ਹੀਟ ਵੇਬ ਨਾਲ ਹਾਲੋ ਬੇਹਾਲ- ਰੇਲਵੇ ਸਟੇਸ਼ਨਾਂ ’ਤੇ ਲੋਕ ਪਰੇਸ਼ਾਨ
ਹੀਟ ਵੇਬ ਨਾਲ ਹਾਲੋ ਬੇਹਾਲ- ਰੇਲਵੇ ਸਟੇਸ਼ਨਾਂ ’ਤੇ ਲੋਕ ਪਰੇਸ਼ਾਨ
Publish Date: Sun, 26 Apr 2026 07:24 PM (IST)
Updated Date: Sun, 26 Apr 2026 07:28 PM (IST)

ਸਟਾਫ ਰਿਪੋਰਟਰ•, ਪੰਜਾਬੀ ਜਾਗਰਣ•, ਪਟਿਆਲਾ : ਇਕ ਪਾਸੇ ਜਿੱਥੇ ਭਿਆਨਕ ਗਰਮੀ ਕਾਰਨ ਲੋਕਾਂ ਦਾ ਹਾਲ ਬੇਹਾਲ ਹੈ, ਉੱਥੇ ਹੀ ਦੂਜੇ ਪਾਸੇ ਰੇਲਵੇ ਸਟੇਸ਼ਨ ਪਟਿਆਲਾ ਤੇ ਵਾਟਰ ਵੇਂਡਿੰਗ ਮਸ਼ੀਨ ਨਾ ਹੋਣ ਕਾਰਨ ਯਾਤਰੀ ਜਾਂ ਤਾਂ ਮਹਿੰਗੇ ਭਾਅ ਤੇ ਪਾਣੀ ਦੀਆਂ ਬੋਤਲਾਂ ਖਰੀਦਣ ਲਈ ਮਜਬੂਰ ਹਨ ਜਾਂ ਫਿਰ ਵਾਟਰ ਕੂਲਰ ਤੋਂ ਪਾਣੀ ਭਰ ਕੇ ਡੰਗ ਸਾਰ ਰਹੇ ਹਨ। ਹਾਲਾਂਕਿ ਰੇਲਵੇ ਵੱਲੋਂ ਪਲੇਟਫਾਰਮ ਤੇ ਦੋ ਵਾਟਰ ਕੂਲਰ ਲਗਾਏ ਗਏ ਹਨ, ਪਰ ਠੰਢਾ ਪਾਣੀ ਕੇਵਲ ਇਕ ਹੀ ਵਾਟਰ ਕੂਲਰ ਵਿਚ ਆ ਰਿਹਾ ਹੈ, ਜਿਸ ਕਾਰਨ ਆਮ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਉੱਥੇ ਹੀ ਦੂਜੇ ਪਾਸੇ ਰੇਲਵੇ ਸਟੇਸ਼ਨ ਤੇ ਮੌਜੂਦ ਵੇਟਿੰਗ ਰੂਮ ਨੂੰ ਤਾਲਾ ਲੱਗਿਆ ਹੋਇਆ ਹੈ। ਜਿਸ ਕਾਰਨ ਯਾਤਰੀ ਪਲੇਟਫਾਰਮ ਜਾਂ ਕੋਰੀਡੋਰ ਵਿਚ ਇੰਤਜ਼ਾਰ ਕਰਨ ਲਈ ਮਜਬੂਰ ਹਨ। ਇਸੇ ਤਰ੍ਹਾਂ ਦੇ ਹਾਲਾਤ ਨਾਭਾ ਵਿਚ ਵੀ ਹਨ, ਜਿੱਥੇ ਸਾਲ 2023 ਵਿਚ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਵੱਲੋਂ ਦੂਜੇ ਪਲੇਟਫਾਰਮ ਦਾ ਨਿਰਮਾਣ ਤਾਂ ਕਰਵਾ ਦਿੱਤਾ ਗਿਆ ਪਰ ਰੇਲਵੇ ਨੇ ਯਾਤਰੀਆਂ ਲਈ ਪਲੇਟਫਾਰਮ ਤੇ ਸ਼ੈਡ ਜਾਂ ਹੋਰ ਕਿਸੇ ਸੁਵਿਧਾ ਦਾ ਇੰਤਜ਼ਾਮ ਕਰਨਾ ਜ਼ਰੂਰੀ ਨਹੀਂ ਸਮਝਿਆ। ਜਿਸ ਕਾਰਨ 42 ਡਿਗਰੀ ਸੈਲਸੀਅਸ ਤੋਂ ਵੱਧ ਤਾਪਮਾਨ ਵਿਚ ਯਾਤਰੀ ਭਿਆਨਕ ਗਰਮੀ ਵਿੱਚ ਟ੍ਰੇਨ ਦਾ ਇੰਤਜ਼ਾਰ ਕਰਨ ਲਈ ਮਜਬੂਰ ਹਨ। ਜਾਣਕਾਰੀ ਅਨੁਸਾਰ ਰੇਲਵੇ ਸਟੇਸ਼ਨ ਤੇ ਯਾਤਰੀਆਂ ਨੂੰ ਸਸਤੇ ਅਤੇ ਸਾਫ਼ ਪਾਣੀ ਦੀ ਸੁਵਿਧਾ ਦੇਣ ਦੇ ਉਦੇਸ਼ ਨਾਲ ਲਗਾਈਆਂ ਗਈਆਂ ਵਾਟਰ ਵੇਂਡਿੰਗ ਮਸ਼ੀਨਾਂ ਨੂੰ ਹਟਾ ਦਿੱਤਾ ਗਿਆ ਹੈ। ਇਸ ਫੈਸਲੇ ਨਾਲ ਰੋਜ਼ਾਨਾ ਯਾਤਰਾ ਕਰਨ ਵਾਲੇ ਹਜ਼ਾਰਾਂ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਉਨ੍ਹਾਂ ਨੂੰ ਨਿੱਜੀ ਦੁਕਾਨਾਂ ਤੋਂ 20 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਮਹਿੰਗੀਆਂ ਬੋਤਲਾਂ ਖਰੀਦਣੀਆਂ ਪੈ ਰਹੀਆਂ ਹਨ। ਯਾਤਰੀਆਂ ਨੇ ਰੇਲਵੇ ਵਿਭਾਗ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਵੇਂਡਿੰਗ ਮਸ਼ੀਨਾਂ ਨੂੰ ਮੁੜ ਚਾਲੂ ਕੀਤਾ ਜਾਵੇ ਤਾਂ ਜੋ ਉਨ੍ਹਾਂ ਨੂੰ ਸਸਤੇ ਭਾਅ ਤੇ ਸਾਫ਼ ਅਤੇ ਠੰਢਾ ਪਾਣੀ ਉਪਲਬਧ ਹੋ ਸਕੇ। ਸੂਤਰਾਂ ਅਨੁਸਾਰ ਵੇਂਡਿੰਗ ਮਸ਼ੀਨਾਂ ਪਹਿਲਾਂ ਵੀ ਲਗਭਗ ਦੋ ਸਾਲਾਂ ਤੋਂ ਬੰਦ ਸਨ ਅਤੇ ਠੇਕੇਦਾਰ ਵੱਲੋਂ ਚਲਾਉਣ ਦਾ ਖਰਚਾ ਨਾ ਝੱਲਣ ਨੂੰ ਕਾਰਨ ਦੱਸਿਆ ਗਿਆ ਸੀ। ਹੁਣ ਟੈਂਡਰ ਸਮਾਪਤ ਹੋਣ ਤੋਂ ਬਾਅਦ ਮਸ਼ੀਨਾਂ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਹੈ। ਨਾਰਦਰਨ ਰੇਲਵੇ ਵੱਲੋਂ ਪਹਿਲਾਂ ਸਟੇਸ਼ਨ ਤੇ ਵੇਂਡਿੰਗ ਮਸ਼ੀਨਾਂ ਰਾਹੀਂ 1 ਰੁਪਏ ਵਿਚ 300 ਐਮਐਲ, 3 ਰੁਪਏ ਵਿਚ 500 ਐਮਐਲ, 5 ਰੁਪਏ ਵਿਚ 1 ਲੀਟਰ, 8 ਰੁਪਏ ਵਿੱਚ 2 ਲੀਟਰ ਅਤੇ 20 ਰੁਪਏ ਵਿੱਚ 5 ਲੀਟਰ ਪਾਣੀ ਉਪਲੱਬਧ ਕਰਵਾਇਆ ਜਾਂਦਾ ਸੀ। ਯਾਤਰੀਆਂ ਕੋਲ ਵਿਕਲਪ ਹੁੰਦਾ ਸੀ ਕਿ ਉਹ ਬਿਨਾਂ ਬੋਤਲ ਦੇ ਵੀ ਪਾਣੀ ਭਰ ਸਕਦੇ ਸਨ। ਇਹ ਸੁਵਿਧਾ ਲੰਬੇ ਸਮੇਂ ਤੋਂ ਬੰਦ ਪਈ ਸੀ ਅਤੇ ਹੁਣ ਮਸ਼ੀਨਾਂ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਹੈ। ਨਾਭਾ ਰੇਲਵੇ ਸਟੇਸ਼ਨ ਦੇ ਐੱਸਐੱਸ ਸੁਦਰਸ਼ਨ ਸਿੰਹਾ ਨੇ ਕਿਹਾ ਕਿ ਉਹ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਪੱਤਰ ਲਿਖ ਚੁੱਕੇ ਹਨ, ਪਰ ਅਜੇ ਤੱਕ ਵਿਵਸਥਾ ਨਹੀਂ ਹੋ ਸਕੀ। ਉਨ੍ਹਾਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੂੰ ਵੀ ਅਪੀਲ ਕੀਤੀ ਕਿ ਪਲੇਟਫਾਰਮ ਤੇ ਸ਼ੈਡ ਲਈ ਵੀ ਪ੍ਰਬੰਧ ਕੀਤਾ ਜਾਵੇ, ਤਾਂ ਜੋ ਯਾਤਰੀਆਂ ਨੂੰ ਸਹੂਲਤ ਮਿਲ ਸਕੇ। - ਸਟੇਸ਼ਨ ਤੇ ਟੂਟੀ ਦੇ ਪਾਣੀ ਦੀ ਵਿਕਲਪਿਕ ਵਿਵਸਥਾ : ਟੀਆਈ ਟ੍ਰੈਫਿਕ ਇੰਸਪੈਕਟਰ ਅਵਧੇਸ਼ ਕੁਮਾਰ ਸਿੰਘ ਨੇ ਦੱਸਿਆ ਕਿ ਮੌਜੂਦਾ ਸਮੇਂ ਵਿਚ ਐੱਸਐੱਸ ਦੀ ਪੋਸਟ ਖਾਲੀ ਹੈ, ਜਿਸ ਕਾਰਨ ਉਹ ਹੀ ਸਾਰਾ ਕੰਮਕਾਜ ਦੇਖ ਰਹੇ ਹਨ। ਉਨ੍ਹਾਂ ਦੱਸਿਆ ਕਿ ਯਾਤਰੀਆਂ ਲਈ ਸਟੇਸ਼ਨ ਤੇ ਠੰਢੇ ਅਤੇ ਸਾਫ਼ ਨਲਕੇ ਦੇ ਪਾਣੀ ਦੀ ਵਿਵਸਥਾ ਕੀਤੀ ਗਈ ਹੈ। ਉੱਥੇ ਹੀ ਵੇਂਡਿੰਗ ਮਸ਼ੀਨਾਂ ਨੂੰ ਪੁਰਾਣਾ ਟੈਂਡਰ ਸਮਾਪਤ ਹੋਣ ਕਾਰਨ ਹਟਾਇਆ ਗਿਆ ਸੀ। ਇਸ ਸਬੰਧੀ ਸੀਐਮਆਈ ਨਾਲ ਦੁਬਾਰਾ ਸੰਪਰਕ ਕਰਕੇ ਇਸ ਸਮੱਸਿਆ ਦਾ ਹੱਲ ਕਰਵਾਇਆ ਜਾਵੇਗਾ। -ਗਰਮੀ ਦਾ ਕਹਿਰ ਜਾਰੀ ਪਿਛਲੇ ਹਫ਼ਤੇ ਤੋਂ ਲਗਾਤਾਰ ਵਧ ਰਹੀ ਗਰਮੀ ਨਾਲ ਲੂ ਚੱਲਣ ਕਾਰਨ ਹੁਣ ਲੋਕ ਹਾਲੇ ਬੇਹਾਲ ਹੋਣ ਲੱਗੇ ਹਨ। ਸਿਰਫ ਜ਼ਰੂਰੀ ਕੰਮਾਂ ਵਾਲੇ ਲੋਕ ਹੀ ਬਾਹਰ ਨਿਕਲ ਰਹੇ ਹਨ ਅਤੇ ਦੁਪਹਿਰ ਵੇਲੇ ਸੜਕਾਂ ਤੇ ਸੰਨਾਟਾ ਪਸਰਿਆ ਨਜ਼ਰ ਆਉਣ ਲੱਗਾ ਹੈ। ਹਾਲਾਤ ਅਜਿਹੇ ਹਨ ਕਿ ਮੌਸਮ ਨੇ ਸਮੇਂ ਤੋਂ ਪਹਿਲਾਂ ਹੀ ਮਈ-ਜੂਨ ਵਰਗੀ ਤਪਸ਼ ਦਾ ਅਹਿਸਾਸ ਕਰਵਾ ਦਿੱਤਾ ਹੈ। ਐਤਵਾਰ ਨੂੰ ਪਟਿਆਲਾ ਦਾ ਤਾਪਮਾਨ 42.