ਕੰਪਿਊਟਰ ਆਪਰੇਟਰਾਂ ਨੇ ਐੱਸਡੀਐੱਮ ਨੂੰ ਸੌਂਪਿਆ ਮੰਗ-ਪੱਤਰ
ਫਰਦ ਕੇਂਦਰ ਕੰਪਿਊਟਰ ਆਪਰੇਟਰਾਂ ਨੇ ਐਸਡੀਐਮ ਨੂੰ ਸੌਂਪਿਆ ਮੰਗ ਪੱਤਰ
Publish Date: Thu, 07 May 2026 08:34 PM (IST)
Updated Date: Fri, 08 May 2026 04:18 AM (IST)

ਗੁਲਸ਼ਨ ਸ਼ਰਮਾ ਪੰਜਾਬੀ ਜਾਗਰਣ, ਪਟਿਆਲਾ : ਫਰਦ ਕੇਂਦਰਾਂ ਵਿੱਚ ਪਿਛਲੇ 15 ਸਾਲਾਂ ਤੋਂ ਆਪਣੀਆਂ ਸੇਵਾਵਾਂ ਨਿਭਾ ਰਹੇ 800 ਤੋਂ ਵੱਧ ਡਾਟਾ ਐਂਟਰੀ ਓਪਰੇਟਰਾਂ ਨੂੰ ਆਪਣੇ ਭਵਿੱਖ ਦੀ ਚਿੰਤਾ ਸਤਾਉਣ ਲੱਗੀ ਹੈ। ਪੰਜਾਬ ਲੈਂਡ ਰਿਕਾਰਡਜ਼ ਸੁਸਾਇਟੀ ਵੱਲੋਂ ਜਾਰੀ ਨਵੇਂ ਮੈਨਪਾਵਰ ਟੈਂਡਰ ਵਿੱਚ ਸਿਰਫ਼ 674 ਕਰਮਚਾਰੀਆਂ ਦੀ ਲੋੜ ਦਰਸਾਉਣ ਨਾਲ ਲਗਭਗ 133 ਮੌਜੂਦਾ ਅਪਰੇਟਰਾਂ ਅਤੇ ਸੇਵਾਦਾਰਾਂ ਦੀ ਨੌਕਰੀ ‘ਤੇ ਸਿੱਧਾ ਖਤਰਾ ਬਣ ਗਿਆ ਹੈ। ਜਾਣਕਾਰੀ ਦਿੰਦਿਆਂ ਫਰਦ ਕੇਂਦਰ ਕੰਪਿਊਟਰ ਆਪਰੇਟਰ ਐਸੋਸੀਏਸ਼ਨ ਪਟਿਆਲਾ ਦੇ ਜ਼ਿਲ੍ਹਾ ਪ੍ਰਧਾਨ ਕਮਲਦੀਪ ਸ਼ਰਮਾ ਨੇ ਕਿਹਾ ਕਿ ਇਹ ਸਾਰੇ ਕਰਮਚਾਰੀ ਲੰਮੇ ਸਮੇਂ ਤੋਂ ਇਮਾਨਦਾਰੀ ਅਤੇ ਮਿਹਨਤ ਨਾਲ ਸੇਵਾ ਕਰ ਰਹੇ ਹਨ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਰੋਜ਼ੀ-ਰੋਟੀ ਇਸ ਨੌਕਰੀ ਨਾਲ ਜੁੜੀ ਹੋਈ ਹੈ। ਇਸ ਤਰ੍ਹਾਂ ਦਾ ਫ਼ੈਸਲਾ ਨਾ ਸਿਰਫ਼ ਕਰਮਚਾਰੀਆਂ ਨਾਲ ਬੇਇਨਸਾਫੀ ਹੈ, ਸਗੋਂ ਉਨ੍ਹਾਂ ਦੇ ਪਰਿਵਾਰਾਂ ਨੂੰ ਆਰਥਿਕ ਤੌਰ ‘ਤੇ ਤਬਾਹ ਕਰਨ ਵਾਲਾ ਹੈ। ਇਸਦੇ ਨਾਲ ਹੀ ਤਰਨਤਾਰਨ ਜ਼ਿਲ੍ਹੇ ਦੇ ਕਰਮਚਾਰੀ ਲਵਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ ਨੂੰ ਨੌਕਰੀ ਤੋਂ ਬਰਖਾਸਤ ਕਰਨ ਦੇ ਮਾਮਲੇ ‘ਚ ਵੀ ਜਥੇਬੰਦੀ ਵੱਲੋਂ ਤਿੱਖਾ ਵਿਰੋਧ ਕੀਤਾ ਗਿਆ ਹੈ। ਉੱਚ ਅਧਿਕਾਰੀਆਂ ਵੱਲੋਂ ਬਹਾਲੀ ਦੇ ਭਰੋਸੇ ਦੇ ਬਾਵਜੂਦ ਕਈ ਮਹੀਨਿਆਂ ਤੋਂ ਕੋਈ ਕਾਰਵਾਈ ਨਾ ਹੋਣ ‘ਤੇ ਜਥੇਬੰਦੀ ਵੱਲੋਂ ਗੰਭੀਰ ਨਾਰਾਜ਼ਗੀ ਜਤਾਈ ਗਈ ਹੈ। ਜਥੇਬੰਦੀ ਦੇ ਆਗੂਆਂ ਵੱਲੋਂ ਐਸਡੀਐਮ ਗੁਰਦੇਵ ਸਿੰਘ ਧੰਮ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਰਣਧੀਰ ਸਿੰਘ, ਸਿਕੰਦਰ ਸਿੰਘ ਅਤੇ ਹੋਰ ਮੈਬਰ ਹਾਜ਼ਰ ਸਨ। ਜਥੇਬੰਦੀ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਵੱਲੋਂ ਜਲਦੀ ਇਹ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ ਜਾਵੇਗੀ, ਜਿਸ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ।