ਯੂਨੀਵਰਸਿਟੀ ਕੈਂਪਸ ਵਿਚ ਕੁੱਲ 14 ਮੈੱਸ ਹਨ, ਜਿਨ੍ਹਾਂ ਵਿੱਚੋਂ 7 ਲੜਕਿਆਂ ਦੇ ਹੋਸਟਲ ਵਿਚ ਹਨ। ਇਹ ਮੈੱਸ 'ਕੋ-ਆਪਰੇਟਿਵ ਸਿਸਟਮ' ਤਹਿਤ ਖੁਦ ਵਿਦਿਆਰਥੀਆਂ ਦੁਆਰਾ ਚਲਾਈਆਂ ਜਾਂਦੀਆਂ ਹਨ। ਦੂਜੇ ਪਾਸੇ, ਲੜਕੀਆਂ ਦੇ ਹੋਸਟਲ ਦੀਆਂ ਮੈੱਸ ਠੇਕੇਦਾਰਾਂ ਵੱਲੋਂ ਚਲਾਈਆਂ ਜਾ ਰਹੀਆਂ ਹਨ।

ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ : ਗੈਸ ਸਿਲੰਡਰਾਂ ਦੀ ਸਪਲਾਈ ਵਿਚ ਆਈ ਕਮੀ ਦਾ ਸਿੱਧਾ ਅਸਰ ਹੁਣ ਵਿਦਿਅਕ ਅਦਾਰਿਆਂ ਵਿਚ ਵੀ ਦੇਖਣ ਨੂੰ ਮਿਲ ਰਿਹਾ ਹੈ। ਸੂਬੇ ਦੀ ਪ੍ਰਮੁੱਖ ਪੰਜਾਬੀ ਯੂਨੀਵਰਸਿਟੀ ਦੇ ਕੈਂਪਸ ਵਿਚ ਸਿਲੰਡਰਾਂ ਦੀ ਭਾਰੀ ਕਿੱਲਤ ਕਾਰਨ ਹੋਸਟਲ ਮੈੱਸ ਤੇ ਕੰਟੀਨ ਮਾਲਕਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਾਣਾ ਤਿਆਰ ਕਰਨ ਲਈ ਵਰਤੀ ਜਾਣ ਵਾਲੀ ਐੱਲਪੀਜੀ ਦੀ ਸਪਲਾਈ ਠੱਪ ਹੋਣ ਕਾਰਨ ਹੁਣ ਕੈਂਪਸ ਵਿਚ ਮੁੜ ਪੁਰਾਣੇ ਦੌਰ ਵਾਂਗ ਡੀਜ਼ਲ ਭੱਠੀਆਂ ਤੇ ਸਟੋਵ ਦਾ ਸਹਾਰਾ ਲਿਆ ਜਾ ਰਿਹਾ ਹੈ। ਯੂਨੀਵਰਸਿਟੀ ਕੈਂਪਸ ਵਿੱਚ ਚੱਲ ਰਹੀਆਂ ਕੰਟੀਨਾਂ ਦੇ ਮਾਲਕਾਂ ਦਾ ਕਹਿਣਾ ਹੈ ਕਿ ਗੈਸ ਸਿਲੰਡਰ ਨਾ ਮਿਲਣ ਕਾਰਨ ਉਨ੍ਹਾਂ ਕੋਲ ਡੀਜ਼ਲ ਭੱਠੀਆਂ ਚਲਾਉਣ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਿਆ। ਕਈ ਕੰਟੀਨ ਮਾਲਕਾਂ ਨੂੰ ਤਾਂ ਐਮਰਜੈਂਸੀ ਹਾਲਤ ਵਿਚ ਨਵੀਆਂ ਭੱਠੀਆਂ ਖਰੀਦਣੀਆਂ ਪਈਆਂ ਹਨ। ਵੱਡੇ ਪੱਧਰ 'ਤੇ ਖਾਣਾ ਬਣਾਉਣ ਲਈ ਭੱਠੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ, ਜਦਕਿ ਚਾਹ ਅਤੇ ਹੋਰ ਛੋਟੇ ਕੰਮਾਂ ਲਈ ਸਟੋਵ ਚਲਾਏ ਜਾ ਰਹੇ ਹਨ। ਕੰਟੀਨ ਸੰਚਾਲਕਾਂ ਮੁਤਾਬਕ, ਡੀਜ਼ਲ ਮਹਿੰਗਾ ਹੋਣ ਕਾਰਨ ਉਨ੍ਹਾਂ ਦਾ ਰੋਜ਼ਾਨਾ ਦਾ ਖਰਚਾ ਕਾਫੀ ਵੱਧ ਗਿਆ ਹੈ, ਜਿਸ ਕਾਰਨ ਮੁਨਾਫਾ ਨਾਮ ਮਾਤਰ ਰਹਿ ਗਿਆ ਹੈ।
-ਹੋਸਟਲ ਮੈੱਸ ਦਾ ਹਾਲ
ਯੂਨੀਵਰਸਿਟੀ ਕੈਂਪਸ ਵਿਚ ਕੁੱਲ 14 ਮੈੱਸ ਹਨ, ਜਿਨ੍ਹਾਂ ਵਿੱਚੋਂ 7 ਲੜਕਿਆਂ ਦੇ ਹੋਸਟਲ ਵਿਚ ਹਨ। ਇਹ ਮੈੱਸ 'ਕੋ-ਆਪਰੇਟਿਵ ਸਿਸਟਮ' ਤਹਿਤ ਖੁਦ ਵਿਦਿਆਰਥੀਆਂ ਦੁਆਰਾ ਚਲਾਈਆਂ ਜਾਂਦੀਆਂ ਹਨ। ਦੂਜੇ ਪਾਸੇ, ਲੜਕੀਆਂ ਦੇ ਹੋਸਟਲ ਦੀਆਂ ਮੈੱਸ ਠੇਕੇਦਾਰਾਂ ਵੱਲੋਂ ਚਲਾਈਆਂ ਜਾ ਰਹੀਆਂ ਹਨ। ਗੈਸ ਦੀ ਘਾਟ ਕਾਰਨ ਇਨ੍ਹਾਂ ਸਾਰੀਆਂ ਥਾਵਾਂ 'ਤੇ ਖਾਣਾ ਬਣਾਉਣ ਦੀ ਪ੍ਰਕਿਰਿਆ ਪ੍ਰਭਾਵਿਤ ਹੋਈ ਹੈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਡੀਜ਼ਲ ਭੱਠੀਆਂ ਕਾਰਨ ਜਿੱਥੇ ਖਾਣਾ ਬਣਾਉਣ ਵਿੱਚ ਦੇਰੀ ਹੋ ਰਹੀ ਹੈ, ਉੱਥੇ ਹੀ ਕੈਂਪਸ ਵਿੱਚ ਪ੍ਰਦੂਸ਼ਣ ਅਤੇ ਗਰਮੀ ਵੀ ਵੱਧ ਰਹੀ ਹੈ।
-ਆਰਥਿਕ ਬੋਝ
ਕੰਟੀਨ ਅਤੇ ਮੈੱਸ ਸੰਚਾਲਕਾਂ ਨੇ ਚਿੰਤਾ ਪ੍ਰਗਟਾਈ ਹੈ ਕਿ ਜੇਕਰ ਸਿਲੰਡਰਾਂ ਦੀ ਸਪਲਾਈ ਜਲਦੀ ਬਹਾਲ ਨਾ ਹੋਈ ਤਾਂ ਉਨ੍ਹਾਂ ਲਈ ਕੰਮ ਜਾਰੀ ਰੱਖਣਾ ਮੁਸ਼ਕਲ ਹੋ ਜਾਵੇਗਾ। ਮਹਿੰਗੇ ਡੀਜ਼ਲ ਅਤੇ ਸਿਲੰਡਰਾਂ ਦੀ ਬਲੈਕ ਮਾਰਕੀਟਿੰਗ ਦੇ ਡਰ ਨੇ ਉਨ੍ਹਾਂ ਦੇ ਬਜਟ ਨੂੰ ਹਿਲਾ ਕੇ ਰੱਖ ਦਿੱਤਾ ਹੈ। ਯੂਨੀਵਰਸਿਟੀ ਪ੍ਰਸ਼ਾਸਨ ਲਈ ਵੀ ਇਹ ਇੱਕ ਚੁਣੌਤੀ ਬਣ ਗਈ ਹੈ ਕਿਉਂਕਿ ਹਜ਼ਾਰਾਂ ਵਿਦਿਆਰਥੀਆਂ ਦੀ ਖੁਰਾਕ ਸਿੱਧੇ ਤੌਰ 'ਤੇ ਇਨ੍ਹਾਂ ਮੈੱਸਾਂ 'ਤੇ ਨਿਰਭਰ ਕਰਦੀ ਹੈ।