ਕੂਡ਼ੇ ਨੂੰ ਅੱਗ ਲਗਾਉਣ ਕਰ ਕੇ ਹੋਈ ਤਕਰਾਰ ’ਚ ਬਜ਼ੁਰਗ ਦੀ ਮੌਤ
ਕਥਿਤ ਦੋਸ਼ੀਆਂ ਨੇ ਮੁਦਈ ਦੇ ਪਿਤਾ ਦੀ ਛਾਤੀ ਵਿੱਚ ਜੋਰ ਨਾਲ ਧੱਕਾ ਮਾਰਿਆ ਅਤੇ ਅੱਗ ਦਾ ਧੂੰਆਂ ਚੜਨ ਕਾਰਨ ਉਸ ਨੂੰ ਤਕਲੀਫ ਹੋਣ ਲੱਗ ਪਈ, ਜਿਸ ਕਾਰਨ ਮੁਦਈ ਦੇ ਪਿਤਾ ਦੀ ਹਾਲਤ ਨਾਜੁਕ ਹੁੰਦੀ ਦੇਖ ਕੇ ਉਸ ਨੂੰ ਰਾਜਿੰਦਰਾ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
Publish Date: Thu, 21 May 2026 06:10 PM (IST)
Updated Date: Fri, 22 May 2026 10:57 AM (IST)
ਜੀਐੱਸ. ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਦੇਵੀਗਡ਼੍ਹ ਨੇਡ਼ੇ ਪਿੰਡ ਬਰਕਤਪੁਰ ਵਿਖੇ ਬੀਤੇ ਦਿਨ ਰਜਬਾਹੇ ਨੇਡ਼ੇ ਕੂਡ਼ੇ ਨੂੰ ਲੱਗੀ ਅੱਗ ਨੇ ਪਾਥੀਆਂ ਤੇ ਗਹੀਰਿਆਂ ਨੂੰ ਆਪਣੀ ਚਪੇਟ ਵਿਚ ਲੈ ਲਿਆ, ਜਿਸ ਨੂੰ ਲੈ ਕੇ ਦੋ ਧਿਰਾਂ ਵਿਚ ਤਰਕਾਰ ਹੋ ਗਈ ਤੇ ਇਸ ਦੌਰਾਨ ਧੱਕਾ ਮੁੱਕੀ ਵਿਚ ਬਜੁਰਗ ਦੀ ਮੌਤ ਹੋ ਗਈ।
ਪਲਵਿੰਦਰਜੀਤ ਸਿੰਘ ਵਾਸੀ ਪਿੰਡ ਬਰਕਤਪੁਰ ਨੇ ਥਾਣਾ ਜੁਲਕਾਂ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਇਸੇ ਪਿੰਡ ਦੇ ਰਹਿਣ ਵਾਲੇ ਸ਼ੇਰਾ ਸਿੰਘ ਪੁੱਤਰ ਨਗੀਨਾ ਅਤੇ ਬਲਕਾਰ ਸਿੰਘ ਪੁੱਤਰ ਤੇਜਾ ਸਿੰਘ ਨੇ ਮੁਦਈ ਦੇ ਘਰ ਦੇ ਸਾਹਮਣੇ ਰਜਬਾਹੇ ਵਿੱਚ ਪਏ ਕੂਡ਼ੇ ਨੂੰ ਅੱਗ ਲਗਾ ਦਿੱਤੀ, ਜਿਸ ਕਾਰਨ ਹਵਾ ਦਾ ਰੁੱਖ ਮੁਦਈ ਦੇ ਘਰ ਵੱਲ ਨੂੰ ਹੋਣ ਕਰਕੇ ਮੁਦਈ ਦੇ ਘਰ ਦੇ ਸਾਹਮਣੇ ਪਈਆਂ ਪਾਥੀਆਂ ਅਤੇ ਗੁਹਾਰਿਆਂ ਨੂੰ ਅੱਗ ਲੱਗ ਗਈ।
ਅੱਗ ਨੂੰ ਬੁਝਾਉਣ ਲਈ ਫਾਇਰ ਬਰਗੇਡ ਵੀ ਮੰਗਵਾਏ ਗਏ ਜਿਨ੍ਹਾਂ ਅੱਗ ਤੇ ਕਾਬੂ ਪਾਇਆ। ਇਸ ਲੱਗੀ ਅੱਗ ਸਬੰਧੀ ਜਦੋਂ ਮੁਦਈ ਦੇ ਪਿਤਾ ਨੇ ਮੌਕੇ ਤੇ ਮੌਜੂਦ ਕਥਿਤ ਦੋਸ਼ੀਆਂ ਨੂੰ ਪੁੱਛਿਆ ਤਾਂ ਦੋਵੇਂ ਵਿਅਕਤੀ ਉਸ ਨਾਲ ਗਾਲੀ ਗਲੋਚ ਕਰਨ ਲੱਗ ਪਏ। ਕਥਿਤ ਦੋਸ਼ੀਆਂ ਨੇ ਮੁਦਈ ਦੇ ਪਿਤਾ ਦੀ ਛਾਤੀ ਵਿੱਚ ਜੋਰ ਨਾਲ ਧੱਕਾ ਮਾਰਿਆ ਅਤੇ ਅੱਗ ਦਾ ਧੂੰਆਂ ਚੜਨ ਕਾਰਨ ਉਸ ਨੂੰ ਤਕਲੀਫ ਹੋਣ ਲੱਗ ਪਈ, ਜਿਸ ਕਾਰਨ ਮੁਦਈ ਦੇ ਪਿਤਾ ਦੀ ਹਾਲਤ ਨਾਜੁਕ ਹੁੰਦੀ ਦੇਖ ਕੇ ਉਸ ਨੂੰ ਰਾਜਿੰਦਰਾ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਸ ਸਬੰਧੀ ਥਾਣਾ ਜੁਲਕਾਂ ਦੀ ਪੁਲੀਸ ਨੇ ਪਲਵਿੰਦਰਜੀਤ ਸਿੰਘ ਦੀ ਸ਼ਿਕਾਇਤ ’ਤੇ ਕਥਿਤ ਦੋਸ਼ੀਆਂ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।