ਨਵ-ਨਿਯੁਕਤ ਡੀਸੀ ਅਗਰਵਾਲ ਦਾ ਕੀਤਾ ਸਨਮਾਨ
ਨਵ ਨਿਯੁਕਤ ਡੀਸੀ ਅਗਰਵਾਲ ਦਾ ਕੀਤਾ ਸਨਮਾਨ
Publish Date: Thu, 23 Apr 2026 08:11 PM (IST)
Updated Date: Thu, 23 Apr 2026 08:13 PM (IST)

ਖ਼ੂਨਦਾਨ ਸੇਵਾ ’ਚ ਪਟਿਆਲਵੀਆਂ ਦਾ ਵੱਡਮੁੱਲਾ ਯੋਗਦਾਨ : ਡਾ. ਅਗਰਵਾਲ ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, •ਪਟਿਆਲਾ : ਜ਼ਿਲ੍ਹੇ ਦੇ ਨਵ-ਨਿਯੁਕਤ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੂੰ ਮਿਸ਼ਨ ਲਾਲੀ ਤੇ ਹਰਿਆਲੀ ਗਰੁੱਪ ਵੱਲੋਂ ਫੁੱਲਾਂ ਦੇ ਬੁੱਕੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਿਸ਼ਨ ਦੇ ਮੋਢੀ ਤੇ ਮਾਸਟਰ ਮੋਟੀਵੇਟਰ ਹਰਦੀਪ ਸਿੰਘ ਸਨੌਰ, ਸੀਨੀਅਰ ਆਗੂ ਜਥੇਦਾਰ ਕਰਨ ਸਿੰਘ ਜੌਲੀ, ਯੂਥ ਆਗੂ ਹਰਮੀਤ ਸਿੰਘ ਬਡੂੰਗਰ, ਗੋਲਡਨ ਸਟਾਰ ਬਲੱਡ ਡੋਨਰ ਸੁਖਦੀਪ ਸਿੰਘ ਸੋਹਲ, ਠੇਕੇਦਾਰ ਗੁਰਬਚਨ ਸਿੰਘ, ਅਮਿਤ ਦੂਬੇ ਤੇ ਹਰਮਿੰਦਰ ਸਿੰਘ ਢੀਂਡਸਾ ਵੀ ਹਾਜ਼ਰ ਸਨ। ਇਸ ਮੌਕੇ ਹਰਦੀਪ ਸਿੰਘ ਸਨੌਰ ਨੇ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਪਟਿਆਲਾ ਡਿਸਟ੍ਰਿਕਟ ਬਲੱਡ ਟਰਾਂਸਫਿਊਜ਼ਨ ਕੌਂਸਲ ਡਾ. ਅਗਰਵਾਲ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਰੁੱਪ ਵੱਲੋਂ ਪਿਛਲੇ 20 ਸਾਲਾਂ ਤੋਂ ਖ਼ੂਨਦਾਨ ਸੇਵਾ ਕੀਤੀ ਜਾ ਰਹੀ ਹੈ ਅਤੇ ਪਿਛਲੇ 14 ਸਾਲਾਂ ਤੋਂ ਹਰ ਮਹੀਨੇ ਦੀ 5 ਅਤੇ 20 ਤਰੀਕ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਦੇ ਬਲੱਡ ਸੈਂਟਰ ਵਿਚ ਖ਼ੂਨਦਾਨ ਕੈਂਪ ਲਾਇਆ ਜਾਂਦਾ ਹੈ। ਇਸੇ ਲੜੀ ਤਹਿਤ 5 ਮਈ ਨੂੰ 15ਵੇਂ ਸਾਲ ਦੀ ਸ਼ੁਰੂਆਤ ਮੌਕੇ ਵਲੰਟੀਅਰਾਂ ਨੂੰ ਆਸ਼ੀਰਵਾਦ ਦੇਣ ਲਈ ਸੱਦਾ ਪੱਤਰ ਵੀ ਸੌਂਪਿਆ, ਜਿਸ ’ਤੇ ਡਾ. ਅਗਰਵਾਲ ਨੇ ਆਉਣ ਦੀ ਹਰ ਸੰਭਵ ਕੋਸ਼ਿਸ਼ ਕਰਨ ਦਾ ਭਰੋਸਾ ਦਿਵਾਇਆ ਅਤੇ ਕਿਹਾ ਕਿ ਖ਼ੂਨਦਾਨ ਸੇਵਾ ਵਿਚ ਪਟਿਆਲਵੀਆਂ ਦਾ ਵੱਡਮੁੱਲਾ ਯੋਗਦਾਨ ਹੈ, ਕਿਉਂਕਿ ਇਹ ਇੱਕ ਅਜਿਹਾ ਦਾਨ ਹੈ, ਜੋ ਕਿਸੇ ਮਰੀਜ਼ ਦੀ ਜਾਨ ਬਚਾਅ ਸਕਦਾ ਹੈ।