- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਨ੍ਹਾਂ ਕਿਹਾ ਕਿ ਮੰਦਰ ਕੰਪਲੈਕਸ ਦੀ ਬਣਤਰ ਅਤੇ ਵੱਖ-ਵੱਖ ਮੰਦਰਾਂ ਦੀ ਰਚਨਾ ਸ਼ਰਧਾਲੂਆਂ ਲਈ ਆਸਥਾ ਦਾ ਮਜ਼ਬੂਤ ਕੇਂਦਰ ਹੈ। ਲੋਕ ਇੱਥੇ ਭਗਵਾਨ ਅਤੇ ਦੇਵੀ ਦੇ ਚਰਨਾਂ ਵਿੱਚ ਇਸ ਲਈ ਆਉਂਦੇ ਹਨ ਤਾਂ ਜੋ ਉਨ੍ਹਾਂ ਨੂੰ ਸਦਬੁੱਧੀ ਮਿਲੇ, ਸਹੀ ਸੋਚਣ-ਸਮਝਣ ਦੀ ਸ਼ਕਤੀ ਮਿਲੇ ਅਤੇ ਉਹ ਇੱਕ ਚੰਗੇ ਮਨੁੱਖ ਬਣ ਕੇ ਸਮਾਜ ਤੇ ਦੇਸ਼ ਦੀ ਸੇਵਾ ਕਰ ਸਕਣ।
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਪ੍ਰਾਚੀਨ ਸ਼੍ਰੀ ਕਾਲੀ ਮਾਤਾ ਮੰਦਰ ਵਿਖੇ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਨੇ ਮੰਦਰ ਵਿੱਚ ਮੱਥਾ ਟੇਕ ਕੇ ਦੇਸ਼ ਅਤੇ ਸੂਬੇ ਦੀ ਖੁਸ਼ਹਾਲੀ ਦੀ ਕਾਮਨਾ ਕੀਤੀ।
ਸੋਮਵਾਰ ਨੂੰ ਪਟਿਆਲਾ ਵਿਖੇਮੰਦਰ ਵਿੱਚ ਦਰਸ਼ਨ ਕਰਨ ਤੋਂ ਬਾਅਦ ਗਵਰਨਰ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਉਨ੍ਹਾਂ ਨੂੰ ਪਟਿਆਲਾ ਦੇ ਸ਼੍ਰੀ ਕਾਲੀ ਮਾਤਾ ਮੰਦਰ ਵਿੱਚ ਨਤਮਸਤਕ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਮੰਦਰ ਕੰਪਲੈਕਸ ਦੀ ਬਣਤਰ ਅਤੇ ਵੱਖ-ਵੱਖ ਮੰਦਰਾਂ ਦੀ ਰਚਨਾ ਸ਼ਰਧਾਲੂਆਂ ਲਈ ਆਸਥਾ ਦਾ ਮਜ਼ਬੂਤ ਕੇਂਦਰ ਹੈ। ਲੋਕ ਇੱਥੇ ਭਗਵਾਨ ਅਤੇ ਦੇਵੀ ਦੇ ਚਰਨਾਂ ਵਿੱਚ ਇਸ ਲਈ ਆਉਂਦੇ ਹਨ ਤਾਂ ਜੋ ਉਨ੍ਹਾਂ ਨੂੰ ਸਦਬੁੱਧੀ ਮਿਲੇ, ਸਹੀ ਸੋਚਣ-ਸਮਝਣ ਦੀ ਸ਼ਕਤੀ ਮਿਲੇ ਅਤੇ ਉਹ ਇੱਕ ਚੰਗੇ ਮਨੁੱਖ ਬਣ ਕੇ ਸਮਾਜ ਤੇ ਦੇਸ਼ ਦੀ ਸੇਵਾ ਕਰ ਸਕਣ।
ਉਨ੍ਹਾਂ ਕਿਹਾ ਕਿ ਮਾਤਾ ਕਾਲੀ ਨੂੰ ਸ਼ਤਰੂ ਵਿਨਾਸ਼ਕ ਮੰਨਿਆ ਜਾਂਦਾ ਹੈ ਅਤੇ ਇਹ ਮਾਨਤਾ ਹੈ ਕਿ ਛਲ-ਕਪਟ ਅਤੇ ਅਨਿਆਂ ਕਰਨ ਵਾਲਿਆਂ ਦਾ ਨਾਸ਼ ਕਰਨ ਦੀ ਸ਼ਕਤੀ ਮਹਾਦੇਵੀ ਵਿੱਚ ਹੈ। ਇਸ ਲਈ ਅਜਿਹੇ ਪਵਿੱਤਰ ਅਸਥਾਨਾਂ 'ਤੇ ਆ ਕੇ ਵਿਅਕਤੀ ਨੂੰ ਸਦਬੁੱਧੀ ਅਤੇ ਚੰਗੇ ਕੰਮ ਕਰਨ ਦੀ ਪ੍ਰੇਰਨਾ ਮਿਲਦੀ ਹੈ।
