- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਕੁਦਰਤੀ ਆਫ਼ਤ ਕਾਰਨ ਸੂਬੇ ਦੇ ਇੱਕ ਬਹੁਤ ਵੱਡੇ ਹਿੱਸੇ ’ਚ ਬਿਜਲੀ ਸਪਲਾਈ ਪੂਰੀ ਤਰ੍ਹਾਂ ਠੱਪ ਹੋ ਗਈ, ਜਿਸ ਕਾਰਨ ਲੱਖਾਂ ਲੋਕਾਂ ਨੂੰ ਅੱਜ ਗਰਮੀ ਦੇ ਇਸ ਮੌਸਮ ’ਚ ਲੰਮਾ ਸਮਾਂ ਅੰਧਕਾਰ ਦੇ ਸਾਏ ’ਚ ਬਿਤਾਉਣ ਲਈ ਮਜਬੂਰ ਹੋਣਾ ਪਿਆ।

ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ : ਬੀਤੀ ਰਾਤ ਸੂਬੇ ਭਰ ਵਿੱਚ ਆਏ ਤੇਜ਼ ਮੀਂਹ, ਗਰਜ-ਚਮਕ ਤੇ ਭਿਆਨਕ ਝੱਖੜ ਨੇ ਭਾਰੀ ਤਬਾਹੀ ਮਚਾਈ ਹੈ, ਜਿਸ ਕਾਰਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮ. ਨੂੰ ਕਰੋੜਾਂ ਰੁਪਏ ਦਾ ਵਿੱਤੀ ਅਤੇ ਬੁਨਿਆਦੀ ਢਾਂਚੇ ਦਾ ਵੱਡਾ ਨੁਕਸਾਨ ਝੱਲਣਾ ਪਿਆ ਹੈ। ਇਸ ਕੁਦਰਤੀ ਆਫ਼ਤ ਕਾਰਨ ਸੂਬੇ ਦੇ ਇੱਕ ਬਹੁਤ ਵੱਡੇ ਹਿੱਸੇ ’ਚ ਬਿਜਲੀ ਸਪਲਾਈ ਪੂਰੀ ਤਰ੍ਹਾਂ ਠੱਪ ਹੋ ਗਈ, ਜਿਸ ਕਾਰਨ ਲੱਖਾਂ ਲੋਕਾਂ ਨੂੰ ਅੱਜ ਗਰਮੀ ਦੇ ਇਸ ਮੌਸਮ ’ਚ ਲੰਮਾ ਸਮਾਂ ਅੰਧਕਾਰ ਦੇ ਸਾਏ ’ਚ ਬਿਤਾਉਣ ਲਈ ਮਜਬੂਰ ਹੋਣਾ ਪਿਆ। ਅੰਕੜਿਆਂ ਅਨੁਸਾਰ ਪਟਿਆਲਾ ਜ਼ਿਲ੍ਹੇ ’ਚ 25 ਟ੍ਰਾਂਸਫਾਰਮਰ, 254 ਖੰਭੇ ਨੁਕਸਾਨੇ ਗਏ। ਜਲੰਧਰ ਤੇ ਆਸ ਪਾਸ ਇਲਾਕਿਆਂ ’ਚ 9 ਟ੍ਰਾਂਸਫਾਰਮਰ, 55 ਖੰਭੇ ਨੁਕਸਾਨੇ ਗਏ। ਇਸ ਦੇ ਨਾਂਲ ਹੀ ਮੋਹਾਲੀ, ਰੋਪੜ ਆਦਿ ਇਲਾਕਿਆਂ ’ਚ 17 ਟ੍ਰਾਂਸਫਾਰਮਰ ਤੇ 65 ਖੰਭਿਆਂ ਸਮੇਤ ਹੋਰ ਭਾਰੀ ਨੁਕਸਾਨ ਹੋਇਆ ਹੈ। ਅਚਾਨਕ ਬਦਲੇ ਮੌਸਮ ਕਾਰਨ ਚੱਲੀਆਂ 80 ਤੋਂ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਵਾਲੀਆਂ ਤੇਜ਼ ਹਨੇਰੀਆਂ ਨੇ ਪਾਵਰਕਾਮ ਦੇ ਵੰਡ ਪ੍ਰਣਾਲੀ ਢਾਂਚੇ ਨੂੰ ਬੁਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ। ਮਾਲਵਾ ਤੇ ਮਾਝਾ ਖੇਤਰ ਦੇ ਕਈ ਪਿੰਡਾਂ ਤੇ ਸ਼ਹਿਰੀ ਇਲਾਕਿਆਂ ’ਚ ਸਥਿਤੀ ਵਧੇਰੇ ਗੰਭੀਰ ਦੇਖਣ ਨੂੰ ਮਿਲੀ, ਜਿੱਥੇ 66 ਕੇਵੀ ਦੇ ਵੱਡੇ ਸਪਲਾਈ ਟਾਵਰ ਤੱਕ ਮਰੋੜੇ ਖਾ ਕੇ ਜ਼ਮੀਨ 'ਤੇ ਆ ਗਏ।
ਬਿਜਲੀ ਬੰਦ ਦੀਆਂ ਲੱਖ ਤੋਂ ਵੱਧ ਸ਼ਿਕਾਇਤਾਂ
ਬੀਤੀ ਰਾਤ ਆਏ ਤੇਜ਼ ਮੀਂਹ ਤੇ ਝੱਖੜ ਕਾਰਨ ਸੂਬੇ ਭਰ ਵਿੱਚ ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਇਸ ਕੁਦਰਤੀ ਆਫ਼ਤ ਕਾਰਨ ਖਪਤਕਾਰਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਜਿਸ ਦਾ ਅੰਦਾਜ਼ਾ ਪਾਵਰਕੌਮ ਨੂੰ ਮਿਲੀਆਂ ਸ਼ਿਕਾਇਤਾਂ ਦੀ ਰਿਕਾਰਡ ਗਿਣਤੀ ਤੋਂ ਲਗਾਇਆ ਜਾ ਸਕਦਾ ਹੈ। ਲੰਘੀ 11 ਜੂਨ ਨੂੰ ਪਾਵਰਕੌਮ ਦੇ ਕੰਟਰੋਲ ਰੂਮ ਅਤੇ ਆਨਲਾਈਨ ਪ੍ਰਣਾਲੀ ਰਾਹੀਂ ਬਿਜਲੀ ਬੰਦ ਹੋਣ ਦੀਆਂ ਕੁੱਲ 1,09,083 ਸ਼ਿਕਾਇਤਾਂ ਦਰਜ ਹੋਈਆਂ। ਇਹ ਗਿਣਤੀ ਇਸ ਮੌਜੂਦਾ ਸੀਜ਼ਨ ਦੌਰਾਨ ਹੁਣ ਤੱਕ ਇੱਕੋ ਦਿਨ ਵਿੱਚ ਆਈਆਂ ਸ਼ਿਕਾਇਤਾਂ 'ਚੋਂ ਸਭ ਤੋਂ ਵੱਧ ਹੈ।
ਇਸ ਸਥਿਤੀ ਦੇ ਮੱਦੇਨਜ਼ਰ ਪਾਵਰਕਾਮ ਦੇ ਤਕਨੀਕੀ ਅਮਲੇ ਤੇ ਫੀਲਡ ਸਟਾਫ਼ ਵੱਲੋਂ ਦਿਨ-ਰਾਤ ਇੱਕ ਕਰਕੇ ਸ਼ਿਕਾਇਤਾਂ ਦੇ ਨਿਪਟਾਰੇ ਲਈ ਯੁੱਧ ਪੱਧਰ 'ਤੇ ਕਾਰਵਾਈ ਸ਼ੁਰੂ ਕੀਤੀ ਗਈ। ਅਧਿਕਾਰੀਆਂ ਮੁਤਾਬਕ, ਵੀਰਵਾਰ ਸ਼ਾਮ 6 ਵਜੇ ਤੱਕ ਕਰੀਬ 27,327 ਸ਼ਿਕਾਇਤਾਂ 'ਤੇ ਕੰਮ ਲਗਾਤਾਰ ਜਾਰੀ ਸੀ, ਜਦੋਂਕਿ 81,000 ਤੋਂ ਵੱਧ ਸ਼ਿਕਾਇਤਾਂ ਦਾ ਸਫਲਤਾਪੂਰਵਕ ਨਿਪਟਾਰਾ ਕਰਕੇ ਪ੍ਰਭਾਵਿਤ ਇਲਾਕਿਆਂ ’ਚ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਗਈ ਹੈ। ਖ਼ਰਾਬ ਮੌਸਮ ਅਤੇ ਟੁੱਟੇ ਖੰਬਿਆਂ ਕਾਰਨ ਬਾਕੀ ਰਹਿੰਦੀਆਂ ਸ਼ਿਕਾਇਤਾਂ ਨੂੰ ਵੀ ਜਲਦ ਹੱਲ ਕਰਨ ਲਈ ਟੀਮਾਂ ਨਿਰੰਤਰ ਕਾਰਜਸ਼ੀਲ ਹਨ।
ਮੁੜ ਬਹਾਲੀ ’ਚ ਜੰਗੀ ਪੱਧਰ ’ਤੇ ਹੋਇਆ ਕੰਮ
ਇਸ ਦੌਰਾਨ ਪਾਵਰਕਾਮ ਪ੍ਰਬੰਧਨ ਵੱਲੋਂ ਸਥਿਤੀ ਨੂੰ ਮੁੜ ਲੀਹ 'ਤੇ ਲਿਆਉਣ ਲਈ ਯੁੱਧ ਪੱਧਰ 'ਤੇ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਵਿਭਾਗ ਦੇ ਮੁੱਖ ਬੁਲਾਰੇ ਨੇ ਦੱਸਿਆ ਕਿ ਫੀਲਡ ਵਿੱਚ ਤਾਇਨਾਤ ਸਟਾਫ਼, ਜਿਸ ’ਚ ਲਾਈਨਮੈਨ, ਸਹਾਇਕ ਲਾਈਨਮੈਨ ਅਤੇ ਤਕਨੀਕੀ ਕਰਮਚਾਰੀ ਸ਼ਾਮਲ ਹਨ, ਨੂੰ ਰਾਤ ਤੋਂ ਹੀ ਪ੍ਰਭਾਵਿਤ ਖੇਤਰਾਂ ’ਚ ਤਾਰਾਂ ਅਤੇ ਖੰਬਿਆਂ ਦੀ ਮੁਰੰਮਤ ਲਈ ਉਤਾਰ ਦਿੱਤਾ ਗਿਆ ਸੀ। ਪਰ ਲਗਾਤਾਰ ਪੈ ਰਹੇ ਮੀਂਹ ਅਤੇ ਤੇਜ਼ ਹਵਾਵਾਂ ਦੇ ਚੱਲਦਿਆਂ ਸ਼ੁਰੂਆਤੀ ਘੰਟਿਆਂ ਵਿੱਚ ਰਾਹਤ ਅਤੇ ਬਹਾਲੀ ਦੇ ਕਾਰਜਾਂ ਵਿੱਚ ਭਾਰੀ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ। ਮੁੱਖ ਸੜਕਾਂ ਅਤੇ ਬਿਜਲੀ ਦੀਆਂ ਲਾਈਨਾਂ ਉੱਪਰੋਂ ਡਿੱਗੇ ਭਾਰੀ ਦਰੱਖਤਾਂ ਨੂੰ ਹਟਾਉਣ ਲਈ ਵਣ ਵਿਭਾਗ, ਨਗਰ ਨਿਗਮ ਅਤੇ ਸਥਾਨਕ ਪ੍ਰਸ਼ਾਸਨ ਦੀਆਂ ਵਿਸ਼ੇਸ਼ ਟੀਮਾਂ ਦੀ ਮਦਦ ਲਈ ਜਾ ਰਹੀ ਹੈ।