ਹਰ ਸ਼ੁੱਕਰਵਾਰ ਡੇਂਗੂ ’ਤੇ ਵਾਰ ਤਹਿਤ ਰਾਜ ਪੱਧਰੀ ਮੁਹਿੰਮ ਦਾ ਆਗਾਜ਼
ਸਿਹਤ ਮੰਤਰੀ ਵਲੋਂ ਹਰ ਸ਼ੁੱਕਰਵਾਰ ਡੇਂਗੂ ‘ਤੇ ਵਾਰ ਤਹਿਤ ਰਾਜ ਪੱਧਰੀ ਮੁਹਿੰਮ ਦਾ ਅਗਾਜ
Publish Date: Fri, 17 Apr 2026 09:40 PM (IST)
Updated Date: Sat, 18 Apr 2026 04:16 AM (IST)

ਡੇਂਗੂ ਰੋਕਥਾਮ ਲਈ ਲੋਕਾਂ ਦੀ ਭਾਗੀਦਾਰੀ ਜ਼ਰੂਰੀ: ਸਿਹਤ ਮੰਤਰੀ ਸਟਾਫ ਰਿਪੋਰਟਰ•, ਪੰਜਾਬੀ ਜਾਗਰਣ•, ਪਟਿਆਲਾ - ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਕ ਹੋਰ ਮਹੱਤਵਪੂਰਨ ਕਦਮ ਚੁੱਕਦਿਆਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਸ਼ੁੱਕਰਵਾਰ ਨੂੰ ਪਟਿਆਲਾ ਦੇ ਬਾਜਵਾ ਕਾਲੋਨੀ ’ਚ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਆਯੋਜਿਤ ਜਨ ਸਿਹਤ ਜਾਗਰੂਕਤਾ ਅਤੇ ਬਿਮਾਰੀ ਰੋਕਥਾਮ ਮੁਹਿੰਮ ਦੀ ਸ਼ੁਰੂਆਤ ਪਟਿਆਲਾ ਤੋਂ ਕੀਤੀ। ਇਹ ਮੁਹਿੰਮ ਖਾਸ ਤੌਰ ‘ਤੇ ਡੇਂਗੂ ਅਤੇ ਪੀਣ ਵਾਲੇ ਪਾਣੀ ਨਾਲ ਫੈਲਣ ਵਾਲੀਆਂ ਬਿਮਾਰੀਆਂ ਨੂੰ ਕਾਬੂ ਕਰਨ ’ਤੇ ਕੇਂਦਰਿਤ ਹੈ। ਇਸ ਮੌਕੇ ਸਿਹਤ ਮੰਤਰੀ ਨੇ ‘ਹਰ ਸ਼ੁੱਕਰਵਾਰ ਡੇਂਗੂ ’ਤੇ ਵਾਰ’ ਮੁਹਿੰਮ ਨੂੰ ਹੋਰ ਤੇਜ਼ੀ ਨਾਲ ਅੱਗੇ ਵਧਾਉਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਡੇਂਗੂ ਵਰਗੀ ਖ਼ਤਰਨਾਕ ਬਿਮਾਰੀ ਤੋਂ ਬਚਾਅ ਲਈ ਲੋਕਾਂ ਦੀ ਸਾਂਝੀ ਭਾਗੀਦਾਰੀ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਡੇਂਗੂ ਅਤੇ ਪਾਣੀ ਨਾਲ ਫੈਲਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਰਾਜ ਪੱਧਰੀ ਵਿਸ਼ੇਸ਼ ਅਭਿਆਨ ਚਲਾਇਆ ਜਾ ਰਿਹਾ ਹੈ, ਜਿਸ ਦੇ ਤਹਿਤ ਜਾਗਰੂਕਤਾ, ਨਿਗਰਾਨੀ ਅਤੇ ਤੁਰੰਤ ਇਲਾਜ ’ਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ। ਡਾ. ਬਲਬੀਰ ਸਿੰਘ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਫ਼-ਸੁਥਰਾ ਮਾਹੌਲ ਹੀ ਤੰਦਰੁਸਤ ਜੀਵਨ ਦੀ ਬੁਨਿਆਦ ਹੈ। ਉਨ੍ਹਾਂ ਅਪੀਲ ਕੀਤੀ ਕਿ ਘਰਾਂ ਅਤੇ ਆਲੇ-ਦੁਆਲੇ ਖੜ੍ਹਾ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ, ਕਿਉਂਕਿ ਇਹ ਮੱਛਰਾਂ ਦੀ ਪੈਦਾਵਾਰ ਦਾ ਸਭ ਤੋਂ ਵੱਡਾ ਕਾਰਨ ਬਣਦਾ ਹੈ। ਉਨ੍ਹਾਂ ਕਿਹਾ ਕਿ ਡੇਂਗੂ ਤੋਂ ਬਚਾਅ ਲਈ ਪਾਣੀ ਵਾਲੇ ਬਰਤਨਾਂ ਨੂੰ ਢੱਕ ਕੇ ਰੱਖਣਾ, ਟੈਂਕੀਆਂ ਦੀ ਸਫਾਈ ਕਰਨਾ ਅਤੇ ਆਲੇ-ਦੁਆਲੇ ਸਫਾਈ ਬਣਾਈ ਰੱਖਣਾ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਇਹ ਵੀ ਜ਼ੋਰ ਦਿੱਤਾ ਕਿ ਪੀਣ ਵਾਲੇ ਪਾਣੀ ਦੀ ਸਫਾਈ ’ਤੇ ਖਾਸ ਧਿਆਨ ਦਿੱਤਾ ਜਾਵੇ, ਕਿਉਂਕਿ ਗੰਦਾ ਪਾਣੀ ਕਈ ਗੰਭੀਰ ਬਿਮਾਰੀਆਂ ਨੂੰ ਜਨਮ ਦੇ ਸਕਦਾ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਜਾਗਰੂਕਤਾ ਮੁਹਿੰਮਾਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਤਾਂ ਜੋ ਹਰ ਵਿਅਕਤੀ ਆਪਣੇ ਅਤੇ ਆਪਣੇ ਪਰਿਵਾਰ ਦੀ ਸਿਹਤ ਦੀ ਸੰਭਾਲ ਕਰ ਸਕੇ। ਇਸ ਦੌਰਾਨ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਡੇਂਗੂ ਦੇ ਲੱਛਣਾਂ, ਬਚਾਅ ਦੇ ਤਰੀਕਿਆਂ ਅਤੇ ਸਮੇਂ ‘ਤੇ ਇਲਾਜ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ। ਸਿਹਤ ਮੰਤਰੀ ਨੇ ਸੂਬਾ ਵਾਸੀਆਂ ਨੂੰ ਅਪੀਲ ਕੀਤੀ ਕਿ ਆਓ ਮਿਲ ਕੇ ਪੰਜਾਬ ਦੇ ਹਰ ਘਰ ਤੱਕ ਸਿਹਤ ਜਾਗਰੂਕਤਾ ਪਹੁੰਚਾਈਏ ਅਤੇ ਸਾਫ਼-ਸੁਥਰੇ ਤੇ ਤੰਦਰੁਸਤ ਪੰਜਾਬ ਦੀ ਨੀਂਹ ਹੋਰ ਮਜ਼ਬੂਤ ਕਰੀਏ। ਇਸ ਮੌਕੇ ਐੱਸਡੀਐੱਮ ਹਰਜੋਤ ਕੌਰ, ਸਿਵਲ ਸਰਜਨ ਡਾ. ਸ਼ੈਲੀ ਜੇਤਲੀ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸੁਮੀਤ ਸਿੰਘ, ਐੱਸਐੱਮਓ ਡਾ. ਪਰਨੀਤ ਕੌਰ ਤੋਂ ਇਲਾਵਾ ਸਿਹਤ ਵਿਭਾਗ ਦੇ ਅਧਿਕਾਰੀ ਮੌਜੂਦ ਸਨ।