ਪੰਜਾਬ 'ਚ ਗਰਮੀ ਦਾ ਕਹਿਰ: ਬਿਜਲੀ ਦੀ ਮੰਗ ਨੇ ਫੜੀ ਰਫ਼ਤਾਰ, 9500 ਮੈਗਾਵਾਟ ਦਾ ਅੰਕੜਾ ਪਾਰ
ਪੰਜਾਬ ਵਿੱਚ ਗਰਮੀ ਦੇ ਆਗਾਜ਼ ਦੇ ਨਾਲ ਹੀ ਬਿਜਲੀ ਦੀ ਮੰਗ ਵੀ ਵਧਣੀ ਸ਼ੁਰੂ ਹੋ ਗਈ ਹੈ। ਸੋਮਵਾਰ ਨੂੰ ਬਿਜਲੀ ਵੱਧ ਤੋਂ ਵਧ ਮੰਗ 9552 ਮੈਗਾਵਾਟ ਦਰਜ ਕੀਤੀ ਗਈ ਜੋ ਕਿ ਇਸ ਮਹੀਨੇ ਦੀ ਸਭ ਤੋਂ ਵੱਧ ਹੈ। ਜਦੋਂਕਿ ਦਿਨ ਭਰ ਦੀ ਔਸਤਨ ਬਿਜਲੀ ਮੰਗ 5500 ਮੈਗਾਵਾਟ ਦੇ ਕਰੀਬ ਰਹੀ ਹੈ। ਦੁਪਹਿਰ ਤਿੰਨ ਵਜੇ ਬਿਜਲੀ ਦੀ ਮੰਗ ਛੇ ਹਜ਼ਾਰ ਮੈਗਾਵਾਟ ਤੱਕ ਦਰਜ ਕੀਤੀ ਗਈ ਹੈ। ਇਸ ਦੌਰਾਨ ਪੰਜਾਬ ਦੇ ਸਰਕਾਰੀ ਤੇ ਨਿੱਜੀ ਥਰਮਲਾਂ ਅਤੇ ਹੋਰ ਵਸੀਲਿਆਂ ਤੋਂ 3646 ਮੈਗਾਵਾਟ ਬਿਜਲੀ ਹਾਸਿਲ ਕੀਤੀ ਗਈ। ਜਦੋਂਕਿ ਬਾਕੀ ਮੰਗ ਪੂਰੀ ਲਈ ਹੋਰ ਪਹਿਲਾਂ ਤੋਂ ਹੋਏ ਸਮਝੌਤਿਆਂ ਤਹਿਤ ਬਾਹਰੋਂ ਬਿਜਲੀ ਹਾਸਲ ਕੀਤੀ ਗਈ।
Publish Date: Tue, 21 Apr 2026 09:52 AM (IST)
Updated Date: Tue, 21 Apr 2026 09:53 AM (IST)

ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬ ਵਿੱਚ ਗਰਮੀ ਦੇ ਆਗਾਜ਼ ਦੇ ਨਾਲ ਹੀ ਬਿਜਲੀ ਦੀ ਮੰਗ ਵੀ ਵਧਣੀ ਸ਼ੁਰੂ ਹੋ ਗਈ ਹੈ। ਸੋਮਵਾਰ ਨੂੰ ਬਿਜਲੀ ਵੱਧ ਤੋਂ ਵਧ ਮੰਗ 9552 ਮੈਗਾਵਾਟ ਦਰਜ ਕੀਤੀ ਗਈ ਜੋ ਕਿ ਇਸ ਮਹੀਨੇ ਦੀ ਸਭ ਤੋਂ ਵੱਧ ਹੈ। ਜਦੋਂਕਿ ਦਿਨ ਭਰ ਦੀ ਔਸਤਨ ਬਿਜਲੀ ਮੰਗ 5500 ਮੈਗਾਵਾਟ ਦੇ ਕਰੀਬ ਰਹੀ ਹੈ। ਦੁਪਹਿਰ ਤਿੰਨ ਵਜੇ ਬਿਜਲੀ ਦੀ ਮੰਗ ਛੇ ਹਜ਼ਾਰ ਮੈਗਾਵਾਟ ਤੱਕ ਦਰਜ ਕੀਤੀ ਗਈ ਹੈ। ਇਸ ਦੌਰਾਨ ਪੰਜਾਬ ਦੇ ਸਰਕਾਰੀ ਤੇ ਨਿੱਜੀ ਥਰਮਲਾਂ ਅਤੇ ਹੋਰ ਵਸੀਲਿਆਂ ਤੋਂ 3646 ਮੈਗਾਵਾਟ ਬਿਜਲੀ ਹਾਸਿਲ ਕੀਤੀ ਗਈ। ਜਦੋਂਕਿ ਬਾਕੀ ਮੰਗ ਪੂਰੀ ਲਈ ਹੋਰ ਪਹਿਲਾਂ ਤੋਂ ਹੋਏ ਸਮਝੌਤਿਆਂ ਤਹਿਤ ਬਾਹਰੋਂ ਬਿਜਲੀ ਹਾਸਲ ਕੀਤੀ ਗਈ।
ਦੁਪਹਿਰ ਸਮੇਂ ਰੋਪੜ ਥਰਮਲ ਪਲਾਂਟ ਦੇ ਚਾਰ ਵਿਚੋਂ ਦੋ ਯੂਨਿਟ ਬੰਦ ਰਹੇ ਜਦੋਂਕਿ ਸਰਕਾਰੀ ਅਤੇ ਨਿੱਜੀ ਥਰਮਲਾਂ ਦੇ ਸਾਰੇ ਯੂਨਿਟਾਂ ਤੋਂ ਬਿਜਲੀ ਉਤਪਾਦਨ ਜਾਰੀ ਰਿਹਾ ਹੈ। 840 ਮੈਗਾਵਾਟ ਸਮੱਰਥਾ ਵਾਲੇ ਰੋਪੜ ਥਰਮਲ ਪਲਾਂਟ ਤੋਂ 277 ਮੈਗਾਵਾਟ, 920 ਮੈਗਾਵਾਟ ਸਮਰੱਥਾ ਵਾਲੇ ਲਹਿਰਾ ਮੁਹਬਤ ਪਲਾਂਟ ਤੋਂ 574 ਮੈਗਾਵਾਟ, 540 ਮੈਗਾਵਾਟ ਸਮਰੱਥਾ ਵਾਲੇ ਗੋਇੰਦਵਾਲ ਸਾਹਿਬ ਪਲਾਂਟ ਤੋਂ 280 ਮੈਗਾਵਾਟ ਬਿਜਲੀ ਉਤਪਾਦਨ ਹੋਇਆ। ਨਿੱਜੀ ਥਰਮਲਾਂ ਵਿਚੋਂ 1400 ਮੈਗਾਵਾਟ ਵਾਲੇ ਰਾਜਪੁਰਾ ਪਲਾਂਟ ਤੋਂ 1033 ਅਤੇ 1980 ਮੈਗਾਵਾਟ ਵਾਲੇ ਤਲਵੰਡੀ ਸਾਬੋ ਥਰਮਲ ਪਲਾਂਟ ਤੋਂ 968 ਮੈਗਾਵਾਟ ਬਿਜਲੀ ਹਾਸਲ ਹੋਈ। ਇਸ ਤੋਂ ਇਲਾਵਾ ਨਵਿਆਉਣਯੋਗ ਤੇ ਨਾ ਨਵਿਆਉਣ ਯੋਗ ਸੋਮਿਆ ਤੇ ਹਾਈਡਰੋ ਤੋਂ ਕਰੀਬ 466 ਮੈਗਾਵਾਟ ਬਿਜਲੀ ਹਾਸਿਲ ਕੀਤੀ ਗਈ ਹੈ।
