ਅੱਠਵੀਂ ਜਮਾਤ ਵਿਚ ਜ਼ਿਲ੍ਹੇ ‘ਚੋਂ ਪਹਿਲਾ ਸਥਾਨ ਹਾਸਲ ਕਰਨ ਤੋਂ ਬਾਅਦ ਡਿਪਟੀ ਕਮਿਸ਼ਨਰ ਬਣਨ ਦਾ ਸੁਪਨਾ ਦੇਖਣ ਵਾਲੇ ਡਾ. ਅਗਰਵਾਲ ਲਈ ਇਹ ਤਾਇਨਾਤੀ ਉਨ੍ਹਾਂ ਦੇ ਲੰਬੇ ਅਰਮਾਨਾਂ ਦੀ ਇੱਕ ਹੋਰ ਮਹੱਤਵਪੂਰਨ ਕੜੀ ਹੈ।

ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ : ਕਈ ਜ਼ਿਲ੍ਹਿਆਂ ਵਿਚ ਡਿਪਟੀ ਕਮਿਸ਼ਨਰ ਵਜੋਂ ਸਫਲ ਸੇਵਾਵਾਂ ਨਿਭਾਅ ਚੁੱਕੇ 2014 ਬੈਚ ਦੇ ਆਈ.ਏ.ਐਸ. ਅਧਿਕਾਰੀ ਡਾ. ਹਿਮਾਂਸ਼ੂ ਅਗਰਵਾਲ ਨੇ ਹੁਣ ਪਟਿਆਲਾ ਦੇ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲ ਲਿਆ ਹੈ। ਅੱਠਵੀਂ ਜਮਾਤ ਵਿਚ ਜ਼ਿਲ੍ਹੇ ‘ਚੋਂ ਪਹਿਲਾ ਸਥਾਨ ਹਾਸਲ ਕਰਨ ਤੋਂ ਬਾਅਦ ਡਿਪਟੀ ਕਮਿਸ਼ਨਰ ਬਣਨ ਦਾ ਸੁਪਨਾ ਦੇਖਣ ਵਾਲੇ ਡਾ. ਅਗਰਵਾਲ ਲਈ ਇਹ ਤਾਇਨਾਤੀ ਉਨ੍ਹਾਂ ਦੇ ਲੰਬੇ ਅਰਮਾਨਾਂ ਦੀ ਇੱਕ ਹੋਰ ਮਹੱਤਵਪੂਰਨ ਕੜੀ ਹੈ। ਅਹੁਦਾ ਸੰਭਾਲਣ ਤੋਂ ਪਹਿਲਾਂ ਉਨ੍ਹਾਂ ਵੱਲੋਂ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਅਤੇ ਮਾਤਾ ਸ੍ਰੀ ਕਾਲੀ ਦੇਵੀ ਮੰਦਰ ਵਿਖੇ ਨਤਮਸਤਕ ਹੋ ਕੇ ਜ਼ਿਲ੍ਹੇ ਦੀ ਖੁਸ਼ਹਾਲੀ ਲਈ ਅਰਦਾਸ ਕੀਤੀ। ਇਸ ਉਪਰੰਤ ‘ਪੰਜਾਬੀ ਜਾਗਰਣ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਉਨ੍ਹਾਂ ਨੇ ਆਪਣੀ ਸੋਚ ਅਤੇ ਤਰਜੀਹਾਂ ਬਾਰੇ ਵਿਸਥਾਰ ਨਾਲ ਗੱਲ ਕੀਤੀ। ਪੇਸ਼ ਹਨ ਪਾਠਕਾਂ ਲਈ ਕੁਝ ਅੰਸ਼...
-ਸਵਾਲ: ਕੀ ਡਾਕਟਰੀ ਵਿਗਿਆਨ ਦੇ ਬੈਚਲਰ ਹੋਣ ਦੇ ਨਾਤੇ ਤੁਹਾਡਾ ਪ੍ਰਸ਼ਾਸਨਿਕ ਸੇਵਾ ਨੂੰ ਦੇਖਣ ਦਾ ਤਰੀਕਾ ਵੱਖਰਾ ਹੈ?
