- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਸਬੰਧੀ ਅਧਿਕਾਰਤ ਨੋਟੀਫਿਕੇਸ਼ਨ ਰਾਜਪਾਲ ਦੇ ਪ੍ਰਮੁੱਖ ਸਕੱਤਰ ਵਿਵੇਕ ਪ੍ਰਤਾਪ ਸਿੰਘ ਵੱਲੋਂ ਜਾਰੀ ਕੀਤਾ ਗਿਆ ਹੈ। ਡਾ. ਗਿੱਲ ਦੀ ਚੋਣ ਯੂਨੀਵਰਸਿਟੀ ਐਕਟ 2019 ਦੀਆਂ ਧਾਰਾਵਾਂ ਤਹਿਤ ਮਿਲੀਆ ਸ਼ਕਤੀਆਂ ਦੀ ਵਰਤੋਂ ਕਰਦਿਆਂ ਕੀਤੀ ਗਈ ਹੈ।
ਸੀਨੀਅਰ ਰਿਪੋਰਟਰ,ਪੰਜਾਬੀ ਜਾਗਰਣ, ਪਟਿਆਲਾ। ਪੰਜਾਬ ਦੇ ਰਾਜਪਾਲ ਅਤੇ ਮਹਾਰਾਜਾ ਭੂਪਿੰਦਰ ਸਿੰਘ ਪੰਜਾਬ ਸਟੇਟ ਸਪੋਰਟਸ ਯੂਨੀਵਰਸਿਟੀ ਦੇ ਚਾਂਸਲਰ ਵੱਲੋਂ ਡਾ. ਪੁਸ਼ਪਿੰਦਰ ਸਿੰਘ ਗਿੱਲ ਨੂੰ ਯੂਨੀਵਰਸਿਟੀ ਦਾ ਨਵਾਂ ਵਾਈਸ-ਚਾਂਸਲਰ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਤਿੰਨ ਸਾਲਾਂ ਦੇ ਸਮੇਂ ਲਈ ਕੀਤੀ ਗਈ ਹੈ, ਜੋ ਉਨ੍ਹਾਂ ਦੇ ਅਹੁਦਾ ਸੰਭਾਲਣ ਦੀ ਮਿਤੀ ਤੋਂ ਪ੍ਰਭਾਵੀ ਹੋਵੇਗੀ।
ਇਸ ਸਬੰਧੀ ਅਧਿਕਾਰਤ ਨੋਟੀਫਿਕੇਸ਼ਨ ਰਾਜਪਾਲ ਦੇ ਪ੍ਰਮੁੱਖ ਸਕੱਤਰ ਵਿਵੇਕ ਪ੍ਰਤਾਪ ਸਿੰਘ ਵੱਲੋਂ ਜਾਰੀ ਕੀਤਾ ਗਿਆ ਹੈ। ਡਾ. ਗਿੱਲ ਦੀ ਚੋਣ ਯੂਨੀਵਰਸਿਟੀ ਐਕਟ 2019 ਦੀਆਂ ਧਾਰਾਵਾਂ ਤਹਿਤ ਮਿਲੀਆ ਸ਼ਕਤੀਆਂ ਦੀ ਵਰਤੋਂ ਕਰਦਿਆਂ ਕੀਤੀ ਗਈ ਹੈ।
ਅਕਾਦਮਿਕ ਅਤੇ ਪ੍ਰਬੰਧਕੀ ਤਜ਼ਰਬਾ
ਡਾ. ਪੁਸ਼ਪਿੰਦਰ ਸਿੰਘ ਗਿੱਲ ਕੋਲ ਅਕਾਦਮਿਕ, ਖੋਜ ਅਤੇ ਪ੍ਰਬੰਧਨ ਦੇ ਖੇਤਰ ਵਿੱਚ 36 ਸਾਲਾਂ ਤੋਂ ਵੱਧ ਦਾ ਲੰਬਾ ਤਜ਼ਰਬਾ ਹੈ। ਉਹ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਕੂਲ ਆਫ਼ ਮੈਨੇਜਮੈਂਟ ਸਟੱਡੀਜ਼ ਵਿੱਚ ਬਤੌਰ ਪ੍ਰੋਫੈਸਰ ਸੇਵਾਮੁਕਤ ਹੋਏ ਹਨ। ਉਨ੍ਹਾਂ ਨੇ ਉੱਥੇ 23 ਸਾਲਾਂ ਤੋਂ ਵੱਧ ਸਮਾਂ ਪ੍ਰੋਫੈਸਰ ਵਜੋਂ ਸੇਵਾ ਨਿਭਾਈ ਹੈ।
