੋਂ ਉਹ ਘਰੋਂ ਬਾਹਰ ਕਿਸੇ ਕੰਮ ਲਈ ਨਿਕਲਿਆ ਸੀ। ਇਸ ਦੌਰਾਨ ਮੁਹੱਲੇ 'ਚ ਲੱਗੇ ਬਿਜਲੀ ਦੇ ਇਕ ਖੰਭੇ ਨਾਲ ਉਸ ਦਾ ਹੱਥ ਅਚਾਨਕ ਲੱਗ ਗਿਆ ਅਤੇ ਖੰਭੇ ਵਿੱਚ ਕਰੰਟ ਹੋਣ ਕਾਰਨ ਉਸ ਦੀ ਮੌਤ ਹੋ ਗਈ।
ਮ੍ਰਿਤਕ ਭਾਵੇਸ਼ ਦੇ ਰਿਸ਼ਤੇ ਵਿੱਚ ਲੱਗਦੇ ਦਾਦਾ ਅਸ਼ੋਕ ਕੁਮਾਰ ਨੇ ਦੱਸਿਆ ਕਿ ਇਸ ਘਟਨਾ ਦੇ ਤੁਰੰਤ ਬਾਅਦ ਭਾਵੇਸ਼ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪਹਿਲਾਂ ਵੀ ਵਾਪਰ ਚੁੱਕੇ ਹਨ ਅਜਿਹੇ ਹਾਦਸੇ
ਮੁਹੱਲਾ ਨਿਵਾਸੀ ਪੱਪੂ ਅਤੇ ਈਸ਼ਵਰ ਦੱਤ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਨਾਭਾ 'ਚ ਹੋਈ ਬਾਰਸ਼ ਕਾਰਨ ਉਨ੍ਹਾਂ ਦੇ ਇਲਾਕੇ 'ਚ ਕਾਫੀ ਪਾਣੀ ਜਮ੍ਹਾ ਹੋ ਗਿਆ ਸੀ, ਜਿਸ ਕਾਰਨ ਉੱਥੇ ਲੱਗੇ ਬਿਜਲੀ ਦੇ ਖੰਭਿਆਂ ਵਿੱਚ ਅਕਸਰ ਕਰੰਟ ਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕਰੀਬ 7-8 ਸਾਲ ਪਹਿਲਾਂ ਇੱਕ ਨੌਜਵਾਨ ਦੀ ਇਸੇ ਤਰ੍ਹਾਂ ਕਰੰਟ ਲੱਗਣ ਨਾਲ ਮੌਤ ਹੋ ਗਈ ਸੀ।
ਬਿਜਲੀ ਵਿਭਾਗ 'ਤੇ ਲਾਪਰਵਾਹੀ ਦੇ ਇਲਜ਼ਾਮ
ਸਥਾਨਕ ਲੋਕਾਂ ਅਨੁਸਾਰ, ਕਰੰਟ ਦੀ ਇਸ ਸਮੱਸਿਆ ਬਾਰੇ ਉਨ੍ਹਾਂ ਨੇ ਕਈ ਵਾਰ ਬਿਜਲੀ ਵਿਭਾਗ ਨੂੰ ਸੂਚਿਤ ਕੀਤਾ ਸੀ ਪਰ ਕਿਸੇ ਨੇ ਵੀ ਇਸ ਸਮੱਸਿਆ ਨੂੰ ਹੱਲ ਕਰਨ ਲਈ ਕੋਈ ਉਪਰਾਲਾ ਨਹੀਂ ਕੀਤਾ। ਨਤੀਜੇ ਵਜੋਂ ਅੱਜ ਫਿਰ ਇੱਕ ਨੌਜਵਾਨ ਦੀ ਜਾਨ ਚਲੀ ਗਈ। ਮੁਹੱਲਾ ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਨਾ ਸਿਰਫ਼ ਉਨ੍ਹਾਂ ਦੇ ਮੁਹੱਲੇ, ਸਗੋਂ ਪੂਰੇ ਸ਼ਹਿਰ ਵਿੱਚ ਲੱਗੇ ਬਿਜਲੀ ਦੇ ਖੰਭਿਆਂ ਦੀ ਜਾਂਚ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੀ ਦਰਦਨਾਕ ਘਟਨਾ ਦੁਬਾਰਾ ਨਾ ਵਾਪਰ ਸਕੇ।