ਸਾਬਕਾ MP ਪ੍ਰਨੀਤ ਕੌਰ ਨੇ ਗ੍ਰਹਿ ਮੰਤਰੀ ਸ਼ਾਹ ਨਾਲ ਕੀਤੀ ਮੁਲਾਕਾਤ, ਵਿਕਾਸ ਤੇ ਲੋਕ-ਭਲਾਈ ਦੀਆਂ ਕੇਂਦਰੀ ਸਕੀਮਾਂ ਬਾਰੇ ਕੀਤੀ ਚਰਚਾ
ਗੱਲਬਾਤ ਕਰਦਿਆਂ ਪ੍ਰਨੀਤ ਕੌਰ ਨੇ ਸੂਬੇ ਦੀ ਮੌਜੂਦਾ ਸਥਿਤੀ ’ਤੇ ਗੰਭੀਰ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਵਿਚ ਕਾਨੂੰਨ ਵਿਵਸਥਾ ਢਹਿ-ਢੇਰੀ ਹੋ ਚੁੱਕੀ ਹੈ। ਦਿਨ-ਦਿਹਾੜੇ ਹੋ ਰਹੀਆਂ ਗੈਂਗਵਾਰ ਦੀਆਂ ਵਾਰਦਾਤਾਂ ਨੇ ਜਨਤਾ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ।
Publish Date: Sat, 14 Mar 2026 08:52 AM (IST)
Updated Date: Sat, 14 Mar 2026 08:54 AM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬ ਭਾਜਪਾ ਦੀ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਨਵੀਂ ਦਿੱਲੀ ਵਿਚ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਖ਼ਾਸ ਮੁਲਾਕਾਤ ਕੀਤੀ। ਇਸ ਮੀਟਿੰਗ ਦੌਰਾਨ ਪੰਜਾਬ ਦੇ ਮੌਜੂਦਾ ਹਾਲਾਤ, ਸੂਬੇ ਦੇ ਵਿਕਾਸ ਤੇ ਸੁਰੱਖਿਆ ਨਾਲ ਜੁੜੇ ਅਹਿਮ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ।
ਗੱਲਬਾਤ ਕਰਦਿਆਂ ਪ੍ਰਨੀਤ ਕੌਰ ਨੇ ਸੂਬੇ ਦੀ ਮੌਜੂਦਾ ਸਥਿਤੀ ’ਤੇ ਗੰਭੀਰ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਵਿਚ ਕਾਨੂੰਨ ਵਿਵਸਥਾ ਢਹਿ-ਢੇਰੀ ਹੋ ਚੁੱਕੀ ਹੈ। ਦਿਨ-ਦਿਹਾੜੇ ਹੋ ਰਹੀਆਂ ਗੈਂਗਵਾਰ ਦੀਆਂ ਵਾਰਦਾਤਾਂ ਨੇ ਜਨਤਾ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਸੂਬੇ ਦੀ ਅਮਨ-ਸ਼ਾਂਤੀ ਨੂੰ ਬਹਾਲ ਕਰਨਾ ਸਭ ਤੋਂ ਵੱਡੀ ਲੋੜ ਹੈ। ਉਨ੍ਹਾਂ ਨੇ ਪੰਜਾਬ ਦੇ ਵਿਕਾਸ ਲਈ ਕੇਂਦਰ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਗ੍ਰਹਿ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ 'ਵਿਕਸਤ ਭਾਰਤ' ਮੁਹਿੰਮ ਤਹਿਤ ਕੇਂਦਰੀ ਸਕੀਮਾਂ ਪੰਜਾਬ ਦੇ ਸਰਬਪੱਖੀ ਵਿਕਾਸ ਵਿਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਪੰਜਾਬ ਦੇ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਉਣ ਦੀ ਅਪੀਲ ਵੀ ਕੀਤੀ।
ਗ੍ਰਹਿ ਮੰਤਰੀ ਦੇ ਪੰਜਾਬ ਦੌਰੇ ਬਾਰੇ ਬੋਲਦਿਆਂ ਪ੍ਰਨੀਤ ਕੌਰ ਨੇ ਕਿਹਾ ਕਿ ਪੰਜਾਬ ਦੀ ਜਨਤਾ ਅਮਿਤ ਸ਼ਾਹ ਦਾ ਨਿੱਘਾ ਸਵਾਗਤ ਕਰਨ ਲਈ ਤਿਆਰ ਹੈ। ਉਨ੍ਹਾਂ ਨੇ ਆਗਾਮੀ 'ਬਦਲਾਅ ਰੈਲੀ' ਨੂੰ ਪੰਜਾਬ ਦੇ ਸੁਨਹਿਰੀ ਭਵਿੱਖ ਤੇ ਤਰੱਕੀ ਦੀ ਰੈਲੀ ਦੱਸਦਿਆਂ ਕਿਹਾ ਕਿ ਇਹ ਰੈਲੀ ਸੂਬੇ ਦੀ ਸਿਆਸਤ ਵਿਚ ਨਵੀਂ ਅਤੇ ਸਾਰਥਕ ਤਬਦੀਲੀ ਲੈ ਕੇ ਆਵੇਗੀ।