Crime News : ਦੁਬਈ ’ਚ ਕੁੜੀ ਨਾਲ ਜਬਰ-ਜਨਾਹ, ਸਕੇ ਭਰਾਵਾਂ ਖ਼ਿਲਾਫ਼ ਐੱਫਆਈਆਰ ਦਰਜ
ਸਿਟੀ ਪੁਲਿਸ ਇੰਚਾਰਜ ਸਬ-ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਸਮਾਣਾ ਦੀ ਰਹਿਣ ਵਾਲੀ ਪੀੜਤ ਕੁੜੀ ਵੱਲੋਂ ਮਾਣਯੋਗ ਅਦਾਲਤ ਵਿਚ ਦਰਜ ਕਰਵਾਏ ਬਿਆਨਾਂ ਅਨੁਸਾਰ ਪਰਿਵਾਰ ਸਮੇਤ ਦੇਸ਼ ਵਿਚ ਕਿਸੇ ਥਾਂ ਘੁੰਮਣ ਜਾਣ ਦੌਰਾਨ ਉਸ ਦੀ ਪਛਾਣ ਇਕ ਮੁਲਜ਼ਮ ਨਾਲ ਹੋਈ ਸੀ।
Publish Date: Sat, 21 Feb 2026 10:53 AM (IST)
Updated Date: Sat, 21 Feb 2026 10:55 AM (IST)
ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਘੁੰਮਣ-ਫਿਰਨ ਦੌਰਾਨ ਸੰਪਰਕ ਵਿਚ ਆਏ ਇਕ ਨੌਜਵਾਨ ਵੱਲੋਂ 21 ਸਾਲਾ ਕੁੜੀ ਨੂੰ ਸੈਰ-ਸਪਾਟੇ ਲਈ ਦੁਬਈ ਬੁਲਾ ਕੇ ਉੱਥੇ ਰਹਿਣ ਦੌਰਾਨ ਉਸ ਨਾਲ ਜਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਭਾਰਤ ਵਾਪਸ ਆਉਣ 'ਤੇ ਰੁਦਰਪੁਰ ਲੈ ਜਾ ਕੇ ਦੁਬਾਰਾ ਜਬਰ-ਜਨਾਹ ਕਰਨ ਦੇ ਦੋਸ਼ ਵਿਚ ਸਿਟੀ ਪੁਲਿਸ ਨੇ ਦੋ ਸਕੇ ਭਰਾਵਾਂ ਖ਼ਿਲਾਫ਼ ਜ਼ੀਰੋ ਐੱਫਆਈਆਰ ਦਰਜ ਕਰ ਕੇ ਮਾਮਲੇ ਦੀ ਅਗਲੇਰੀ ਜਾਂਚ ਅਤੇ ਕਾਰਵਾਈ ਲਈ ਕੇਸ ਰੁਦਰਪੁਰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਮੁਲਜ਼ਮਾਂ ਦੀ ਪਛਾਣ ਗੌਰਵ ਸਿੰਘ ਅਤੇ ਸਾਹਿਲ ਸਿੰਘ, ਪੁੱਤਰ ਸੇਵਾ ਸਿੰਘ, ਵਾਸੀ ਆਦਰਸ਼ ਕਾਲੋਨੀ, ਰੁਦਰਪੁਰ (ਉਤਰਾਖੰਡ) ਵਜੋਂ ਹੋਈ ਹੈ।
ਸਿਟੀ ਪੁਲਿਸ ਇੰਚਾਰਜ ਸਬ-ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਸਮਾਣਾ ਦੀ ਰਹਿਣ ਵਾਲੀ ਪੀੜਤ ਕੁੜੀ ਵੱਲੋਂ ਮਾਣਯੋਗ ਅਦਾਲਤ ਵਿਚ ਦਰਜ ਕਰਵਾਏ ਬਿਆਨਾਂ ਅਨੁਸਾਰ ਪਰਿਵਾਰ ਸਮੇਤ ਦੇਸ਼ ਵਿਚ ਕਿਸੇ ਥਾਂ ਘੁੰਮਣ ਜਾਣ ਦੌਰਾਨ ਉਸ ਦੀ ਪਛਾਣ ਇਕ ਮੁਲਜ਼ਮ ਨਾਲ ਹੋਈ ਸੀ। ਮੁਲਜ਼ਮ ਨੇ ਆਪਣੇ ਭਰਾ ਦਾ ਰੁਤਬਾ ਦਿਖਾ ਕੇ ਉਸ ਦਾ ਵਿਸ਼ਵਾਸ ਜਿੱਤ ਲਿਆ ਅਤੇ ਸੰਪਰਕ ਵਧਾ ਲਏ। ਇਸ ਤੋਂ ਬਾਅਦ ਮੁਲਜ਼ਮ ਨੇ ਉਸ ਨੂੰ ਘੁੰਮਣ ਲਈ ਦੁਬਈ ਬੁਲਾ ਲਿਆ, ਜਿੱਥੇ ਰਿਹਾਇਸ਼ ਦੌਰਾਨ ਉਸ ਨਾਲ ਜਬਰ-ਜਨਾਹ ਕੀਤਾ ਗਿਆ। ਪਰੇਸ਼ਾਨੀ ਦੀ ਹਾਲਤ ਵਿੱਚ ਭਾਰਤ ਵਾਪਸ ਆਈ ਅਤੇ ਕਿਸੇ ਹੋਰ ਸ਼ਹਿਰ ਵਿਚ ਪੜ੍ਹਾਈ ਕਰਨ ਗਈ, ਤਾਂ ਮੁਲਜ਼ਮਾਂ ਨੇ ਉਸ ਦਾ ਪਤਾ ਲਗਾ ਲਿਆ। ਉਹ ਉਸ ਨੂੰ ਧਮਕਾ ਕੇ ਰੁਦਰਪੁਰ ਲੈ ਗਏ, ਜਿੱਥੇ ਇਕ ਹਫ਼ਤੇ ਤੱਕ ਬੰਧਕ ਬਣਾ ਕੇ ਉਸ ਨਾਲ ਜਬਰ-ਜਨਾਹ ਕੀਤਾ ਗਿਆ। ਪੁਲਿਸ ਅਧਿਕਾਰੀ ਅਨੁਸਾਰ ਪੀੜਤ ਕੁੜੀ ਵੱਲੋਂ ਮੈਜਿਸਟਰੇਟ ਸਾਹਮਣੇ ਦਰਜ ਕਰਵਾਏ ਬਿਆਨਾਂ ਦੇ ਆਧਾਰ 'ਤੇ ਸਿਟੀ ਪੁਲਿਸ ਨੇ ਦੋਵਾਂ ਭਰਾਵਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਬਣਦੀ ਕਾਰਵਾਈ ਲਈ ਕੇਸ ਰੁਦਰਪੁਰ (ਉਤਰਾਖੰਡ) ਪੁਲਿਸ ਨੂੰ ਭੇਜ ਦਿੱਤਾ ਗਿਆ ਹੈ।