ਬਿਜਲੀ ਦੀ ਮੰਗ ਦੇ ਅੰਕੜਿਆਂ ਨੇ ਮਾਹਿਰਾਂ ਨੂੰ ਹੈਰਾਨ ਕਰ ਦਿੱਤਾ ਹੈ। ਜਿੱਥੇ ਆਮ ਤੌਰ 'ਤੇ ਅਪ੍ਰੈਲ ਮਹੀਨੇ ਵਿੱਚ ਤਾਪਮਾਨ ਵਧਣ ਨਾਲ ਬਿਜਲੀ ਦੀ ਖਪਤ ਵਧਦੀ ਹੈ, ਉੱਥੇ ਹੀ ਇਸ ਵਾਰ ਸੂਬੇ ਵਿੱਚ ਬਿਜਲੀ ਦੀ ਮੰਗ ਪਿਛਲੇ ਸਾਲ ਦੇ ਮੁਕਾਬਲੇ ਕਾਫੀ ਹੇਠਾਂ ਦਰਜ ਕੀਤੀ ਗਈ ਹੈ। ਤਾਜ਼ਾ ਅੰਕੜਿਆਂ ਮੁਤਾਬਕ, ਇਸ ਅਪ੍ਰੈਲ ਵਿੱਚ ਵੱਧ ਤੋਂ ਵੱਧ ਮੰਗ 9552 ਮੈਗਾਵਾਟ ਰਹੀ, ਜੋ ਕਿ ਅਪ੍ਰੈਲ 2025 ਦੇ 10,918 ਮੈਗਾਵਾਟ ਦੇ ਮੁਕਾਬਲੇ ਲਗਭਗ 1366 ਮੈਗਾਵਾਟ ਘੱਟ ਹੈ। ਹੈਰਾਨੀਜਨਕ ਪਹਿਲੂ ਇਹ ਹੈ ਕਿ ਇਸ ਸਾਲ ਮਾਰਚ ਮਹੀਨੇ ਵਿੱਚ ਬਿਜਲੀ ਦੀ ਮੰਗ 11,403 ਮੈਗਾਵਾਟ ਤੱਕ ਜਾ ਪਹੁੰਚੀ ਸੀ, ਪਰ ਅਪ੍ਰੈਲ ਆਉਂਦਿਆਂ ਹੀ ਇਸ ਵਿੱਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ। ਮਾਹਰਾਂ ਅਨੁਸਾਰ ਅਗਲੇ ਦਿਨਾਂ ਵਿਚ ਗਰਮੀ ਦਾ ਪ੍ਰਕੋਪ ਹੋਰ ਵਧੇਗਾ ਜਿਸ ਨਾਲ ਬਿਜਲੀ ਦੀ ਮੰਗ ਨਵਾਂ ਰਿਕਾਰਡ ਕਾਇਮ ਕਰ ਸਕਦੀ ਹੈ।
ਅਸਲ ਚਣੌਤੀ ਜੂਨ ਮਹੀਨੇ
ਭਾਵੇਂ ਮੌਜੂਦਾ ਸਥਿਤੀ ਕੰਟਰੋਲ ਵਿੱਚ ਹੈ, ਪਰ ਅਸਲੀ ਚੁਣੌਤੀ ਜੂਨ ਮਹੀਨੇ ਵਿੱਚ ਆਵੇਗੀ ਜਦੋਂ ਝੋਨੇ ਦੀ ਲਵਾਈ ਸ਼ੁਰੂ ਹੋਵੇਗੀ। ਪਾਵਰਕਾਮ ਦੇ ਸੂਤਰਾਂ ਅਨੁਸਾਰ, ਆਉਣ ਵਾਲੇ ਦਿਨਾਂ ਵਿੱਚ ਮੰਗ 17,500 ਮੈਗਾਵਾਟ ਨੂੰ ਪਾਰ ਕਰ ਸਕਦੀ ਹੈ। ਪਾਵਰਕਾਮ ਦਾ ਦਾਅਵਾ ਹੈ ਕਿ ਪਹਿਲਾਂ ਤੋਂ ਕੀਤੇ ਬਿਜਲੀ ਖਰੀਦ ਸਮਝੌਤੇ ਸੂਬੇ ਵਿੱਚ ਬਿਜਲੀ ਦਾ ਸੰਕਟ ਨਹੀਂ ਆਉਣ ਦੇਣਗੇ।