ਜਵਾਬ:
ਬਿਲਕੁਲ। ਮੈਡੀਕਲ ਪਿਛੋਕੜ ਤੋਂ ਪ੍ਰਸ਼ਾਸਨਿਕ ਸੇਵਾਵਾਂ ’ਚ ਆਉਣ ਕਾਰਨ ਮੈਂ ਆਪਣੇ ਕੰਮ ਨੂੰ ਕੇਵਲ ਪ੍ਰਸ਼ਾਸਨਿਕ ਅਤੇ ਪ੍ਰਬੰਧਨ ਦੇ ਨਜ਼ਰੀਏ ਤੋਂ ਹੀ ਨਹੀਂ, ਬਲਕਿ ਇਲਾਜ ਪ੍ਰਕ੍ਰਿਆ ਵਜੋਂ ਵੀ ਵੇਖਦਾ ਹਾਂ। ਇੱਕ ਡਾਕਟਰ ਵਜੋਂ ਮੇਰੀ ਕੋਸ਼ਿਸ਼ ਹੁੰਦੀ ਸੀ ਕਿ ਮਰੀਜ਼ ਦਾ ਦਰਦ ਘੱਟ ਤੋਂ ਘੱਟ ਰਹੇ ਅਤੇ ਬਿਮਾਰੀ ਦੀ ਜੜ੍ਹ ਤੱਕ ਪਹੁੰਚਿਆ ਜਾਵੇ। ਮੇਰੀ ਤਰਜੀਹ ਹੈ ਕਿ ਲੋਕਾਂ ਦੀਆਂ ਸਮੱਸਿਆਵਾਂ ਦੀ ‘ਨਬਜ਼’ ਸਮੇਂ ਸਿਰ ਪਛਾਣੀ ਜਾਵੇ ਅਤੇ ਉਨ੍ਹਾਂ ਦਾ ਹੱਲ ਜਿੰਨਾ ਜਲਦੀ ਹੋ ਸਕੇ, ਕੀਤਾ ਜਾਵੇ। ਮੈਂ ਚਾਹੁੰਦਾ ਹਾਂ ਕਿ ਲੋਕਾਂ ਨੂੰ ਦਫ਼ਤਰਾਂ ਦੇ ਚੱਕਰ ਨਾ ਲਗਾਉਣੇ ਪੈਣ, ਸਗੋਂ ਉਨ੍ਹਾਂ ਦੇ ਮਸਲੇ ਸਿਸਟਮ ਦੇ ਅੰਦਰ ਹੀ ਸੁਚੱਜੇ ਤਰੀਕੇ ਨਾਲ ਹੱਲ ਹੋਣ। ਇਸ ਲਈ ਮਸਲਿਆਂ ਦੇ ਤੁਰੰਤ ਨਿਪਟਾਰੇ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ।
-ਸਵਾਲ: ਵਿਦਿਆਰਥੀਆਂ ਅਤੇ ਨੌਜਵਾਨ ਪੀੜ੍ਹੀ ਲਈ ਤੁਹਾਡੇ ਕੀ ਵਿਚਾਰ ਹਨ?
ਜਵਾਬ:
ਜਦੋਂ ਮੈਂ ਅੱਠਵੀਂ ਜਮਾਤ ਵਿਚ ਸੀ, ਮੈਂ ਜ਼ਿਲ੍ਹੇ ’ਚੋਂ ਪਹਿਲਾ ਸਥਾਨ ਹਾਸਲ ਕੀਤਾ ਸੀ। ਉਦੋਂ ਹੀ ਮੈਂ ਡੀਸੀ ਬਣਨ ਦਾ ਸੁਪਨਾ ਧਾਰ ਲਿਆ ਸੀ। ਮੈਂ ਮੰਨਦਾ ਹਾਂ ਕਿ ਵੱਡੇ ਸੁਪਨੇ ਹੀ ਵੱਡੀਆਂ ਮੰਜ਼ਿਲਾਂ ਤੱਕ ਲੈ ਕੇ ਜਾਂਦੇ ਹਨ। ਮੈਂ ਚਾਹੁੰਦਾ ਹਾਂ ਕਿ ਅੱਜ ਦੇ ਵਿਦਿਆਰਥੀ ਆਪਣੇ ਅੰਦਰ ਦੀ ਸਮਰੱਥਾ ਨੂੰ ਪਛਾਣਕੇ ਅਤੇ ਸਵੈ-ਪ੍ਰੇਰਣਾ ਨਾਲ ਹਰ ਖੇਤਰ ਵਿੱਚ ਅੱਗੇ ਵਧਣ। ਬਤੌਰ ਡੀਸੀ ਮੇਰੀ ਇਹ ਕੋਸ਼ਿਸ਼ ਰਹੇਗੀ ਕਿ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਅੱਗੇ ਵਧਣ ਲਈ ਵੱਧ ਤੋਂ ਵੱਧ ਮੌਕੇ ਉਪਲੱਬਧ ਕਰਵਾਏ ਜਾਣ। ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਅਤੇ ਉਨ੍ਹਾਂ ਨੂੰ ਖੇਡਾਂ ਅਤੇ ਸਕਾਰਾਤਮਕ ਗਤੀਵਿਧੀਆਂ ਨਾਲ ਜੋੜਨ ਲਈ ਵਿਸ਼ੇਸ਼ ਕਦਮ ਚੁੱਕੇ ਜਾਣਗੇ।
-ਸਵਾਲ: ਤੁਹਾਡੀ ਪਤਨੀ ਕੋਮਲ ਮਿੱਤਲ ਵੀ ਆਈ.ਏ.ਐਸ. ਅਧਿਕਾਰੀ ਹਨ, ਦੋਵੇਂ ਜ਼ਿੰਮੇਵਾਰੀਆਂ ਕਿਵੇਂ ਸੰਭਾਲਦੇ ਹੋ?