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਸ਼ਨਿੱਚਰਵਾਰ ਵਾਰ ਨਾਲੋਂ ਭਾਵੇ 0.1 ਡਿਗਰੀ ਘੱਟ ਸੀ ਪਰ ਹਲਾਤ ਸੁਖਾਵੇ ਨਹੀਂ ਸਨ। ਰਾਤ ਦਾ ਤਾਪਮਾਨ ਵੀ 25 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਗਰਮੀ ਦਾ ਅਸਰ ਹੁਣ ਲੋਕਾਂ ਦੀ ਸਿਹਤ ਤੇ ਵੀ ਸਾਫ਼ ਦਿਖਾਈ ਦੇਣ ਲੱਗਾ ਹੈ। ਹਸਪਤਾਲਾ ’ਚ ਗਰਮੀ ਲੱਗਣ ਨਾਲ ਹੋਣ ਵਾਲੀਆਂ ਬਿਮਾਰੀਆਂ ਦੇ ਕੇਸਾਂ ’ਚ ਲਗਾਤਾਰ ਵਾਧਾ ਹੋਣ ਲੱਗਾ ਹੈ। ਦੂਜੇ ਪਾਸੇ ਗਰਮੀ ਦੇ ਜ਼ੋਰ ਫ਼ੜਨ ਨਾਲ ਲੋਕਾਂ ਨੇ ਏਸ਼ੀ-ਕੁੱਲਰਾਂ ਆਦਿ ਦਾ ਉਪਯੋਗ ਕਰਨਾ ਸ਼ੁਰੂ ਕਰ ਦਿੱਤਾ। -ਰਾਤ ਨੂੰ ਲੱਗਦੇ ਬਿਜਲੀ ਕੱਟਾਂ ਤੋਂ ਲੋਕ ਪਰੇਸ਼ਾਨ ਦੂਜੇ ਪਾਸੇ ਗਰਮੀ ਕਾਰਨ ਬਿਜਲੀ ਦੀ ਵਧੀ ਮੰਗ ਨੂੰ ਪੂਰਾ ਕਰਨਾ ਪਾਵਰਕਾਮ ਲਈ ਵੱਡੀ ਚੁਣੋਤੀ ਬਣਿਆ ਹੋਇਆ ਹੈ। ਪਾਵਰਕਾਮ ਵੱਲੋਂ ਸਾਰੇ ਸ਼ਰੋਤਾਂ ਤੋਂ ਬਿਜਲੀ ਉਤਪਾਦਨ ਅਤੇ ਕੇਂਦਰੀ ਪੂਲ ਤੋਂ ਖਰੀਦੀ ਬਿਜਲੀ ਨਾਲ ਵੀ ਮੰਗ ਪੂਰੀ ਨਾ ਹੋਣ ’ਤੇ ਹੁਣ ਬਿਜਲੀ ਕੱਟਾਂ ਦਾ ਸਹਾਰਾ ਲੈਣ ਪੈ ਰਿਹਾ ਹੈ। ਦਿਹਾਤੀ ਖੇਤਰਾਂ ’ਚ ਪਹਿਲਾਂ ਤੋਂ ਦਿਨ ਵੇਲੇ ਲੱਗਦੇ ਬਿਜਲੀ ਕੱਟਾਂ ਤੋਂ ਇਲਾਵਾ ਹੁਣ ਰਾਤ ਨੂੰ 4 ਤੋਂ 5 ਘੰਟੇ ਦੇ ਲੱਗਦੇ ਬਿਜਲੀ ਕੱਟਾਂ ਨੇ ਲੋਕਾਂ ’ਚ ਹਾਹਾਕਾਰ ਮਚਾ ਦਿੱਤੀ ਹੈ। ਦਿਹਾਤੀ ਖੇਤਰਾਂ ’ਚ ਦੇਰ ਸ਼ਾਮ ਤੋਂ ਲੱਗਦੇ ਕੱਟ ਅਤੇ ਸਵੇਰੇ ਦਿਨ ਚੜ੍ਹਨ ਤੋਂ ਪਹਿਲਾਂ ਤੱਕ ਬਿਜਲੀ ਬੰਦ ਰਹਿਣ ਕਾਰਨ ਲੋਕ ਪਰੇਸ਼ਾਨ ਹਨ। ਕਈ ਖੇਤਰਾਂ ’ਚ ਲੋਕਾਂ ਵੱਲੋਂ ਬਿਜਲੀ ਮੁਲਾਜ਼ਮਾਂ ਨਾਲ ਬਹਿਸਬਾਜ਼ੀ ਦੀਆਂ ਖਬਰਾਂ ਵੀ ਆਉਣ ਲੱਗੀਆਂ ਹਨ। ਜੇਕਰ ਅਜਿਹਾ ਮਾਹੌਲ ਰਿਹਾ ਤਾਂ ਪਾਵਰਕਾਮ ਲਈ ਬਿਜਲੀ ਦੀ ਮੰਗ ਪੂਰੀ ਕਰਨਾ ਵੱਡੀ ਚੁਣੌਤੀ ਬਣ ਜਾਵੇਗਾ।