ਪੰਜਾਬ ਦੇ ਬਜਟ 'ਤੇ ਪ੍ਰਤੀਕਿਰਿਆ ਦਿੰਦਿਆਂ ਗਵਰਨਰ ਕਟਾਰੀਆ ਨੇ ਕਿਹਾ ਕਿ ਬਜਟ ਅੰਕੜਿਆਂ ਵਿੱਚ ਦੇਖਣ ਵਿੱਚ ਚੰਗਾ ਲੱਗਦਾ ਹੈ, ਪਰ ਸੂਬੇ ਸਿਰ ਚਾਰ ਲੱਖ ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਇੱਕ ਵੱਡੀ ਚੁਣੌਤੀ ਹੈ। ਉਨ੍ਹਾਂ ਕਿਹਾ ਕਿ ਬਜਟ ਬਣਾਉਂਦੇ ਸਮੇਂ ਆਮਦਨ ਅਤੇ ਖਰਚੇ ਵਿਚਕਾਰ ਸੰਤੁਲਨ ਹੋਣਾ ਜ਼ਰੂਰੀ ਹੈ। ਜੇਕਰ ਇਹ ਸੰਤੁਲਨ ਨਹੀਂ ਰਹੇਗਾ ਤਾਂ ਕਰਜ਼ਾ ਲਗਾਤਾਰ ਵਧਦਾ ਜਾਵੇਗਾ ਅਤੇ ਅੰਤ ਵਿੱਚ ਇਸ ਦਾ ਬੋਝ ਜਨਤਾ 'ਤੇ ਹੀ ਪਵੇਗਾ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਸਿੱਖਿਆ ਲਈ ਕਰੀਬ 19 ਹਜ਼ਾਰ ਕਰੋੜ ਰੁਪਏ ਅਤੇ ਕਿਸਾਨਾਂ ਲਈ ਲਗਭਗ 15 ਹਜ਼ਾਰ ਕਰੋੜ ਰੁਪਏ ਦਾ ਉਪਬੰਧ ਕੀਤਾ ਹੈ। ਇਸ ਤੋਂ ਇਲਾਵਾ ਔਰਤਾਂ ਨੂੰ ਇਕ ਹਜ਼ਾਰ ਰੁਪਏ ਅਤੇ ਅਨੁਸੂਚਿਤ ਜਾਤੀ ਤੇ ਜਨਜਾਤੀ ਦੀਆਂ ਔਰਤਾਂ ਨੂੰ 1500 ਰੁਪਏ ਦੇਣ ਦੀ ਘੋਸ਼ਣਾ ਵੀ ਕੀਤੀ ਗਈ ਹੈ, ਜੋ ਕਿ ਚੰਗੀ ਗੱਲ ਹੈ।
ਸੂਬੇ ਦੀ ਕਾਨੂੰਨ ਵਿਵਸਥਾ 'ਤੇ ਚਿੰਤਾ ਪ੍ਰਗਟਾਉਂਦਿਆਂ ਗਵਰਨਰ ਨੇ ਕਿਹਾ ਕਿ ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਚੁਣੌਤੀਪੂਰਨ ਬਣੀ ਹੋਈ ਹੈ। ਕਈ ਥਾਵਾਂ 'ਤੇ ਫਾਇਰਿੰਗ ਅਤੇ ਕਤਲ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ, ਜੋ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਰਾਜ ਦੇ ਵਿਕਾਸ ਲਈ ਕਾਨੂੰਨ ਵਿਵਸਥਾ ਮਜ਼ਬੂਤ ਹੋਣਾ ਬੇਹੱਦ ਜ਼ਰੂਰੀ ਹੈ ਅਤੇ ਇਸ ਦਿਸ਼ਾ ਵਿੱਚ ਪੂਰੀ ਤਾਕਤ ਨਾਲ ਕੰਮ ਕੀਤਾ ਜਾਣਾ ਚਾਹੀਦਾ ਹੈ।
ਗਵਰਨਰ ਕਟਾਰੀਆ ਨੇ ਕਿਹਾ ਕਿ ਜੇਕਰ ਸ਼੍ਰੀ ਕਾਲੀ ਮਾਤਾ ਮੰਦਰ ਦਾ ਹੋਰ ਜ਼ਿਆਦਾ ਵਿਕਾਸ ਕੀਤਾ ਜਾਂਦਾ ਹੈ ਤਾਂ ਇਹ ਸਿਰਫ਼ ਪੰਜਾਬ ਹੀ ਨਹੀਂ, ਸਗੋਂ ਪੂਰੇ ਦੇਸ਼ ਦੇ ਸ਼ਰਧਾਲੂਆਂ ਲਈ ਇੱਕ ਪ੍ਰਮੁੱਖ ਆਸਥਾ ਕੇਂਦਰ ਬਣ ਸਕਦਾ ਹੈ।