ਜਵਾਬ:
ਅਸੀਂ ਦੋਵੇਂ ਮੋਢੇ ਨਾਲ ਮੋਢਾ ਜੋੜ ਕੇ ਚੱਲਦੇ ਹਾਂ। ਸਰਕਾਰੀ ਡਿਊਟੀ ਦੇ ਨਾਲ-ਨਾਲ ਪਰਿਵਾਰਕ ਜੀਵਨ ਨੂੰ ਸੰਤੁਲਿਤ ਰੱਖਣਾ ਜ਼ਰੂਰੀ ਹੁੰਦਾ ਹੈ। ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹਾਂ ਕਿ ਮੇਰੀ ਪਤਨੀ ਆਪਣੀ ਡਿਊਟੀ ਦੇ ਨਾਲ-ਨਾਲ ਘਰ ਦੀਆਂ ਜ਼ਿੰਮੇਵਾਰੀਆਂ ਵੀ ਬਹੁਤ ਸੁਚੱਜੇ ਤਰੀਕੇ ਨਾਲ ਨਿਭਾ ਰਹੀ ਹੈ। ਜਦੋਂ ਵੀ ਮੈਨੂੰ ਸਮਾਂ ਮਿਲਦਾ ਹੈ, ਮੈਂ ਵੀ ਘਰੇਲੂ ਜ਼ਿੰਮੇਵਾਰੀਆਂ ਵਿੱਚ ਆਪਣਾ ਯੋਗਦਾਨ ਪਾਉਂਦਾ ਹਾਂ। ਇਹ ਸਹਿਯੋਗ ਹੀ ਸਾਨੂੰ ਅੱਗੇ ਵਧਾਉਂਦਾ ਹੈ।
-ਸਵਾਲ: ਕੰਮ ਦਾ ਕਾਫੀ ਦਬਾਅ ਰਹਿੰਦਾ ਹੈ, ਤੁਸੀਂ ਤਣਾਅ ਕਿਵੇਂ ਦੂਰ ਕਰਦੇ ਹੋ?
ਜਵਾਬ:
ਪ੍ਰਸ਼ਾਸਨਿਕ ਕੰਮ ਵਿੱਚ ਦਬਾਅ ਤਾਂ ਰਹਿੰਦਾ ਹੀ ਹੈ, ਪਰ ਉਸਨੂੰ ਸੰਭਾਲਣਾ ਵੀ ਸਿੱਖਣਾ ਪੈਂਦਾ ਹੈ। ਮੈਨੂੰ ਖੇਡਾਂ ਅਤੇ ਸੰਗੀਤ ਬਹੁਤ ਪਸੰਦ ਹਨ। ਜਦੋਂ ਵੀ ਸਮਾਂ ਮਿਲਦਾ ਹੈ, ਮੈਂ ਖੇਡਦਾ ਹਾਂ ਜਾਂ ਸੰਗੀਤ ਸੁਣਦਾ ਹਾਂ। ਇਹ ਮੈਨੂੰ ਮਾਨਸਿਕ ਤੌਰ ‘ਤੇ ਤਾਜ਼ਗੀ ਦਿੰਦਾ ਹੈ ਅਤੇ ਨਵੀਂ ਊਰਜਾ ਨਾਲ ਕੰਮ ਕਰਨ ਲਈ ਤਿਆਰ ਕਰਦਾ ਹੈ।
-ਸਵਾਲ: ਪਟਿਆਲਾ ਲਈ ਤੁਹਾਡਾ ਮੁੱਖ ਏਜੰਡਾ ਕੀ ਹੈ?
