- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਰਿਵਾਰ ਦਾ ਦੋਸ਼ ਹੈ ਕਿ ਪ੍ਰਬੰਧਕੀ ਲਾਪ੍ਰਵਾਹੀ ਕਾਰਨ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੋ ਰਿਹਾ ਹੈ। ਇਸ ਘਟਨਾ ਨੇ ਸ਼ਹਿਰ ਵਾਸੀਆਂ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਸ਼ਮਸ਼ਾਨਘਾਟ ਵਰਗੀ ਪਵਿੱਤਰ ਅਤੇ ਸੰਵੇਦਨਸ਼ੀਲ ਜਗ੍ਹਾ ’ਤੇ ਸੀਸੀਟੀਵੀ ਕੈਮਰੇ ਅਤੇ ਰਾਤ ਵੇਲੇ ਚੌਕਸੀ ਵਧਾਉਣੀ ਚਾਹੀਦੀ ਹੈ ਤਾਂ ਜੋ ਮ੍ਰਿਤਕਾਂ ਦੀ ਮਰਿਆਦਾ ਬਣੀ ਰਹੇ ਅਤੇ ਪਰਿਵਾਰਾਂ ਨੂੰ ਅਜਿਹੀ ਮਾਨਸਿਕ ਪੀੜਾ ਵਿੱਚੋਂ ਨਾ ਗੁਜ਼ਰਨਾ ਪਵੇ।

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਘਲੋੜੀ ਗੇਟ ਸਥਿਤ ਸ਼ਮਸ਼ਾਨਘਾਟ ਵਿੱਚੋਂ ਇੱਕ ਵਾਰ ਫਿਰ ਮ੍ਰਿਤਕ ਦੀਆਂ ਅਸਥੀਆਂ ਗਾਇਬ ਹੋਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਕਾਰਨ ਪੀੜਤ ਪਰਿਵਾਰ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੇ ਪ੍ਰਬੰਧਕਾਂ ਦੀ ਕਾਰਜ ਪ੍ਰਣਾਲੀ ’ਤੇ ਸਵਾਲ ਚੁੱਕਦਿਆਂ ਸ਼ਮਸ਼ਾਨਘਾਟ ਵਿੱਚ ਜ਼ੋਰਦਾਰ ਹੰਗਾਮਾ ਕੀਤਾ। ਪਰਿਵਾਰ ਦਾ ਦੋਸ਼ ਹੈ ਕਿ ਪ੍ਰਬੰਧਕੀ ਲਾਪ੍ਰਵਾਹੀ ਕਾਰਨ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੋ ਰਿਹਾ ਹੈ। ਇਸ ਘਟਨਾ ਨੇ ਸ਼ਹਿਰ ਵਾਸੀਆਂ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਸ਼ਮਸ਼ਾਨਘਾਟ ਵਰਗੀ ਪਵਿੱਤਰ ਅਤੇ ਸੰਵੇਦਨਸ਼ੀਲ ਜਗ੍ਹਾ ’ਤੇ ਸੀਸੀਟੀਵੀ ਕੈਮਰੇ ਅਤੇ ਰਾਤ ਵੇਲੇ ਚੌਕਸੀ ਵਧਾਉਣੀ ਚਾਹੀਦੀ ਹੈ ਤਾਂ ਜੋ ਮ੍ਰਿਤਕਾਂ ਦੀ ਮਰਿਆਦਾ ਬਣੀ ਰਹੇ ਅਤੇ ਪਰਿਵਾਰਾਂ ਨੂੰ ਅਜਿਹੀ ਮਾਨਸਿਕ ਪੀੜਾ ਵਿੱਚੋਂ ਨਾ ਗੁਜ਼ਰਨਾ ਪਵੇ।
