ਗੈਰ-ਵਿਦਿਅਕ ਡਿਊਟੀਆਂ ਦੇ ਖਿਲਾਫ ਅਧਿਆਪਕਾਂ ਵੱਲੋਂ ਡੀਸੀ ਦਫ਼ਤਰ ਦਾ ਘਿਰਾਓ
ਗੈਰ-ਵਿਦਿਅਕ ਡਿਊਟੀਆਂ ਦੇ ਖਿਲਾਫ ਅਧਿਆਪਕਾਂ ਵੱਲੋਂ ਡੀਸੀ ਦਫਤਰ ਦਾ ਘਿਰਾਓ
Publish Date: Wed, 06 May 2026 06:27 PM (IST)
Updated Date: Wed, 06 May 2026 06:29 PM (IST)

- ਜਨਤਕ ਸਿੱਖਿਆ ਨਾਲ ਕੀਤੀ ਜਾ ਰਹੀ ਹੈ ਗੱਦਾਰੀ : ਡੀਟੀਐੱਫ਼ ਫੋਟੋ 06ਪੀਟੀਐੱਲ- 31 ਸਟਾਫ ਰਿਪੋਰਟਰ, •ਪੰਜਾਬੀ ਜਾਗਰਣ•, ਪਟਿਆਲਾ : ਡੈਮੋਕ੍ਰੇਟਿਕ ਟੀਚਰਜ਼ ਫਰੰਟ ਪਟਿਆਲਾ ਦੀ ਅਗਵਾਈ ਵਿਚ ਗੈਰ-ਵਿਦਿਅਕ ਡਿਊਟੀਆਂ ਦੇ ਵਿਰੋਧ ਵਜੋਂ ਅਧਿਆਪਕਾਂ ਦੁਆਰਾ ਡੀਸੀ ਦਫਤਰ ਪਟਿਆਲਾ ਦਾ ਘਿਰਾਓ ਕਰਕੇ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਡੀ.ਟੀ.ਐਫ਼. ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਰੱਖੜਾ, ਸਕੱਤਰ ਜਸਪਾਲ ਸਿੰਘ ਤੇ ਵਿੱਤ ਸਕੱਤਰ ਰਾਜਿੰਦਰ ਸਿੰਘ ਸਮਾਣਾ ਨੇ ਦੱਸਿਆ ਗਿਆ ਕਿ ਸਰਕਾਰ ਵੱਲੋਂ ਪੰਜਾਬ ਭਰ ਵਿੱਚ ਅਧਿਆਪਕਾਂ ਦੀਆਂ ਵੱਡੀ ਪੱਧਰ ਤੇ ਜਨਗਣਨਾ ਡਿਊਟੀਆਂ ਲਗਾਈਆਂ ਗਈਆਂ ਹਨ। ਜਿਸ ਤਹਿਤ ਪਿੱਛਲੇ ਮਹੀਨੇ ਤੋਂ ਇਸਦੀ ਲਗਾਤਾਰ ਟ੍ਰੇਨਿੰਗ ਚੱਲ ਰਹੀ। ਇਸ ਕਾਰਨ ਜਿੱਥੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ ਉੱਥੇ ਅਧਿਆਪਕ ਵਰਗ ਵੀ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਮਹੀਨੇ ਸਕੂਲਾਂ ਵਿੱਚ ਨਵਾਂ ਸੈਸ਼ਨ ਸ਼ੁਰੂ ਹੁੰਦਾ ਹੈ ਜਿਸ ਤਹਿਤ ਦਾਖ਼ਲਿਆਂ ਸਮੇਤ ਹੋਰ ਬਹੁਤ ਸਾਰਾ ਕੰਮ ਕਾਰਨ ਵਾਲਾ ਹੁੰਦਾ ਹੈ। ਪਰ ਵਿਭਾਗ ਦੁਆਰਾ ਅਧਿਆਪਕਾਂ ਨੂੰ ਪੜ੍ਹਾਉਣ ਤੋਂ ਹਟਾ ਕੇ ਟ੍ਰੇਨਿੰਗਾਂ ਕਰਨ ਲਗਾਇਆ ਹੋਇਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਵਿੱਦਿਅਕ ਸਰੋਕਾਰਾਂ ਤੋਂ ਪੂਰੀ ਤਰ੍ਹਾਂ ਮੁਨਕਰ ਹੋ ਚੁੱਕੀ ਹੈ। ਉਨ੍ਹਾਂ ਆਖਿਆ ਕਿ ਪਹਿਲਾਂ ਨਾਲੋਂ ਕਿਤੇ ਵੱਧ ਕੇ ਲਗਾਈਆਂ ਜਾ ਰਹੀਆਂ ਅਧਿਆਪਕਾਂ ਦੀਆਂ ਗੈਰ-ਵਿੱਦਿਅਕ ਡਿਊਟੀਆਂ ਜਿਵੇਂ ਕਿ ਬੀਐਲਓ ਡਿਊਟੀ ਦੇ ਤਹਿਤ ਵੋਟਰ ਸੂਚੀਆਂ ਦੀ ਸੁਧਾਈ, ਡਰੱਗ ਸੈਂਸਜ਼, ਜਨਗਣਨਾ, ਹੈਲਥ ਕਾਰਡ ਆਦਿ ਨੂੰ ਦੇਖਕੇ ਹੀ ਪਤਾ ਲੱਗ ਜਾਂਦਾ ਹੈ ਕਿ ਸਰਕਾਰ ਜਨਤਕ ਸਿੱਖਿਆ ਪ੍ਰਤੀ ਕਿੰਨੀ ਕੁ ਸੁਹਿਰਦ ਹੈ। ਪ੍ਰਸ਼ਾਸਨ ਦੁਆਰਾ ਮੌਕੇ ਤੇ ਜਥੇਬੰਦੀ ਦੀ ਮੀਟਿੰਗ ਏਡੀਸੀ ਸ਼ਹਿਰੀ ਵਿਕਾਸ ਨਵਰੀਤ ਕੌਰ ਸੇਖੋਂ ਨਾਲ ਕਰਵਾਈ ਗਈ ਜਿਸ ਵਿਚ ਅਧਿਆਪਕਾਂ ਦੀਆਂ ਮੰਗਾਂ ਜਿਵੇਂ ਕਿ ਕਪਲ ਕੇਸ ਅਤੇ ਮੈਡੀਕਲ ਪ੍ਰੋਬਲਮ ਕਾਰਨ ਡਿਊਟੀ ਤੋਂ ਛੋਟ, ਦੋ ਸਾਲ ਤੋਂ ਛੋਟੇ ਬੱਚਿਆਂ ਦੀਆਂ ਮਾਵਾਂ ਅਤੇ ਗਰਭਵਤੀ ਮਹਿਲਾਵਾਂ ਨੂੰ ਡਿਊਟੀ ਤੋਂ ਛੋਟ, ਕਿਸੇ ਵੀ ਸਕੂਲ ਵਿੱਚੋਂ 50 ਫੀਸਦ ਤੋਂ ਵੱਧ ਅਧਿਆਪਕਾਂ ਦੀ ਡਿਊਟੀ ਨਾ ਲਾਏ ਜਾਣ, ਸਿੰਗਲ ਪੇਰੈਂਟ ਨੂੰ ਡਿਊਟੀ ਤੋਂ ਛੋਟ, ਜਨਗਣਨਾ ਡਿਊਟੀ ਦੂਸਰੇ ਬਲਾਕਾਂ ਜਾਂ ਦੂਰ-ਦੁਰਾਡੇ ਨਾ ਲਗਾਉਣ ਅਤੇ ਜਨਗਣਨਾ ਡਿਊਟੀ ਸੰਬੰਧੀ ਐਸ.ਓ.ਪੀ ਜਾਰੀ ਕੀਤੇ ਜਾਣ ਦੀ ਮੰਗ ਦੇ ਨਾਲ- ਨਾਲ ਕਮਿਸ਼ਨਰ ਪਟਿਆਲਾ ਨਾਲ ਮੀਟਿੰਗ ਕਰਾਉਣ ਦੀ ਮੰਗ ਰੱਖੀ ਗਈ। ਜਿਸ ਬਾਰੇ ਉਨ੍ਹਾਂ ਭਰੋਸਾ ਦਿੱਤਾ ਕਿ ਅਗਲੇ ਦੋ ਦਿਨਾਂ ਵਿੱਚ ਡਿਪਟੀ ਕਮਿਸ਼ਨਰ ਨਾਲ ਗੱਲ ਕਰਕੇ ਮੀਟਿੰਗ ਫਿਕਸ ਕਰਵਾ ਦਿੱਤੀ ਜਾਵੇਗੀ। ਉਪਰੰਤ ਜਥੇਬੰਦੀ ਵੱਲੋਂ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਹਰਦੀਪ ਟੋਡਰਪੁਰ, ਰਾਮ ਸ਼ਰਨ, ਭਜਨ ਸਿੰਘ, ਹਰਿੰਦਰ ਪਟਿਆਲਾ, ਰਵਿੰਦਰ ਕੰਬੋਜ਼, ਜਗਜੀਤ ਸਿੰਘ ਜਟਾਣਾ, ਸਤਪਾਲ ਸਮਾਣਵੀ, ਹਰਵਿੰਦਰ ਬੇਲੂਮਾਜਰਾ, ਰਾਜੀਵ ਪਾਤੜਾਂ, ਗੁਰਪ੍ਰੀਤ ਸਿੰਘ ਨਾਭਾ, ਗੁਰਜੀਤ ਘੱਗਾ, ਭੁਪਿੰਦਰ ਸਿੰਘ ਮਰਦਾਂਹੇੜੀ, ਪਵਨ ਕੁਮਾਰ ਨਾਭਾ, ਪ੍ਰਿਤਪਾਲ ਸਿੰਘ, ਬਲਜਿੰਦਰ ਘੱਗਾ, ਜਗਤਾਰ ਰਾਮ, ਰਵਿੰਦਰ ਰਾਜਨ, ਬਲਜੀਤ ਖੁਰਮੀ, ਕੁਲਵਿੰਦਰ ਸਿੰਘ, ਚਮਕੌਰ ਸਿੰਘ, ਜਗਦੀਪ ਸਿੰਘ ਆਦਿ ਅਧਿਆਪਕ ਹਾਜ਼ਰ ਹੋਏ।