ਇਸ ਤੋਂ ਇਲਾਵਾ, ਉਨ੍ਹਾਂ ਕੋਲ ਅੰਤਰਰਾਸ਼ਟਰੀ ਕਾਰਪੋਰੇਟ ਜਗਤ ਦਾ ਵੀ ਵੱਡਾ ਤਜ਼ਰਬਾ ਹੈ। ਸਾਲ 1999 ਤੋਂ 2001 ਦਰਮਿਆਨ ਉਨ੍ਹਾਂ ਨੇ ਅਫਰੀਕੀ ਦੇਸ਼ਾਂ (ਯੂਗਾਂਡਾ, ਕੀਨੀਆ, ਇਥੋਪੀਆ ਅਤੇ ਨਾਈਜੀਰੀਆ) ਵਿੱਚ ਕੋਕਾ-ਕੋਲਾ ਕੰਪਨੀ ਦੇ ਚੀਫ ਐਗਜ਼ੀਕਿਊਟਿਵ ਅਫਸਰ ਵਜੋਂ ਵੀ ਕੰਮ ਕੀਤਾ ਹੈ।
ਡਾ. ਗਿੱਲ ਨੇ ਅਕਾਦਮਿਕ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾਇਆ ਹੈ।ਉਨ੍ਹਾਂ ਦੇ 84 ਖੋਜ ਪੱਤਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਜਰਨਲਾਂ ਵਿੱਚ ਪ੍ਰਕਾਸ਼ਿਤ ਹੋ ਚੁੱਕੇ ਹਨ।
ਉਨ੍ਹਾਂ ਨੇ 10 ਪੁਸਤਕਾਂ ਲਿਖੀਆਂ ਹਨ, ਜਿਨ੍ਹਾਂ ਵਿੱਚ 'ਦ ਪੰਜਾਬ ਦੈਟ ਵਾਜ਼ ਨਾਟ' (ਤਿੰਨ ਭਾਗ) ਅਤੇ ਮੈਨੇਜਮੈਂਟ ਵਿਸ਼ੇ 'ਤੇ ਲਿਖੀਆਂ ਕਿਤਾਬਾਂ ਕਾਫ਼ੀ ਚਰਚਿਤ ਹਨ।ਉਹ ਹੁਣ ਤੱਕ 30 ਪੀਐਚ.ਡੀ.ਵਿਦਿਆਰਥੀਆਂ ਦੀ ਸਫਲਤਾਪੂਰਵਕ ਅਗਵਾਈ ਕਰ ਚੁੱਕੇ ਹਨ।ਵੱਖ-ਵੱਖ ਰਾਜਾਂ (ਰਾਜਸਥਾਨ, ਹਿਮਾਚਲ, ਉੱਤਰਾਖੰਡ ਅਤੇ ਪੰਜਾਬ) ਦੇ ਪਬਲਿਕ ਸਰਵਿਸ ਕਮਿਸ਼ਨਾਂ ਵਿੱਚ ਬਤੌਰ ਮਾਹਿਰ ਆਪਣੀਆਂ ਸੇਵਾਵਾਂ ਦਿੱਤੀਆਂ ਹਨ।
ਆਪਣੀ ਨਿਯੁਕਤੀ 'ਤੇ ਡਾ. ਗਿੱਲ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਉਦੇਸ਼ ਮਹਾਰਾਜਾ ਭੂਪਿੰਦਰ ਸਿੰਘ ਪੰਜਾਬ ਸਟੇਟ ਸਪੋਰਟਸ ਯੂਨੀਵਰਸਿਟੀ ਨੂੰ ਦੇਸ਼ ਦੀ ਇੱਕ ਮੋਹਰੀ ਸੰਸਥਾ ਵਜੋਂ ਸਥਾਪਿਤ ਕਰਨਾ ਹੈ। ਉਹ ਖੇਡ ਸਿੱਖਿਆ, ਉੱਚ-ਪੱਧਰੀ ਸਿਖਲਾਈ ਅਤੇ ਵਿਗਿਆਨਕ ਖੋਜਾਂ ਰਾਹੀਂ ਅਜਿਹਾ ਮਾਹੌਲ ਸਿਰਜਣਾ ਚਾਹੁੰਦੇ ਹਨ ਜਿੱਥੇ ਖਿਡਾਰੀ ਅਤੇ ਕੋਚ ਮਿਲ ਕੇ ਪੰਜਾਬ ਅਤੇ ਦੇਸ਼ ਦਾ ਨਾਮ ਕੌਮਾਂਤਰੀ ਪੱਧਰ 'ਤੇ ਰੌਸ਼ਨ ਕਰ ਸਕਣ।
ਉਨ੍ਹਾਂ ਦੀ ਇਸ ਨਿਯੁਕਤੀ ਨਾਲ ਉਮੀਦ ਜਤਾਈ ਜਾ ਰਹੀ ਹੈ ਕਿ ਖੇਡ ਯੂਨੀਵਰਸਿਟੀ ਨੂੰ ਉਨ੍ਹਾਂ ਦੇ ਅਕਾਦਮਿਕ ਅਤੇ ਕਾਰਪੋਰੇਟ ਤਜ਼ਰਬੇ ਦਾ ਵੱਡਾ ਲਾਭ ਮਿਲੇਗਾ।