ਪਟਿਆਲਾ ’ਚ 2003 ਦੀਆਂ ਵੋਟਰ ਸੂਚੀਆਂ ਨਾਲ ਮਿਲਾਣ ਮੁਕੰਮਲ : ਡਾ.ਅਗਰਵਾਲ
ਡੀਸੀ ਨੇ ਐਸ.ਆਈ.ਆਰ. ਬਾਰੇ ਰਾਜਸੀ ਪਾਰਟੀਆਂ ਦੇ ਨੁਮਾਇੰਦਿਆ ਨਾਲ ਕੀਤੀ ਮੀਟਿੰਗ
Publish Date: Wed, 27 May 2026 06:01 PM (IST)
Updated Date: Wed, 27 May 2026 06:04 PM (IST)

ਸੀਨੀਅਰ ਰਿਪੋਰਟਰ•, ਪੰਜਾਬੀ ਜਾਗਰਣ, •ਪਟਿਆਲਾ : ਭਾਰਤੀ ਚੋਣ ਕਮਿਸ਼ਨ ਵਲੋਂ ਵੋਟਰ ਸੂਚੀਆਂ ਦੀ ਕਰਵਾਈ ਜਾਣ ਵਾਲੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.) ਸਬੰਧੀ ਅੱਜ ਪਟਿਆਲਾ ਦੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹੇ ਵਿਚ ਸਮੂਹ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਕਰਕੇ ਐੱਸਆਈਆਰ ਸਬੰਧੀ ਆਪਣੇ ਬੂਥ ਲੈਵਲ ਏਜੰਟ (ਬੀਐੱਲਏ) ਲਗਾਉਣ ਦੀ ਅਪੀਲ ਕੀਤੀ। ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਦਾ ਉਦੇਸ਼ ਹਰੇਕ ਯੋਗ ਨਾਗਰਿਕ ਨੂੰ ਵੋਟਰ ਸੂਚੀ ’ਚ ਸ਼ਾਮਲ ਕਰਨਾ ਅਤੇ ਅਯੋਗ ਵਿਅਕਤੀਆਂ ਨੂੰ ਸੂਚੀ ਵਿੱਚੋਂ ਬਾਹਰ ਕਰਨਾ ਹੈ। ਉਨ੍ਹਾਂ ਕਿਹਾ ਕਿ ਦੋਹਰੀ ਵੋਟ ਰੱਖਣਾ ਭਾਰਤੀ ਸੰਵਿਧਾਨ ਅਨੁਸਾਰ ਅਪਰਾਧ ਹੈ, ਜਿਸ ਲਈ ਸਮੂਹ ਸਿਆਸੀ ਪਾਰਟੀਆਂ ਇਸ ਮਕਸਦ ਲਈ ਆਪਣਾ ਸਹਿਯੋਗ ਦੇਣ। ਬੈਠਕ ਤੋਂ ਬਾਅਦ ਐਸ.ਆਈ.ਆਰ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.) ਅਧੀਨ ਪੰਜਾਬ ਰਾਜ ’ਚ 25 ਜੂਨ, 2026 ਤੋਂ 24 ਜੁਲਾਈ, 2026 ਤੱਕ ਬੀਐਲਓਜ਼ ਘਰੋਂ-ਘਰੀਂ ਜਾ ਕੇ ਵੋਟਰਜ਼ ਦੇ ਫਾਰਮ ਭਰਵਾਉਣਗੇ। ਇਸ ਕਾਰਜ ਲਈ ਜ਼ਿਲ੍ਹੇ ਅੰਦਰ 1786 ਬੀਐਲਓਜ਼, 185 ਸੁਪਰਵਾਈਜ਼ਰ, 8 ਈਆਰਓਜ਼ ਅਤੇ 16 ਏਈਆਰਓਜ਼ ਸਮੇਤ ਪੂਰਾ ਚੋਣ ਅਮਲਾ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਐਸ.ਆਈ.ਆਰ. ਸਬੰਧੀ ਬੀਐਲਓਜ਼ ਨੂੰ ਟ੍ਰੇਨਿੰਗ ਦੇਣ ਅਤੇ ਹੋਰ ਤਿਆਰੀਆਂ ਸਬੰਧੀ ਕੰਮ 15 ਜੂਨ, 2026 ਤੋਂ 24 ਜੂਨ, 2026 ਤੱਕ ਕੀਤਾ ਜਾਵੇਗਾ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਸਾਲ 2003 ’ਚ ਵੀ ਪੰਜਾਬ ਵਿੱਚ ਐਸ.ਆਈ.ਆਰ. ਹੋਈ ਸੀ। ਉਸ ਐਸ.ਆਈ.ਆਰ. ਨੂੰ ਆਧਾਰ ਮੰਨ ਕੇ ਮੌਜੂਦਾ ਐਸ.ਆਈ.ਆਰ. ਕੀਤੀ ਜਾ ਰਹੀ ਹੈ, ਇਸੇ ਅਧਾਰ ਉਪਰ ਪਟਿਆਲਾ ਅੰਦਰ 82.82 ਫ਼ੀਸਦੀ ਮੈਪਿੰਗ ਹੋ ਚੁੱਕੀ ਹੈ। ਜ਼ਿਲ੍ਹਾ ਚੋਣ ਅਫ਼ਸਰ ਨੇ ਸਿਆਸੀ ਪਾਰਟੀਆਂ ਨੂੰ ਐੱਸਆਈਆਰ ਸਬੰਧੀ ਦੱਸਿਆ ਕਿ ਐੱਸਆਈਆਰ ਸਬੰਧੀ ਬੂਥ ਲੈਵਲ ਏਜੰਟ (ਬੀ.ਐਲ.ਏ.) ਦੀਆਂ ਨਿਯੁਕਤੀਆਂ ਜਲਦ ਤੋਂ ਜਲਦ ਕਰ ਦੇਣ ਤਾਂ ਜੋ ਇਨ੍ਹਾਂ ਬੀਐੱਲਏਜ਼ ਨੂੰ ਬੀਐੱਲਓਜ਼ ਦੇ ਨਾਲ ਹੀ ਸਮਾਂ ਰਹਿੰਦਿਆਂ ਟ੍ਰੇਨਿੰਗ ਦਿੱਤੀ ਜਾ ਸਕੇ। ਉਨ੍ਹਾਂ ਰਾਜਨੀਤਿਕ ਪਾਰਟੀਆਂ ਨੂੰ ਕਿਹਾ ਕਿ ਬੀ.ਐਲ.ਏ.-1 ਦੀ ਨਿਯੁਕਤੀ ਸਬੰਧੀ ਵੀ ਪ੍ਰਕਿਰਿਆ ਨੂੰ ਵੀ ਜਲਦ ਮੁਕੰਮਲ ਕਰ ਲਿਆ ਜਾਵੇ। ਉਨ੍ਹਾਂ ਕਿਹਾ ਕਿ ਐੱਸਆਈਆਰ ਦੀ ਸਮੁੱਚੀ ਪ੍ਰਕਿਰਿਆ ਦੌਰਾਨ ਦਫ਼ਤਰ ਜ਼ਿਲ੍ਹਾ ਚੋਣ ਅਫ਼ਸਰ ਰਾਜਨੀਤਿਕ ਪਾਰਟੀਆਂ ਨਾਲ ਲਗਾਤਾਰ ਸੰਪਰਕ ਵਿਚ ਰਹੇਗਾ। ਇਸ ਮੌਕੇ ਉਨ੍ਹਾਂ ਵੋਟ ਸਬੰਧੀ ਅਧਿਕਾਰੀ ਬਾਰੇ ਵੀ ਰਾਜਨੀਤਿਕ ਪਾਰਟੀਆਂ ਨੂੰ ਜਾਣੂ ਕਰਵਾਇਆ। ਮੀਟਿੰਗ ਦੌਰਾਨ ਰਾਜਨੀਤਿਕ ਪਾਰਟੀਆਂ ਵੱਲੋ ਐੱਸਆਈਆਰ ਸਬੰਧੀ ਕੁਝ ਸ਼ੰਕੇ ਪ੍ਰਗਟਾਏ ਗਏ ਜਿਨ੍ਹਾਂ ਨੂੰ ਡਾ. ਹਿਮਾਂਸ਼ੂ ਅਗਰਵਾਲ ਨੇ ਦੂਰ ਕਰਦਿਆਂ ਭਰੋਸਾ ਦਵਾਇਆ ਕਿ ਐੱਸਆਈਆਰ ਦੀ ਸਮੁੱਚੀ ਪ੍ਰਕਿਰਿਆ ਪਾਰਦਰਸ਼ੀ ਢੰਗ ਨਾਲ ਹੀ ਨੇਪਰੇ ਚਾੜ੍ਹੀ ਜਾਵੇਗੀ। ਉਨ੍ਹਾਂ ਕਿਹਾ ਕਿ ਵੋਟਰਾਂ ਤੇ ਸਿਆਸੀ ਪਾਰਟੀਆਂ ਦੀ ਸਹੂਲਤ ਲਈ ਐੱਸਆਈਆਰ ਦੌਰਾਨ 1950 ਟੋਲ-ਫਰੀ ਨੰਬਰ ਲਗਾਤਾਰ ਕੰਮ ਕਰੇਗਾ ਅਤੇ ਜ਼ਿਲ੍ਹਾ ਪੱਧਰ ‘ਤੇ ਹੈਲਪ ਡੈਸਕ ਵੀ ਸਥਾਪਤ ਕੀਤਾ ਜਾ ਰਿਹਾ ਹੈ ਜੋ ਲੋਕਾਂ ਨੂੰ ਫੈਸਿਲੀਟੇਟਰ ਕਰਨਗੇ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਸਾਰੇ ਯੋਗ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਬੀਐੱਲਓਜ਼ ਨੂੰ ਲੋੜੀਂਦੀ ਜਾਣਕਾਰੀ ਤੇ ਦਸਤਾਵੇਜ ਉਪਲੱਬਧ ਕਰਵਾਉਣ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵੋਟਰਾਂ ਦੀ ਮੈਪਿੰਗ ਸਾਲ 2003 ਦੀ ਵੋਟਰ ਸੂਚੀ ਨਾਲ ਨਹੀਂ ਹੋ ਪਾਈ ਹੈ, ਉਨ੍ਹਾਂ ਨੂੰ ਭਾਰਤੀ ਚੋਣ ਕਮਿਸ਼ਨ ਵੱਲੋਂ ਅਧਿਕਾਰਤ ਦਸਤਾਵੇਜ ਦਿਖਾਉਣੇ ਹੋਣਗੇ। ਉਨ੍ਹਾਂ ਦੱਸਿਆ ਕਿ ਜ਼ਿਨ੍ਹਾਂ ਦਸਤਾਵੇਜਾਂ ’ਚ ਕਿਸੇ ਵੀ ਕੇਂਦਰੀ/ਰਾਜ ਸਰਕਾਰ/ਪੀਐਸਯੂ ਦੇ ਨਿਯਮਤ ਕਰਮਚਾਰੀ/ਪੈਨਸ਼ਨਰ ਨੂੰ ਜਾਰੀ ਕੀਤਾ ਗਿਆ ਕੋਈ ਵੀ ਪਛਾਣ ਪੱਤਰ/ਪੈਨਸ਼ਨ ਭੁਗਤਾਨ ਆਦੇਸ਼, ਭਾਰਤ ਵਿੱਚ ਸਰਕਾਰੀ/ਸਥਾਨਕ ਅਧਿਕਾਰੀਆਂ/ਬੈਂਕਾਂ/ਡਾਕਘਰ/ਐਲਆਈਸੀ, ਪੀਐਸਯੂ ਦੁਆਰਾ ਜਾਰੀ ਕੀਤਾ ਗਿਆ ਕੋਈ ਵੀ ਪਛਾਣ ਪੱਤਰ/ਪ੍ਰਮਾਣ ਪੱਤਰ/ਦਸਤਾਵੇਜ਼, ਯੋਗ ਅਧਿਕਾਰੀ ਦੁਆਰਾ ਜਾਰੀ ਕੀਤੇ ਗਏ ਜਨਮ ਸਰਟੀਫਿਕੇਟ, ਪਾਸਪੋਰਟ, ਮਾਨਤਾ ਪ੍ਰਾਪਤ ਬੋਰਡਾਂ/ਯੂਨੀਵਰਸਿਟੀਆਂ ਦੁਆਰਾ ਜਾਰੀ ਕੀਤੇ ਗਏ ਮੈਟ੍ਰਿਕੂਲੇਸ਼ਨ/ਸਿੱਖਿਆ ਸਰਟੀਫਿਕੇਟ, ਯੋਗ ਰਾਜ ਅਧਿਕਾਰੀ ਦੁਆਰਾ ਜਾਰੀ ਕੀਤੇ ਗਏ ਸਥਾਈ ਨਿਵਾਸ ਸਰਟੀਫਿਕੇਟ, ਜੰਗਲ ਅਧਿਕਾਰ ਸਰਟੀਫਿਕੇਟ, ਓਬੀਸੀ, ਐਸ.ਸੀ, ਐਸ.ਟੀ ਜਾਂ ਯੋਗ ਰਾਜ ਅਧਿਕਾਰੀ ਦੁਆਰਾ ਜਾਰੀ ਕੀਤਾ ਗਿਆ ਕੋਈ ਵੀ ਜਾਤੀ ਸਰਟੀਫਿਕੇਟ, ਨਾਗਰਿਕਾਂ ਦਾ ਰਾਸ਼ਟਰੀ ਰਜਿਸਟਰ (ਜਿੱਥੇ ਵੀ ਇਹ ਮੌਜੂਦ ਹੈ), ਪਰਿਵਾਰ ਰਜਿਸਟਰ, ਰਾਜ/ਸਥਾਨਕ ਅਧਿਕਾਰੀਆਂ ਦੁਆਰਾ ਤਿਆਰ ਕੀਤਾ ਗਿਆ ਅਤੇ ਸਰਕਾਰ ਦੁਆਰਾ ਕੋਈ ਵੀ ਜ਼ਮੀਨ/ਮਕਾਨ ਅਲਾਟਮੈਂਟ ਸਰਟੀਫਿਕੇਟ ਸ਼ਾਮਲ ਹਨ।