ਜਵਾਬ:
ਕਰੀਬ 13 ਸਾਲ ਪਹਿਲਾਂ ਮੈਂ ਪਟਿਆਲਾ ਇੱਕ ਪੇਪਰ ਦੇਣ ਆਇਆ ਸੀ। ਅੱਜ ਇਸੇ ਸ਼ਹਿਰ ਵਿੱਚ ਡਿਪਟੀ ਕਮਿਸ਼ਨਰ ਵਜੋਂ ਸੇਵਾ ਦਾ ਮੌਕਾ ਮਿਲਣਾ ਮੇਰੇ ਲਈ ਮਾਣ ਦੀ ਗੱਲ ਹੈ। ਪਟਿਆਲਾ ਇੱਕ ਇਤਿਹਾਸਕ ਅਤੇ ਸੱਭਿਆਚਾਰਕ ਸ਼ਹਿਰ ਹੈ, ਜਿਸਦੀ ਆਪਣੀ ਵਿਲੱਖਣ ਪਹਿਚਾਣ ਹੈ। ਮੇਰੀ ਕੋਸ਼ਿਸ਼ ਰਹੇਗੀ ਕਿ ਇਸਦੀ ਵਿਰਾਸਤ ਨੂੰ ਸੁਰੱਖਿਅਤ ਰੱਖਦਿਆਂ ਇਸਨੂੰ ਹੋਰ ਸੁੰਦਰ ਅਤੇ ਸੁਵਿਧਾਜਨਕ ਬਣਾਇਆ ਜਾਵੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਅਨੁਸਾਰ ਸਰਕਾਰ ਦੀਆਂ ਫਲੈਗਸ਼ਿਪ ਯੋਜਨਾਵਾਂ ‘ਮੁੱਖ ਮੰਤਰੀ ਸਿਹਤ ਯੋਜਨਾ’ ਅਤੇ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਨੂੰ ਹੇਠਲੇ ਪੱਧਰ ਤੱਕ ਪਹੁੰਚਾਉਣਾ ਮੇਰੀ ਮੁੱਖ ਤਰਜੀਹ ਹੈ। ਇਸ ਤੋਂ ਇਲਾਵਾ ਸਵੱਛਤਾ, ਟ੍ਰੈਫਿਕ ਪ੍ਰਬੰਧਨ, ਚੱਲ ਰਹੇ ਪ੍ਰੋਜੈਕਟਾਂ ਦੀ ਨਿੱਜੀ ਨਿਗਰਾਨੀ ਅਤੇ ਸਮੇਂ-ਬੱਧ ਮੁਕੰਮਲਤਾ, ਨਸ਼ਾ ਮੁਕਤੀ ਅਤੇ ਮਹਿਲਾ ਸਸ਼ਕਤੀਕਰਨ ‘ਤੇ ਖਾਸ ਧਿਆਨ ਦਿੱਤਾ ਜਾਵੇਗਾ। ਮੇਰੀ ਕੋਸ਼ਿਸ਼ ਰਹੇਗੀ ਕਿ ਪਟਿਆਲਾ ਨੂੰ ਇੱਕ ਮਾਡਲ ਜ਼ਿਲ੍ਹੇ ਵਜੋਂ ਵਿਕਸਿਤ ਕੀਤਾ ਜਾਵੇ।
-ਪ੍ਰਾਪਤੀਆਂ ‘ਤੇ ਇੱਕ ਨਜ਼ਰ
-2014 ਬੈਚ ਵਿੱਚ ਯੂ.ਪੀ.ਐਸ.ਸੀ. ਵਿੱਚ 28ਵਾਂ ਰੈਂਕ
-ਲਾਲ ਬਹਾਦਰ ਸ਼ਾਸਤਰੀ ਰਾਸ਼ਟਰੀ ਪ੍ਰਸ਼ਾਸਨ ਅਕੈਡਮੀ ਤੋਂ ਗੋਲਡ ਮੈਡਲਿਸਟ
-ਬਾਬਾ ਫਰੀਦ ਯੂਨੀਵਰਸਿਟੀ ਆਫ ਮੈਡੀਕਲ ਸਾਇੰਸਿਜ ਤੋਂ ਐਮ.ਬੀ.ਬੀ.ਐਸ.
-ਜਲੰਧਰ, ਫਾਜ਼ਿਲਕਾ ਅਤੇ ਗੁਰਦਾਸਪੁਰ ਵਿੱਚ ਡਿਪਟੀ ਕਮਿਸ਼ਨਰ ਵਜੋਂ ਸੇਵਾਵਾਂ
-ਏ.ਡੀ.ਸੀ. (ਮੋਹਾਲੀ, ਅੰਮ੍ਰਿਤਸਰ), ਐਸ.ਡੀ.ਐਮ. (ਹੁਸ਼ਿਆਰਪੁਰ)
-ਚੋਣਾਂ ਵਿੱਚ ਬਿਹਤਰ ਕੰਮ ਲਈ ‘ਨੈਸ਼ਨਲ ਅਵਾਰਡ’
-ਫੌਜ ਵੱਲੋਂ ਵੀ ਸਨਮਾਨਿਤ।