ਜਾਣਕਾਰੀ ਅਨੁਸਾਰ ਸ਼ਹਿਰ ਵਾਸੀ ਸ਼ਕਤੀ ਕੁਮਾਰ ਦੇ ਪਿਤਾ ਦਾ ਦੋ ਦਿਨ ਪਹਿਲਾਂ ਦੇਹਾਂਤ ਹੋ ਗਿਆ ਸੀ। ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਬੁੱਧਵਾਰ ਸਵੇਰੇ ਜਦੋਂ ਸ਼ਕਤੀ ਕੁਮਾਰ ਆਪਣੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਸਮੇਤ ਆਪਣੇ ਪਿਤਾ ਦੀਆਂ ਅਸਥੀਆਂ (ਫੁੱਲ) ਚੁਗਣ ਲਈ ਘਲੋੜੀ ਗੇਟ ਮੜ੍ਹੀਆਂ ਪੁੱਜੇ ਤਾਂ ਉੱਥੋਂ ਦਾ ਦ੍ਰਿਸ਼ ਦੇਖ ਕੇ ਸਭ ਦੇ ਹੋਸ਼ ਉੱਡ ਗਏ। ਚਿਤਾ ਵਾਲੀ ਜਗ੍ਹਾ ’ਤੇ ਅਸਥੀਆਂ ਮੌਜੂਦ ਨਹੀਂ ਸਨ ਅਤੇ ਸਾਰੇ ਪਾਸੇ ਸੁਆਹ ਖਿੱਲਰੀ ਹੋਈ ਸੀ। ਸ਼ਕਤੀ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਬੜੇ ਸਤਿਕਾਰ ਨਾਲ ਆਪਣੇ ਪਿਤਾ ਦਾ ਸਸਕਾਰ ਕੀਤਾ ਸੀ ਪਰ ਅੱਜ ਜਦੋਂ ਉਹ ਅੰਤਿਮ ਰਸਮਾਂ ਲਈ ਪੁੱਜੇ ਤਾਂ ਉੱਥੇ ਕੁਝ ਵੀ ਨਹੀਂ ਮਿਲਿਆ। ਜਦੋਂ ਇਸ ਸਬੰਧੀ ਉੱਥੇ ਤਾਇਨਾਤ ਦੇਖ-ਭਾਲ ਕਰਨ ਵਾਲੇ ਕਰਮਚਾਰੀਆਂ ਨਾਲ ਗੱਲ ਕੀਤੀ ਗਈ, ਤਾਂ ਉਨ੍ਹਾਂ ਨੇ ਕੋਈ ਤਸੱਲੀਬਖਸ਼ ਜਵਾਬ ਦੇਣ ਦੀ ਬਜਾਏ ਪੱਲਾ ਝਾੜ ਲਿਆ।
ਪਰਿਵਾਰ ਦੇ ਗੰਭੀਰ ਸਵਾਲ : ਅਵਾਰਾ ਕੁੱਤੇ ਜਾਂ ਤੰਤਰ-ਮੰਤਰ?
ਪੀੜਤ ਪਰਿਵਾਰ ਨੇ ਕਿਹਾ ਕਿ ਇਹ ਕੋਈ ਪਹਿਲੀ ਘਟਨਾ ਨਹੀਂ ਹੈ, ਇਸੇ ਥਾਂ ’ਤੇ ਪਹਿਲਾਂ ਵੀ ਅਜਿਹਾ ਵਾਪਰ ਚੁੱਕਾ ਹੈ। ਉਨ੍ਹਾਂ ਸਵਾਲ ਚੁੱਕਿਆ ਕਿ ਜੇਕਰ ਇਹ ਕੰਮ ਅਵਾਰਾ ਕੁੱਤਿਆਂ ਦਾ ਹੈ, ਤਾਂ ਸ਼ਮਸ਼ਾਨਘਾਟ ਦੀ ਚਾਰਦੀਵਾਰੀ ਅਤੇ ਸੁਰੱਖਿਆ ਦਾ ਕੀ ਫਾਇਦਾ? ਦੂਜੇ ਪਾਸੇ ਸ਼ਹਿਰ ਵਿੱਚ ਇਹ ਚਰਚਾ ਵੀ ਗਰਮ ਹੈ ਕਿ ਕਿਤੇ ਇਹ ਕਿਸੇ ਅੰਧਵਿਸ਼ਵਾਸ ਜਾਂ ਜਾਦੂ-ਟੂਣੇ ਨਾਲ ਜੁੜਿਆ ਮਾਮਲਾ ਤਾਂ ਨਹੀਂ। ਪਰਿਵਾਰ ਅਨੁਸਾਰ ਕਾਰਨ ਚਾਹੇ ਕੋਈ ਵੀ ਹੋਵੇ ਪਰ ਸਾਂਭ-ਸੰਭਾਲ ਕਮੇਟੀ ਅਤੇ ਸੁਰੱਖਿਆ ਕਰਮੀਆਂ ਦੀ ਨਾਕਾਮੀ ਸਾਫ ਝਲਕਦੀ ਹੈ।
ਭਵਿੱਖ ’ਚ ਕੀਤੇ ਜਾਣਗੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ : ਮੇਅਰ
ਇਸ ਮਾਮਲੇ ਬਾਰੇ ਜਦੋਂ ਸ਼ਹਿਰ ਦੇ ਮੇਅਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਮੰਨਿਆ ਕਿ ਅਜਿਹੀ ਘਟਨਾ ਦੁਖਦਾਈ ਹੈ। ਹਾਲਾਂਕਿ, ਉਨ੍ਹਾਂ ਨੇ ਸਫਾਈ ਦਿੰਦਿਆਂ ਕਿਹਾ ਕਿ ਸ਼ਮਸ਼ਾਨਘਾਟ ਵਿੱਚ ਅਵਾਰਾ ਕੁੱਤਿਆਂ ਦੀ ਆਮਦ ਕਾਰਨ ਅਕਸਰ ਅਜਿਹੀਆਂ ਦਿੱਕਤਾਂ ਪੇਸ਼ ਆਉਂਦੀਆਂ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਜਾਣਗੇ।