ਸਰਵੋਤਮ ਜ਼ਿਲ੍ਹਾ ਮੈਜਿਸਟ੍ਰੇਟਾਂ ਦੀ ਸੂਚੀ 'ਚ ਡਾ. ਹਿਮਾਂਸ਼ੂ ਅਗਰਵਾਲ ਨੇ ਬਣਾਈ ਥਾਂ
ਸਰਵੋਤਮ ਜ਼ਿਲ੍ਹਾ ਮੈਜਿਸਟ੍ਰੇਟਾਂ ਦੀ ਸੂਚੀ 'ਚ ਆਈ.ਏ.ਐੱਸ. ਡਾ. ਹਿਮਾਂਸ਼ੂ ਅਗਰਵਾਲ ਨੇ ਬਣਾਈ ਥਾਂ
Publish Date: Wed, 20 May 2026 07:09 PM (IST)
Updated Date: Wed, 20 May 2026 07:13 PM (IST)

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਫੇਮ ਇੰਡੀਆ ਮੈਗਜ਼ੀਨ ਵੱਲੋਂ ਦੇਸ਼ ਦੇ 100 ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਜ਼ਿਲ੍ਹਾ ਮੈਜਿਸਟ੍ਰੇਟਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਇਸ ਸਰਵੇਖਣ ਵਿਚ ਪੰਜਾਬ ਦੇ ਪ੍ਰਸ਼ਾਸਨਿਕ ਅਧਿਕਾਰੀ (ਆਈ ਏ ਐਸ) ਡਾ. ਹਿਮਾਂਸ਼ੂ ਅਗਰਵਾਲ ਨੇ ਵੀ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਸਦਕਾ ਵਿਸ਼ੇਸ਼ ਸਥਾਨ ਹਾਸਲ ਕੀਤਾ ਹੈ। ਮੈਗਜ਼ੀਨ ਆਪਣੇ ਆਉਣ ਵਾਲੇ 2026 ਦੇ ਵਿਸ਼ੇਸ਼ ਐਡੀਸ਼ਨ ਵਿੱਚ ਦੇਸ਼ ਦੇ 25 ਸਭ ਤੋਂ ਉੱਘੇ ਜ਼ਿਲ੍ਹਾ ਮੈਜਿਸਟ੍ਰੇਟਾਂ ਨੂੰ ਫੀਚਰ ਕਰਨ ਜਾ ਰਿਹਾ ਹੈ। ਫੇਮ ਇੰਡੀਆ ਅਤੇ ਏਸ਼ੀਆ ਪੋਸਟ ਏਜੰਸੀ ਵੱਲੋਂ ਸਾਂਝੇ ਤੌਰ ਤੇ ਦੇਸ਼ ਦੇ ਲਗਭਗ 800 ਜ਼ਿਲ੍ਹਿਆਂ ਵਿਚ ਇਕ ਵਿਆਪਕ ਸਰਵੇਖਣ ਕੀਤਾ ਗਿਆ ਸੀ। ਇਸ ਸਰਵੇਖਣ ਦਾ ਮੁੱਖ ਉਦੇਸ਼ ਚੁਣੌਤੀਪੂਰਨ ਹਾਲਾਤਾਂ ਵਿਚ ਲੋਕ ਸੇਵਾ ਦੇ ਖੇਤਰ ਵਿਚ ਸ਼ਾਨਦਾਰ ਲੀਡਰਸ਼ਿਪ ਦਿਖਾਉਣ ਵਾਲੇ ਅਧਿਕਾਰੀਆਂ ਨੂੰ ਉਤਸ਼ਾਹਿਤ ਕਰਨਾ ਅਤੇ ਉਨ੍ਹਾਂ ਦਾ ਸਨਮਾਨ ਕਰਨਾ ਹੈ। ਸ਼ੁਰੂਆਤੀ ਨਤੀਜਿਆਂ ਵਿਚ ਦੇਸ਼ ਭਰ ਦੇ 100 ਸਰਵੋਤਮ ਅਧਿਕਾਰੀਆਂ ਨੂੰ ਚੁਣਿਆ ਗਿਆ ਹੈ, ਜਿਨ੍ਹਾਂ ’ਚੋਂ ਸਭ ਤੋਂ ਪ੍ਰਭਾਵਸ਼ਾਲੀ ਅਧਿਕਾਰੀਆਂ ਦੀਆਂ ਪ੍ਰਾਪਤੀਆਂ ਨੂੰ ਮੈਗਜ਼ੀਨ ਦੇ ਵਿਸ਼ੇਸ਼ ਅੰਕ ਬੈਸਟ ਡਿਸਟ੍ਰਿਕਟ ਮੈਜਿਸਟ੍ਰੇਟਸ 2026 ਵਿਚ ਪ੍ਰਕਾਸ਼ਿਤ ਕੀਤਾ ਜਾਵੇਗਾ। ਫੇਮ ਇੰਡੀਆ ਮੁਤਾਬਕ ਅਧਿਕਾਰੀਆਂ ਦੀ ਚੋਣ ਕਿਸੇ ਇਕ ਪੱਖ ਨੂੰ ਦੇਖ ਕੇ ਨਹੀਂ, ਬਲਕਿ 10 ਅਹਿਮ ਪੈਮਾਨਿਆਂ ਤੇ ਪਰਖ ਕੇ ਕੀਤੀ ਗਈ ਹੈ ਜਿਸ ਵਿਚ ਵਿਲੱਖਣ ਪ੍ਰਸ਼ਾਸਨਿਕ ਸਮਰੱਥਾ, ਪ੍ਰਭਾਵਸ਼ਾਲੀ ਸ਼ਾਸਨ,ਦੂਰਦਰਸ਼ਤਾ ਅਤੇ ਨਵੀਨਤਾ, ਜਵਾਬਦੇਹ ਕਾਰਜਸ਼ੈਲੀ,ਤੁਰੰਤ ਫੈਸਲੇ ਲੈਣ ਦੀ ਯੋਗਤਾ,ਸੰਕਟ ਪ੍ਰਬੰਧਨ ਦੇ ਹੁਨਰ (ਕ੍ਰਾਈਸਿਸ ਮੈਨੇਜਮੈਂਟ), ਸੰਵੇਦਨਸ਼ੀਲਤਾ ਅਤੇ ਗੰਭੀਰਤਾ, ਆਪਸੀ ਤਾਲਮੇਲ ਦੇ ਹੁਨਰ, ਜਨਤਕ ਸਬੰਧ ਅਤੇ ਸੰਚਾਰ ਯੋਗਤਾ, ਵਿਕਾਸ-ਮੁਖੀ ਸੋਚ ਨੂੰ ਦੇਖਿਆ ਜਾਂਦਾ ਹੈ। ਆਪਣੇ ਕਾਰਜਕਾਲ ਦੌਰਾਨ ਪ੍ਰਸ਼ਾਸਨ, ਨਵੀਨਤਾ ਅਤੇ ਲੋਕ ਸੇਵਾ ਵਿਚ ਮਿਸਾਲੀ ਕੰਮ ਕਰਨ ਬਦਲੇ ਆਈ.ਏ.ਐਸ. ਡਾ. ਹਿਮਾਂਸ਼ੂ ਅਗਰਵਾਲ ਨੇ ਇਸ ਵੱਕਾਰੀ ਸੂਚੀ ਵਿਚ ਥਾਂ ਬਣਾ ਕੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ।