ਘੱਗਰ ਦਰਿਆ ਦੇ ਬੰਨ੍ਹ ’ਚ ਪੈ ਰਹੇ ਪਾੜ ਨੂੰ ਪੂਰਨ ਦੀ ਮੰਗ
ਕਿਸਾਨਾਂ ਵੱਲੋਂ ਘੱਗਰ ਦਰਿਆ ਦੇ ਬੰਨ੍ਹ ’ਚ ਪੈ ਰਹੇ ਪਾੜ ਨੂੰ ਪੂਰਨ ਦੀ ਮੰਗ
Publish Date: Mon, 15 Sep 2025 05:02 PM (IST)
Updated Date: Mon, 15 Sep 2025 05:02 PM (IST)
ਅਸ਼ਵਿੰਦਰ ਸਿੰਘ, ਪੰਜਾਬੀ ਜਾਗਰਣ, ਬਨੂੜ : ਬੀਤੇ ਦਿਨੀ ਪਹਾੜੀ ਖੇਤਰ ਵਿਚ ਪਏ ਭਾਰੀ ਮੀਂਹ ਕਾਰਨ ਘੱਗਰ ਦਰਿਆ ਵਿਚ ਪਾਣੀ ਛੱਡਿਆ ਗਿਆ ਸੀ। ਇਸ ਪਾਣੀ ਨਾਲ ਨੇੜਲੇ ਪਿੰਡ ਕਨੌੜ ਨੇੜਿਓਂ ਗੁਜਰਦੇ ਘੱਗਰ ਦਰਿਆ ਦਾ ਬੰਨ੍ਹ ਨੁਕਸਾਨੀਆਂ ਗਿਆ ਹੈ। ਕਿਸਾਨਾਂ ਨੇ ਨੁਕਸਾਨੇ ਗਏ ਬੰਨ੍ਹ ਨੂੰ ਪੂਰਨ ਲਈ ਪ੍ਰਸ਼ਾਸਨ ਅੱਗੇ ਗੁਹਾਰ ਲਗਾਈ ਹੈ। ਘੱਗਰ ਦਰਿਆ ਦੇ ਨੁਕਸਾਨੇ ਗਏ ਬੰਨ੍ਹ ਨੂੰ ਦਿਖਾਉਂਦੇ ਹੋਏ ਕਿਸਾਨ ਆਗੂ ਸਰਪੰਚ ਲਖਵਿੰਦਰ ਸਿੰਘ ਕਰਾਲਾ, ਧਰਮਵੀਰ ਸ਼ੈਲੀ ਝਿਊਰ ਮਾਜਰਾ ਸਾਬਕਾ ਸਰਪੰਚ, ਕਿਸਾਨ ਆਗੂ ਕੁਲਬੀਰ ਸਿੰਘ ਕਰਾਲਾ ਤੇ ਸਤੀਸ਼ ਕੁਮਾਰ ਡੱਲਾ ਨੇ ਦੱਸਿਆ ਕਿ ਬੀਤੇ ਦਿਨੀ ਘੱਗਰ ਦਰਿਆ ਵਿਚ ਆਏ ਭਾਰੀ ਮਾਤਰਾ ਵਿਚ ਪਾਣੀ ਕਾਰਨ ਕਨੌੜ ਨੇੜਿਓ ਗੁਜਰ ਰਹੇ ਦਰਿਆ ਦਾ ਬੰਨ੍ਹ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਨੁਕਸਾਨੇ ਗਏ ਬੰਨ੍ਹ ਨੂੰ ਠੀਕ ਕਰਵਾਉਣ ਲਈ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਕਈ ਵਾਰ ਸੂਚਿਤ ਕੀਤਾ ਗਿਆ ਹੈ, ਪਰ ਉਸਦੇ ਬਾਵਜੂਦ ਵੀ ਅਧਿਕਾਰੀਆਂ ਦੇ ਕੰਨਾਂ ਤੱਕ ਜੂੰ ਨਹੀਂ ਸਰਕਦੀ ਅਤੇ ਸ਼ਾਇਦ ਉਹ ਕਿਸੇ ਵੱਡੇ ਹਾਦਸੇ ਦੀ ਉਡੀਕ ਵਿਚ ਹਨ। ਇਸ ਖਤਰੇ ਨੂੰ ਦੇਖਦੇ ਹੋਏ ਸੂਬਾ ਸਰਕਾਰ ਤੇ ਪ੍ਰਸ਼ਾਸਨਿਕ ਅਧਿਕਾਰੀਆ ਨੂੰ ਜਲਦੀ ਤੋਂ ਜਲਦੀ ਨੁਕਸਾਨੇ ਗਏ ਬੰਨ ਨੂੰ ਠੀਕ ਕਰਨ ਦੀ ਮੰਗ ਕੀਤੀ ਤਾਂ ਜੋ ਕਿਸੇ ਵੱਡੇ ਨੁਕਸਾਨ ਤੋਂ ਇਲਾਕੇ ਦੇ ਵਸਨੀਕਾਂ ਨੂੰ ਬਚਾਇਆ ਜਾ ਸਕੇ।