ਪੰਜਾਬ ਦੇ ਨੌਜਵਾਨਾਂ ’ਚ ਖੇਡਾਂ ਲਈ ਬੇਅੰਤ ਹੁਨਰ ਮੌਜੂਦ : ਧਾਲੀਵਾਲ, ਕਾਹਲੋਂ
ਸਾਈਕਲਿੰਗ ਐਸੋਸੀਏਸ਼ਨ ਆਫ਼ ਪੰਜਾਬ ਵੱਲੋਂ ਸਾਈਕਲਿੰਗ ਖੇਡ ਦੇ ਵਿਕਾਸ ਲਈ ਵੱਡਾ ਕਦਮ
Publish Date: Wed, 20 May 2026 06:57 PM (IST)
Updated Date: Wed, 20 May 2026 06:58 PM (IST)

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ•, ਪਟਿਆਲਾ : ਪੰਜਾਬ ਵਿਚ ਸਾਈਕਲਿੰਗ ਖੇਡ ਨੂੰ ਹੋਰ ਮਜ਼ਬੂਤ ਅਤੇ ਵਿਸ਼ਵ ਪੱਧਰ ਤੇ ਮੁਕਾਬਲੇਯੋਗ ਬਣਾਉਣ ਦੇ ਉਦੇਸ਼ ਨਾਲ ਸਾਈਕਲਿੰਗ ਐਸੋਸੀਏਸ਼ਨ ਆਫ਼ ਪੰਜਾਬ ਦੇ ਪ੍ਰਧਾਨ ਚਰਨਜੀਤ ਸਿੰਘ ਧਾਲੀਵਾਲ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਵੱਲੋਂ ਨੇਤਾ ਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ (ਐਨ.ਆਈ.ਐਸ.), ਪਟਿਆਲਾ ਦੇ ਸੀਨੀਅਰ ਅਗਜ਼ੈਕਟਿਵ ਡਾਇਰੈਕਟਰ (ਈ.ਡੀ.) ਵਨੀਤ ਕੁਮਾਰ ਨਾਲ ਇੱਕ ਮਹੱਤਵਪੂਰਨ ਮੀਟਿੰਗ ਕੀਤੀ ਗਈ। ਇਸ ਮੌਕੇ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਐੱਸ.ਪੀ. ਸਿੰਘ, ਸੰਯੁਕਤ ਸਕੱਤਰ ਸੁਖਜਿੰਦਰ ਸਿੰਘ ਅਤੇ ਕੋਚ ਸੰਦੀਪ ਕੌਰ ਵੀ ਮੌਜੂਦ ਸਨ। ਇਸ ਉੱਚ ਪੱਧਰੀ ਮੀਟਿੰਗ ਦੌਰਾਨ ਸੂਬੇ ਵਿਚ ਸਾਈਕਲਿੰਗ ਖੇਡ ਦੇ ਵਿਸਥਾਰ ਲਈ ਰਣਨੀਤਿਕ ਯੋਜਨਾਵਾਂ ਤੇ ਗਹਿਰਾਈ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਖ਼ਾਸ ਤੌਰ ਤੇ ਨਵੇਂ ਆਧੁਨਿਕ ਵੈਲੋਡਰੋਮ (ਟਰੈਕ) ਬਣਾਉਣ, ਮੌਜੂਦਾ ਟਰੈਕਾਂ ਦੀ ਅਪਗ੍ਰੇਡੇਸ਼ਨ, ਅਤੇ ਖਿਡਾਰੀਆਂ ਲਈ ਵਿਸ਼ਵ-ਪੱਧਰੀ ਟ੍ਰੇਨਿੰਗ ਸਹੂਲਤਾਂ ਪ੍ਰਦਾਨ ਕਰਨ ਤੇ ਜ਼ੋਰ ਦਿੱਤਾ ਗਿਆ। ਪ੍ਰਧਾਨ ਚਰਨਜੀਤ ਸਿੰਘ ਧਾਲੀਵਾਲ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ’ਚ ਖੇਡਾਂ ਲਈ ਬੇਅੰਤ ਹੁਨਰ ਮੌਜੂਦ ਹੈ ਪਰ ਢਾਂਚਾਗਤ ਕਮੀ ਕਾਰਨ ਇਹ ਟੈਲੈਂਟ ਅਕਸਰ ਪੂਰੀ ਤਰ੍ਹਾਂ ਨਿਖਰਨ ਤੋਂ ਰਹਿ ਜਾਂਦਾ ਹੈ। ਮੀਟਿੰਗ ਦੌਰਾਨ ਇਹ ਵੀ ਸੁਝਾਅ ਦਿੱਤਾ ਗਿਆ ਕਿ ਸਕੂਲ ਅਤੇ ਕਾਲਜ ਪੱਧਰ ਤੇ ਸਾਈਕਲਿੰਗ ਨੂੰ ਪ੍ਰੋਤਸਾਹਿਤ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਸ਼ੁਰੂ ਕੀਤੇ ਜਾਣ ਅਤੇ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਸਿੱਖਿਆ ਸੰਸਥਾਵਾਂ ਨਾਲ ਜੋੜਿਆ ਜਾਵੇ। ਨਵੇਂ ਅਤੇ ਛੋਟੀ ਉਮਰ ਦੇ ਖਿਡਾਰੀਆਂ ਨੂੰ ਖੇਡ ਨਾਲ ਜੋੜਨ ਲਈ ‘ਪੇਅ ਐਂਡ ਪਲੇਅ’ ਸਕੀਮ ਨੂੰ ਬਹੁਤ ਹੀ ਲਾਭਦਾਇਕ ਕਰਾਰ ਦਿੱਤਾ ਗਿਆ। ਇਸ ਮੌਕੇ ਐਸੋਸੀਏਸ਼ਨ ਵੱਲੋਂ ਈ.ਡੀ. ਵਨੀਤ ਕੁਮਾਰ ਦਾ ਸਨਮਾਨ ਵੀ ਕੀਤਾ ਗਿਆ। ਵਨੀਤ ਕੁਮਾਰ ਨੇ ਐਸੋਸੀਏਸ਼ਨ ਦੇ ਉਪਰਾਲਿਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਐਨ.ਆਈ.ਐਸ. ਪਟਿਆਲਾ ਹਮੇਸ਼ਾ ਖੇਡਾਂ ਦੇ ਵਿਕਾਸ ਲਈ ਵਚਨਬੱਧ ਹੈ ਅਤੇ ਸਾਈਕਲਿੰਗ ਖੇਡ ਨੂੰ ਉੱਚਾਈਆਂ ਤੇ ਲਿਜਾਣ ਲਈ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਐਸੋਸੀਏਸ਼ਨ ਨੇ ਐਲਾਨ ਕੀਤਾ ਕਿ ਸੂਬਾ ਪੱਧਰੀ ਕੋਚਿੰਗ ਕੈਂਪ, ਟੈਲੇਂਟ ਹੰਟ ਪ੍ਰੋਗਰਾਮ, ਸਕੂਲ ਲੀਗ ਮੁਕਾਬਲੇ ਅਤੇ ਪਿੰਡ ਪੱਧਰ ਤੱਕ ਸਾਈਕਲਿੰਗ ਨੂੰ ਪ੍ਰਚਾਰਤ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ।